ਜ਼ਿਲਾ ਪ੍ਰਬੰਧਕੀ ਕੰਪਲੈਕਸ ਉਤੇ ਖਾਲਿਸਤਾਨ ਦਾ ਝੰਡਾ ਲਗਾਉਣ ਦੇ ਮਾਮਲੇ ਵਿੱਚ ਤਿੰਨਾਂ ਉਤੇ ਮਾਮਲਾ ਦਰਜ

Two terrorists arrested with weapons and ammunition

ਜ਼ਿਲਾ ਪ੍ਰਬੰਧਕੀ ਕੰਪਲੈਕਸ ਉਤੇ ਖਾਲਿਸਤਾਨ ਦਾ ਝੰਡਾ ਲਗਾਉਣ ਦੇ ਮਾਮਲੇ ਵਿੱਚ ਤਿੰਨਾਂ ਉਤੇ ਮਾਮਲਾ ਦਰਜ, 1 ਗ੍ਰਿਫ਼ਤਾਰ

ਮੋਗਾ, (ਸੱਚ ਕਹੂੰ ਨਿਊਜ਼) ਲੰਘੀ 14 ਅਗਸਤ ਨੂੰ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਥਿਤ ਤੌਰ ਉੱਤੇ ਖਾਲਿਸਤਾਨ ਦਾ ਝੰਡਾ ਲਗਾਉਣ ਦੇ ਮਾਮਲੇ ਵਿੱਚ ਜ਼ਿਲਾ ਪੁਲਿਸ ਮੋਗਾ ਨੇ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ, ਜਿਹਨਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ੍ਰ ਹਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲਾ ਮੋਗਾ ਦੇ ਪਿੰਡ ਸਾਧੂਵਾਲਾ ਵਾਸੀ ਅਕਾਸ਼ਦੀਪ ਸਿੰਘ ਉਰਫ਼ ਮੁੰਨਾ (19) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਹੋਰ ਦੋ ਮੁਲਜਮਾਂ ਵਿੱਚ ਜਿਲਾ ਮੋਗਾ ਦੇ ਪਿੰਡ ਰੌਲੀ ਵਾਸੀ ਜਸਪਾਲ ਸਿੰਘ ਉਰਫ਼ ਅੰਪਾ ਅਤੇ ਇੰਦਰਜੀਤ ਸਿੰਘ ਗਿੱਲ ਸ਼ਾਮਿਲ ਹਨ। ਸ੍ਰ ਗਿੱਲ ਨੇ ਦੱਸਿਆ ਕਿ ਮੁਲਜਮਾਂ ਨੇ ਖਾਲਿਸਤਾਨ ਪੱਖੀ ਜੱਥੇਬੰਦੀ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਉਸ ਬਿਆਨ ਤੋਂ ਬਾਅਦ ਇਹ ਕਾਰਾ ਕਰਨ ਦਾ ਮਨ ਬਣਾਇਆ ਜਿਸ ਵਿਚ ਉਸਨੇ ਸਰਕਾਰੀ ਇਮਾਰਤ ਉਤੇ ਝੰਡਾ ਲਗਾਉਣ ਉੱਤੇ 2500 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ।

ਇਸ ਤੋਂ ਪਹਿਲਾਂ ਮੁਲਜਮ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਵੱਲੋਂ 13 ਅਗਸਤ ਨੂੰ ਦੁਪਹਿਰ 1:30 ਵਜੇ ਇਸ ਜਗਾ ਦੀ ਰੇਕੀ ਕੀਤੀ ਗਈ ਸੀ। ਸ਼ਾਮ ਨੂੰ ਜਸਪਾਲ ਅਤੇ ਇੰਦਰਜੀਤ ਨੇ ਵਟਸਐੱਪ ਕਾਲ ਰਾਹੀਂ ਅਕਾਸ਼ਦੀਪ ਨੂੰ ਇਸ ਸਾਜਿਸ਼ ਬਾਰੇ ਦੱਸਿਆ ਸੀ। 14 ਅਗਸਤ ਨੂੰ ਇਹ ਤਿੰਨੇ ਸਵੇਰੇ 8:00 ਵਜੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ। ਜਸਪਾਲ ਅਤੇ ਇੰਦਰਜੀਤ ਨੇ ਨੈਸਲੇ ਦੇ ਗੇਟ ਉੱਤੇ ਅਕਾਸ਼ਦੀਪ ਨੂੰ ਉਤਾਰ ਕੇ ਉਸਨੂੰ ਝੰਡਾ ਲਗਾਉਣ ਦੀ ਵੀਡੀਉ ਰਿਕਾਰਡਿੰਗ ਕਰਨ ਲਈ ਕਿਹਾ।

ਸ੍ਰ ਗਿੱਲ ਨੇ ਦੱਸਿਆ ਕਿ ਜਸਪਾਲ ਅਤੇ ਇੰਦਰਜੀਤ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਉਪਰ ਜਾ ਕੇ ਝੰਡਾ ਲਗਾ ਦਿੱਤਾ ਅਤੇ ਵਾਪਸੀ ਵੇਲੇ ਪਹਿਲਾਂ ਹੀ ਝੁੱਲ ਰਹੇ ਰਾਸ਼ਟਰੀ ਤਿਰੰਗੇ ਨੂੰ ਨੁਕਸਾਨ ਪਹੁੰਚਾਇਆ ਅਤੇ ਨਾਲ ਹੀ ਪਿੰਡ ਰੌਲੀ ਵੱਲ ਨੂੰ ਲੈ ਗਏ। ਤਿੰਨੋਂ ਜਣੇ ਪਿੰਡ ਰੌਲੀ ਵਿਖੇ ਇਕੱਠੇ ਹੋਏ, ਜਿਸ ਉਪਰੰਤ ਅਕਾਸ਼ਦੀਪ ਨੇ ਵੀਡੀਉ ਜਸਪਾਲ ਨੂੰ ਭੇਜ ਦਿੱਤੀ। ਉਪਰੰਤ ਜਸਪਾਲ ਨੇ ਉਸ ਵੀਡੀਉ ਨੂੰ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਵੀਡੀਉ ਵਿੱਚ ਦੱਸੇ ਨੰਬਰ ਉਤੇ ਭੇਜ ਦਿੱਤਾ।

ਸ੍ਰ ਗਿੱਲ ਨੇ ਦੱਸਿਆ ਕਿ ਸੂਹ ਮਿਲਣ ਉਤੇ ਪੁਲਿਸ ਨੇ ਅਕਾਸ਼ਦੀਪ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਅਕਾਸ਼ਦੀਪ ਨੇ ਮੰਨਿਆ ਕਿ ਉਹ ਯੂ ਟਿਊਬ ਉਤੇ ਸਿੱਖਸ ਫਾਰ ਜਸਟਿਸ ਵੱਲੋਂ ਪਾਈਆਂ ਵੀਡੀਉਜ਼ ਤੋਂ ਪ੍ਰਭਾਵਿਤ ਹੋ ਕੇ ਰਾਤੋ ਰਾਤ ਅਮੀਰ ਹੋਣ ਲਈ ਗੁੰਮਰਾਹ ਹੋ ਗਏ ਸਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬਾਕੀ ਦੋ ਨੂੰ ਵੀ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ, ਜਿਹਨਾਂ ਨੂੰ ਵੀ ਜਲਦੀ ਹੀ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪਰਵੇਂਸ਼ਨ ਆਫ ਇੰਸਲਟ ਤੋਂ ਨੈਸ਼ਨਲ ਆਨਰ ਐਕਟ ਦੀਆਂ ਧਾਰਾਵਾਂ 115, 121, 121ਂ, 124 ਏ, 153ਏ, 153ਬੀ, 506 ਅਦ 2, ਆਈ ਟੀ ਐਕਟ ਦੀ ਧਾਰਾ 66 ਐੱਫ ਅਤੇ ਯੂ ਏ ਪੀ ਏ ਐਕਟ ਦੀ ਧਾਰਾ 10,11 ਅਤੇ 13 ਤਹਿਤ ਸਿਟੀ ਪੁਲਿਸ ਸਟੇਸ਼ਨ ਮੋਗਾ ਵਿਖੇ ਦਰਜ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.