ਸੁਪਰੀਮ ਕੋਰਟ ਦੇ ਫੈਸਲੇ ਅਤੇ ਸਮਝੌਤੇ ਨੂੰ ਲੈ ਕੇ ਹਰਿਆਣਾ ਨੇ ਰੱਖਿਆ ਪੱਖ
ਜਲਦ ਹੀ ਹੋਏਗੀ ਦੋਬਾਰਾ ਮੀਟਿੰਗ, 10-15 ਦਿਨਾਂ ਦਰਮਿਆਨ ਹੋ ਸਕਦੀ ਐ ਅਗਲੀ ਮੀਟਿੰਗ : ਸੇਖਾਵਤ
ਚੰਡੀਗੜ, (ਅਸ਼ਵਨੀ ਚਾਵਲਾ)। ਸਤਲੁਜ-ਯਮਨਾ ਲਿੰਕ ਨਹਿਰ (ਐਸਵਾਈਐਲ) ਦੇ ਪਾਣੀ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਆਪਣੇ ਸਟੈਂਡ ‘ਤੇ ਡਟ ਗਏ ਹਨ। ਹਰਿਆਣਾ ਅਤੇ ਪੰਜਾਬ ਪਾਣੀ ਦੀ ਇਸ ਜੰਗ ਨੂੰ ਲੈ ਕੇ ਨਾ ਸਿਰਫ਼ ਆਹਮੋ ਸਾਹਮਣੇ ਹੋਏ, ਸਗੋਂ ਪਾਣੀ ਬਾਰੇ ਗਰਮ ਗਰਮੀ ਵੀ ਹੋਈ ਹੈ। ਹਰਿਆਣਾ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਹੀ ਪਾਣੀ ਦੇ ਸਮਝੌਤੇ ਨੂੰ ਆਪਣਾ ਮੁੱਖ ਆਧਾਰ ਬਣਾਇਆ ਹੈ ਤੇ ਪੰਜਾਬ ਮੌਜੂਦਾ ਸਮੇਂ ਵਿੱਚ ਪਾਣੀ ਘੱਟ ਹੋਣ ਦਾ ਤਰਕ ਦੇ ਰਿਹਾ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦੋਵਾਂ ਮੁੱਖ ਮੰਤਰੀਆਂ ਦੀ ਗੱਲ ਨੂੰ ਸੁਣਨ ਤੋਂ ਬਾਅਦ ਇੱਕ ਹੋਰ ਮੀਟਿੰਗ ਰੱਖਣ ਦੀ ਗੱਲ ਆਖੀ ਹੈ,
ਕਿਉਂਕਿ ਅੱਜ ਦੀ ਮੀਟਿੰਗ ਵਿੱਚ ਸਿਰਫ਼ ਦੋਵਾਂ ਮੁੱਖ ਮੰਤਰੀਆਂ ਵਲੋਂ ਆਪਣਾ-ਆਪਣਾ ਪੱਖ ਰੱਖਿਆ ਗਿਆ ਹੈ, ਜਦੋਂ ਕਿ ਇਸ ਤੋਂ ਬਾਅਦ ਇਹ ਤੈਅ ਹੋਏਗਾ ਕਿ ਪਾਣੀ ਮਿਲੇਗਾ ਜਾਂ ਫਿਰ ਨਹੀਂ ਮਿਲੇਗਾ, ਜੇਕਰ ਪਾਣੀ ਮਿਲੇਗਾ ਤਾਂ ਕਿੰਨਾ ਮਿਲੇਗਾ। ਇਸ ਮੀਟਿੰਗ ਵਿੱਚ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਵੱਲੋਂ ਕੀ ਪੱਖ ਅਤੇ ਤਰਕ ਰੱਖਿਆ ਜਾਏਗਾ,ਇਸ ਸਬੰਧੀ ਪੰਜਾਬ ਅਤੇ ਹਰਿਆਣਾ ਨੂੰ ਅਗਲੀ ਮੀਟਿੰਗ ਤੱਕ ਇੰਤਜ਼ਾਰ ਕਰਨਾ ਪਏਗਾ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਐਸਵਾਈਐਲ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਇੱਕ ਮੀਟਿੰਗ ਰੱਖੀ ਗਈ ਸੀ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀਡੀਓ ਕਾਨਫਰੰਸ ਰਾਹੀਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਰੇ ਕਾਗ਼ਜ਼ਾਤ ਲੈ ਕੇ ਦਿੱਲੀ ਵਿਖੇ ਕੇਂਦਰੀ ਮੰਤਰੀ ਦੇ ਦਫ਼ਤਰ ਵਿੱਚ ਹੀ ਪੁੱਜ ਗਏ ਸਨ।
ਦੁਪਹਿਰ ਬਾਅਦ 3 ਵਜੇ ਮੀਟਿੰਗ ਦੀ ਸ਼ੁਰੂਆਤ ਹੋਣ ਤੋਂ ਬਾਅਦ ਲਗਭਗ 40 ਮਿੰਟ ਤੱਕ ਇਹ ਮੀਟਿੰਗ ਚਲੀ। ਮੀਟਿੰਗ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਆਪਣਾ ਪੂਰਾ ਪੱਖ ਰੱਖਿਆ ਗਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਵੀ ਕਈ ਤਰ੍ਹਾਂ ਦੇ ਤਰਕ ਦਿੱਤੇ ਗਏ। ਦੋਵਾਂ ਮੁੱਖ ਮੰਤਰੀਆਂ ਵਲੋਂ ਕੀਤੇ ਗਏ ਤਰਕ ਵਿਤਰਕ ਨੂੰ ਦੇਖਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਇੱਕ ਵਾਰ ਫਿਰ ਤੋਂ ਮੀਟਿੰਗ ਕਰਨ ਦੀ ਗੱਲ ਆਖਦੇ ਹੋਏ ਮੀਟਿੰਗ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਾਫ਼ੀ ਚੰਗੇ ਢੰਗ ਨਾਲ ਹੋਈ ਹੈ ਅਤੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਚੰਗੇ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੱਢਣ ਨੂੰ ਤੱਵਜੋਂ ਵੀ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਅਗਲੀ ਮੀਟਿੰਗ 10-15 ਦਿਨਾਂ ਵਿੱਚ ਮੁੜ ਤੋਂ ਕੀਤੀ ਜਾਏਗੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਇਸ ਮੀਟਿੰਗ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਜਾਏਗੀ।
ਸਹਿਮਤੀ ਬਣੇ ਜਾ ਫਿਰ ਨਹੀਂ ਬਣੇ, ਸੁਪਰੀਮ ਕੋਰਟ ‘ਚ ਰਖਾਂਗੇ ਗਲ : ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮੀਟਿੰਗ ਕਾਫ਼ੀ ਚੰਗੀ ਹੋਈ ਹੈ ਅਤੇ ਖੁੱਲ੍ਹੇ ਮਨ ਨਾਲ ਗੱਲਬਾਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸਹਿਮਤੀ ਬਣੇ ਜਾਂ ਫਿਰ ਨਾ ਬਣੇ, ਸਾਰਾ ਕੁਝ ਸੁਪਰੀਮ ਕੋਰਟ ਵਿੱਚ ਰੱਖਿਆ ਜਾਏਗਾ। ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਇਹ ਮਾਮਲਾ ਨਿਪਟਣ ਨਾਲ ਹਰਿਆਣਾ ਨੂੰ ਉਸ ਦੇ ਹੱਕ ਦਾ ਪਾਣੀ ਮਿਲ ਜਾਏਗਾ।
ਚੰਡੀਗੜ ‘ਚ ਮਨੋਹਰ ਲਾਲ ਖੱਟਰ ਨੂੰ ਮਿਲਣਗੇ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਹੈ ਅਤੇ ਉਹ ਕੋਰੋਨਾ ਕਰਕੇ ਦਿੱਲੀ ਨਹੀਂ ਜਾ ਸਕੇ, ਇਸ ਲਈ ਜਲਦ ਹੀ ਉਹ ਚੰਡੀਗੜ੍ਹ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਦੇ ਹੋਏ ਗੱਲਬਾਤ ਕਰਨਗੇ। ਇਸ ਤੋਂ ਬਾਅਦ ਇੱਕ ਫਿਰ ਤੋਂ ਦਿੱਲੀ ਵਿੱਚ ਮੀਟਿੰਗ ਕੀਤੀ ਜਾਏਗੀ। ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇਥੇ ਪਹਿਲਾਂ ਤੋਂ ਹੀ ਕਾਫ਼ੀ ਜਿਆਦਾ ਹਾਲਾਤ ਖ਼ਰਾਬ ਰਹਿੰਦੇ ਹਨ। ਜੇਕਰ ਹੁਣ ਪਾਣੀ ਵੀ ਦੇ ਦਿੱਤਾ ਗਿਆ ਤਾਂ ਪੰਜਾਬ ਵਿੱਚ ਹਾਲਾਤ ਹੋਰ ਜਿਆਦਾ ਖਰਾਬ ਹੋ ਜਾਣਗੇ। ਇਸ ਲਈ ਮੌਜੂਦਾ ਸਮੇਂ ਦੀ ਸਥਿਤੀ ਨੂੰ ਦੇਖਦੇ ਹੋਏ ਪਾਣੀ ਦੇ ਬਟਵਾਰੇ ਦੀ ਮੁੜ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.