kabaddi | ਕਬੱਡੀ ਦੀ ਬਦੌਲਤ ਦੁਨੀਆਂ ਭਰ ‘ਚ ਵੱਸਦੇ ਕਬੱਡੀ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਮੱਖਣ ਅਲੀ
ਦੁਆਬੇ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ ਦੋ + ਆਬ, ਮਤਲਬ ਇਹ ਦੋ ਪਾਣੀਆਂ ਦੀ ਧਰਤੀ ਤੋਂ ਮਿਲ ਕੇ ਬਣਿਆ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਜ਼ਿਲ੍ਹਿਆਂ ਵਾਲੀ ਇਸ ਧਰਤੀ ਨੂੰ ਪ੍ਰਦੇਸੀਆਂ ਦੇ ਇਲਾਕੇ ਵਜੋਂ ਵੀ ਜਾਣਿਆ ਜਾਂਦਾ ਹੈ।
ਦੁਆਬੇ ਦੇ ਰਾਜੇ-ਮਹਾਰਾਜਿਆਂ ਨਾਲ ਸਬੰਧਤ ਰਿਆਸਤੀ ਜ਼ਿਲ੍ਹਾ ਕਪੂਰਥਲਾ ਦੀਆਂ ਅਨੇਕਾਂ ਸ਼ਖ਼ਸੀਅਤਾਂ ਨੇ ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ (kabaddi) ਵਿੱਚ ਵਿਸ਼ੇਸ਼ ਮੁਕਾਮ ਹਾਸਲ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਨਾਂਅ ਮਸ਼ਹੂਰ ਬੁਲਾਰੇ ਮੱਖਣ ਅਲੀ ਦਾ ਵੀ ਬੜੇ ਅਦਬ ਨਾਲ ਲਿਆ ਜਾਂਦਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਪਿੰਡ ਬਲੇਰਖਾਨਪੁਰ ਵਿਖੇ ਸੰਨ 1975 ਦੇ ਅਪਰੈਲ ਮਹੀਨੇ ਦੀ 22 ਤਰੀਕ ਨੂੰ ਪਿਤਾ ਸਵ. ਨੂਰ ਮੁਹੰਮਦ ਦੇ ਗ੍ਰਹਿ ਵਿਖੇ ਮਾਤਾ ਬੀਰਾਂ ਬੇਗਮ ਦੀ ਕੁੱਖੋਂ ਜਨਮਿਆ ਮੱਖਣ ਅਲੀ ਕਬੱਡੀ ਨਾਲ ਜੁੜੇ ਹਰੇਕ ਸ਼ਖਸ ਦਾ ਅਜੀਜ਼ ਬਣ ਚੁੱਕਾ ਹੈ। ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਮੱਖਣ ਅਲੀ ਦਾ ਸਾਰਾ ਪਰਿਵਾਰ ਸਾਲ 1993 ਵਿੱਚ ਬਲੇਰਖਾਨਪੁਰ ਤੋਂ ਪੱਖੋਵਾਲ ਵਿਖੇ ਆ ਕੇ ਰਹਿਣ ਲੱਗ ਪਿਆ ਸੀ।
ਰਜਿਸਟਰ ‘ਚ ਨਾਂਅ ਮੁਹੰਮਦ ਕਾਸਿਮ ਲਿਖ ਦਿੱਤਾ
ਛੋਟੇ ਹੁੰਦਿਆਂ ਜਦੋਂ ਮੱਖਣ ਅਲੀ ਨੂੰ ਪੜ੍ਹਾਈ ਕਰਨ ਲਈ ਕਪੂਰਥਲਾ ਦੇ ਇੱਕ ਉਰਦੂ ਭਾਸ਼ਾ ਵਾਲੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਸਕੂਲ ਦੀ ਅਧਿਆਪਕਾ ਨੇ ਹਾਜ਼ਰੀ ਰਜਿਸਟਰ ‘ਚ ਉਸ ਦਾ ਨਾਂਅ ਮੁਹੰਮਦ ਕਾਸਿਮ ਲਿਖ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰਖਾਨਪੁਰ ਤੋਂ ਮੈਟ੍ਰਿਕ ਤੇ ਪ੍ਰਾਈਵੇਟ ਤੌਰ ‘ਤੇ ਬਾਰ੍ਹਵੀਂ ਪਾਸ ਕਰਨ ਉਪਰੰਤ ਉਰਦੂ ਭਾਸ਼ਾ ਦਾ ਗਿਆਨ ਪ੍ਰਾਪਤ ਕਰਨ ਵਾਲੇ ਮੱਖਣ ਅਲੀ ਦੇ ਨਤੀਜਾ ਕਾਰਡਾਂ ‘ਤੇ ਵੀ ਉਸਦਾ ਨਾਂ ਮੁਹੰਮਦ ਕਾਸਿਮ ਹੀ ਲਿਖਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਅੱਜ ਵੀ ਮੱਖਣ ਅਲੀ ਦਾ ਹਰ ਇੱਕ ਦਸਤਾਵੇਜ਼ ‘ਤੇ ਨਾਂਅ ਮੁਹੰਮਦ ਕਾਸਿਮ ਹੀ ਲਿਖਿਆ ਜਾਂਦਾ ਹੈ।
ਸੰਨ 1998 ਵਿੱਚ ਦੁੱਧ ਵੇਚਣ ਦਾ ਕੰਮ
ਪੜ੍ਹਾਈ ਤੋਂ ਤੁਰੰਤ ਬਾਅਦ ਆਪਣੇ ਪਰਿਵਾਰਕ ਕਿੱਤੇ ਨੂੰ ਅਪਣਾਉਂਦੇ ਹੋਏ ਮੱਖਣ ਅਲੀ ਨੇ ਵੀ ਸੰਨ 1998 ਵਿੱਚ ਦੁੱਧ ਵੇਚਣ ਦਾ ਕੰਮ ਸ਼ੁਰੂ ਕਰ ਲਿਆ। ਸਕੂਲੀ ਪੜ੍ਹਾਈ ਦੌਰਾਨ ਪਿੰਡ ਅਤੇ ਸਕੂਲ ਵਿੱਚ ਹੋਣ ਵਾਲੇ ਹਰ ਇੱਕ ਸੱਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਵਿੱਚ ਬਤੌਰ ਸਟੇਜ ਸਕੱਤਰ ਭੂਮਿਕਾ ਨਿਭਾਉਣ ਵਾਲੇ ਮੱਖਣ ਅਲੀ ਨੂੰ ਆਪਣੇ ਇਲਾਕੇ ਵਿੱਚ ਹੁੰਦੇ ਕਬੱਡੀ ਟੂਰਨਾਮੈਂਟਾਂ ਨੂੰ ਵੀ ਵੇਖਣ ਦਾ ਬਹੁਤ ਸ਼ੌਂਕ ਸੀ, ਇਸ ਲਈ ਉਹ ਜਲਦੀ-ਜਲਦੀ ਆਪਣਾ ਦੁੱਧ ਦਾ ਕੰਮ ਨਿਬੇੜ ਕੇ ਇਲਾਕੇ ਵਿੱਚ ਹੁੰਦੇ ਕਬੱਡੀ ਮੇਲਿਆਂ ਦਾ ਆਨੰਦ ਮਾਣਨ ਲਈ ਪਹੁੰਚ ਜਾਂਦਾ। ਖੇਡਾਂ ‘ਚ ਖ਼ਾਸ ਲਗਾਅ ਰੱਖਣ ਵਾਲੇ ਮੱਖਣ ਅਲੀ ਦੀ ਹੌਲੀ-ਹੌਲੀ ਕਬੱਡੀ ਨਾਲ ਜੁੜੇ ਖਿਡਾਰੀਆਂ, ਰੈਫਰੀਆਂ ਤੇ ਕੁਮੈਂਟੇਟਰਾਂ ਨਾਲ ਜਾਣ-ਪਹਿਚਾਣ ਹੋਣ ਲੱਗ ਪਈ।
ਸਟੇਜ ਸਕੱਤਰ ਦੀ ਗੈਰ-ਹਾਜ਼ਰੀ ਵਿੱਚ ਮੱਖਣ ਅਲੀ ਨੂੰ ਕੁਮੈਂਟੇਟਰ ਵਜੋਂ ਸਟੇਜ ਤੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ
ਪਹਿਲੀ ਵਾਰ ਮੱਖਣ ਅਲੀ ਨੇ ਸੰਨ 2002 ਵਿੱਚ ਨੇੜਲੇ ਪਿੰਡ ਔਜਲਾ (ਕਪੂਰਥਲਾ) ਦੇ ਖੇਡ ਮੇਲੇ ‘ਤੇ ਨਾਮਵਰ ਕੁਮੈਂਟੇਟਰ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਨੂੰ ਬੋਲਦਿਆਂ ਬੜੀ ਰੀਝ ਨਾਲ ਸੁਣਿਆ ਤਾਂ ਖੁਸ਼ ਹੋ ਕੇ ਪ੍ਰੋਫੈਸਰ ਸਾਹਿਬ ਨੂੰ ਸੌ ਰੁਪਏ ਦਾ ਮਾਣ ਦਿੱਤਾ, ਪਰ ਪ੍ਰੋਫੈਸਰ ਸਾਹਿਬ ਨੇ ਮੱਖਣ ਅਲੀ ਨੂੰ ਪਿਆਰ ਦੇ ਰੂਪ ਵਿੱਚ ਉਹੀ ਸੌ ਰੁਪਏ ਦਾ ਨੋਟ ਵਾਪਿਸ ਉਸ ਦੀ ਜੇਬ੍ਹ ਵਿੱਚ ਪਾ ਦਿੱਤਾ।
ਸਾਲ 2004 ‘ਚ ਪਿੰਡ ਭੰਡਾਲ ਦੋਨਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ‘ਤੇ ਸਟੇਜ ਸਕੱਤਰ ਦੀ ਗੈਰ-ਹਾਜ਼ਰੀ ਵਿੱਚ ਮੱਖਣ ਅਲੀ ਨੂੰ ਕੁਮੈਂਟੇਟਰ ਵਜੋਂ ਸਟੇਜ ਤੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਸਟੇਜ ਤੋਂ ਬੋਲੇ ਗਏ ਮੱਖਣ ਅਲੀ ਦੇ ਹਰ ਇੱਕ ਲਫ਼ਜ਼ ਨੂੰ ਉੱਥੇ ਪੁੱਜੇ ਹੋਏ ਦਰਸ਼ਕਾਂ ਨੇ ਅਥਾਹ ਪਿਆਰ ਦਿੱਤਾ। ਉਸੇ ਦਿਨ ਤੋਂ ਹੀ ਪ੍ਰੋਫੈਸਰ ਮੱਖਣ ਸਿੰਘ ਨੂੰ ਦਿਲੋਂ ਉਸਤਾਦ ਧਾਰਨ ਵਾਲੇ ਮੱਖਣ ਅਲੀ ਨੇ ਦੁੱਧ ਵੇਚਣ ਦਾ ਕੰਮ ਛੱਡ ਕੇ ਇਲਾਕੇ ਵਿੱਚ ਹੁੰਦੇ ਕਬੱਡੀ ਟੂਰਨਾਮੈਂਟਾਂ ‘ਚ ਆਪਣੇ ਬੋਲਾਂ ਦੀ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ।
ਖੇਡ ਮੇਲਿਆਂ ‘ਤੇ ਕੁਮੈਂਟਰੀ ਕਰਨ ਦਾ ਅਵਸਰ
ਵਰਣਨਯੋਗ ਹੈ ਕਿ ਮੱਖਣ ਅਲੀ ਕਬੱਡੀ (kabaddi) ਦਾ ਉਹ ਪਹਿਲਾ ਬੁਲਾਰਾ ਹੈ ਜਿਸ ਨੂੰ ਅਗਲੇ ਸਾਲ 2005 ਵਿੱਚ ਹੀ ਵਿਦੇਸ਼ੀ ਧਰਤੀ ਨਿਊਜ਼ੀਲੈਂਡ ਵਿੱਚ ਖੇਡ ਮੇਲਿਆਂ ‘ਤੇ ਕੁਮੈਂਟਰੀ ਕਰਨ ਦਾ ਅਵਸਰ ਪ੍ਰਾਪਤ ਹੋ ਗਿਆ। ਅਗਲੇ ਵਰ੍ਹੇ 2006 ਵਿੱਚ ਮੱਖਣ ਅਲੀ ਨੂੰ ਮੈਗਾ ਸਿਟੀ ਕਲੱਬ ਦੇ ਸੱਦੇ ‘ਤੇ ਕੈਨੇਡਾ ਦੇ ਕਬੱਡੀ ਮੇਲਿਆਂ ‘ਚ ਸ਼ਿਰਕਤ ਕਰਨ ਦਾ ਸੁਭਾਗ ਨਸੀਬ ਹੋ ਗਿਆ ਅਤੇ ਫਿਰ 2011 ਤੱਕ ਉਹ ਹਰ ਸਾਲ ਉਂਟਾਰੀਓ ਫੈਡਰੇਸ਼ਨ ਦੇ ਸੱਦੇ ‘ਤੇ ਕੈਨੇਡਾ ਦੇ ਵੱਖ-ਵੱਖ ਕਬੱਡੀ ਟੂਰਨਾਮੈਂਟਾਂ ਦਾ ਹਿੱਸਾ ਬਣਦਾ ਰਿਹਾ।
ਕਬੱਡੀ ਮੈਦਾਨਾਂ ਦਾ ਸ਼ਿੰਗਾਰ ਬਣਿਆ ਰਹੇ ਮੱਖਣ ਅਲੀ
ਆਪਣੇ ਪੰਦਰਾਂ ਸਾਲਾਂ ਦੇ ਕੁਮੈਂਟਰੀ ਸਫ਼ਰ ਦੌਰਾਨ ਖੂਬਸੂਰਤ ਬੋਲਾਂ ਦਾ ਵਣਜਾਰਾ ਮੱਖਣ ਅਲੀ ਪੰਜਾਬ ਦੀ ਸਰਜ਼ਮੀਂ ‘ਤੇ ਕਰਵਾਏ ਗਏ ਵਿਸ਼ਵ ਕੱਪ 2011, 2012, 2013 ਅਤੇ 2014 ਵਿੱਚ ਪੀਟੀਸੀ ਚੈਨਲ ਦੇ ਮਾਧਿਅਮ ਰਾਹੀਂ (kabaddi) ਖੇਡ ਜਗਤ ‘ਚ ਧੁੰਮਾਂ ਪਾਉਣ ਤੋਂ ਇਲਾਵਾ ਕੈਨੇਡਾ, ਅਮਰੀਕਾ, ਅਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਜਰਮਨ, ਬੈਲਜ਼ੀਅਮ, ਫਰਾਂਸ, ਸਪੇਨ, ਹਾਲੈਂਡ, ਨਾਰਵੇ, ਆਸਟਰੀਆ ਤੇ ਹੋਰ ਵੀ ਅਨੇਕਾਂ ਵਿਦੇਸ਼ੀ ਥਾਵਾਂ ‘ਤੇ 50 ਦੇ ਕਰੀਬ ਟੂਰ ਲਾ ਚੁੱਕਾ ਹੈ।
ਹਰ ਇੱਕ ਸ਼ਖ਼ਸੀਅਤ ਨੂੰ ਦਿਲੋਂ ਸਤਿਕਾਰ ਦੇਣ ਵਾਲਾ ਅਤੇ (kabaddi) ਕਬੱਡੀ ਦੀ ਬਦੌਲਤ ਦੁਨੀਆਂ ਭਰ ‘ਚ ਵੱਸਦੇ ਕਬੱਡੀ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਮੱਖਣ ਅਲੀ ਹੁਣ ਤੱਕ ਇੱਕ ਸਕਾਰਪੀਓ ਅਤੇ ਇੱਕ ਸਵਿਫਟ ਕਾਰ, ਚਾਰ ਬੁਲਟ, 10 ਮੋਟਰਸਾਈਕਲ, ਅਣਗਿਣਤ ਵਾਰ ਸੋਨੇ ਦੇ ਖੰਡੇ, ਚੈਨੀਆਂ, ਮੁੰਦੀਆਂ ਨਕਦ ਰਾਸ਼ੀ ਨਾਲ ਦੇਸ਼-ਵਿਦੇਸ਼ ‘ਚ ਹੁੰਦੇ ਟੂਰਨਾਮੈਂਟਾਂ ‘ਤੇ ਸਨਮਾਨਿਆ ਗਿਆ ਹੈ। ਅੱਲ੍ਹਾ-ਤਾਲਾ ਦਾ ਹਰ ਪਲ ਸ਼ੁਕਰਗੁਜ਼ਾਰ ਰਹਿਣ ਵਾਲੇ ਮੱਖਣ ਅਲੀ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਹਮਸਫ਼ਰ ਬੀਬੀ ਰੇਸ਼ਮਾ, ਬੇਟੀ ਰੇਜੀਨਾ ਬਾਨੋ, ਬੇਟੇ ਸ਼ੌਕਤ ਅਲੀ (ਕੈਨੇਡਾ) ਅਤੇ ਸ਼ਰਾਫਤ ਅਲੀ (ਕੈਨੇਡਾ) ਬਹੁਤ ਸੁਖਦ ਜੀਵਨ ਬਤੀਤ ਕਰ ਰਹੇ ਹਨ। ਸਾਡੀ ਪਰਮਾਤਮਾ ਅੱਗੇ ਦੁਆ ਹੈ ਕਿ ਮਿਲਣਸਾਰ ਅਤੇ ਨਿੱਘੇ ਸੁਭਾਅ ਦਾ ਮਾਲਕ ਮੱਖਣ ਅਲੀ (ਮੁਹੰਮਦ ਕਾਸਿਮ) ਅਜੇ ਕਈ ਦਹਾਕੇ ਕਬੱਡੀ ਮੈਦਾਨਾਂ ਦਾ ਸ਼ਿੰਗਾਰ ਬਣਿਆ ਰਹੇ। ਆਮੀਨ!
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ੍ਹ’
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ