ਵਿਧਾਨਸਭਾ ‘ਚ ਲੱਗਿਆ 500 ਸੁਆਲਾਂ ਦਾ ਢੇਰ, ਮਿਲ ਸਕਣਗੇ ਸਿਰਫ਼ 40 ਸੁਆਲਾਂ ਦੇ ਹੀ ਜੁਆਬ

Vidhan Sabha

ਅੱਜ ਤੋਂ ਬਾਅਦ ਲੱਗਣਗੇ ਵਾਲੇ ਸੁਆਲ ਦੇ ਨਹੀਂ ਮਿਲ ਸਕਣਗੇ ਜੁਆਬ, 15 ਦਿਨ ਦਾ ਸਮਾਂ ਜਰੂਰੀ

ਆਮ ਆਦਮੀ ਪਾਰਟੀ ਵਲੋਂ ਰੋਜ਼ਾਨਾ ਹੀ ਭੇਜੇ ਜਾ ਰਹੇ ਸਨ ਸੁਆਲ ਤਾਂ ਅਕਾਲੀ ਦਲ ਵੀ ਪਿੱਛੇ ਨਹੀਂ

ਚੰਡੀਗੜ, (ਅਸ਼ਵਨੀ ਚਾਵਲਾ)। ਅਗਸਤ ਦੇ ਅੰਤ ਤੱਕ ਹੋਣ ਜਾ ਰਹੇ ਮਾਨਸੂਨ ਇਜਲਾਸ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਅੰਦਰ ਵਿਧਾਇਕਾਂ ਦੇ ਸੁਆਲਾਂ ਦਾ ਢੇਰ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਸਮੇਂ ਤੱਕ ਪੰਜਾਬ ਵਿਧਾਨ ਸਭਾ ਵਿੱਚ 500 ਤੋਂ ਜਿਆਦਾ ਸੁਆਲ ਪੁੱਜ ਚੁੱਕੇ ਹਨ ਪਰ ਇਨ੍ਹਾਂ 500 ਸੁਆਲਾਂ ਦੇ ਜੁਆਬ ਮਿਲਣੇ ਬਹੁਤ ਹੀ ਮੁਸ਼ਕਿਲ ਹਨ, ਕਿਉਂਕਿ 40 ਤੋਂ ਜਿਆਦਾ ਸਟਾਰ ਸੁਆਲਾਂ ਦੇ ਹੀ ਜੁਆਬ ਇਸ ਦੋ ਰੋਜ਼ਾਂ ਵਿਧਾਨ ਸਭਾ ਸੈਸ਼ਨ ਵਿੱਚ ਮਿਲ ਸਕਣਗੇ।

ਹਾਲਾਂਕਿ ਵਿਧਾਨ ਸਭਾ ਸੈਸ਼ਨ ਦੀਆਂ ਬੈਠਕਾਂ ਦੀ ਗਿਣਤੀ ਪੰਜਾਬ ਸਰਕਾਰ ਦੀ ਕੈਬਨਿਟ ਅਤੇ ਕਾਰਜ ਸਲਾਹਕਾਰ ਕਮੇਟੀ ਹੀ ਤੈਅ ਕਰਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਮਾਨਸੂਨ ਸੈਸ਼ਨ 2 ਦਿਨਾਂ ਤੋਂ ਜਿਆਦਾ ਨਹੀਂ ਚੱਲਣ ਵਾਲਾ, ਜਿਸ ਪਿੱਛੇ ਕੋਰੋਨਾ ਵੀ ਇੱਕ ਵੱਡਾ ਕਾਰਨ ਹੈ।  ਵਿਧਾਨ ਸਭਾ ਦੇ ਇਸ ਇਜਲਾਸ ਵਿੱਚ ਵਿਧਾਇਕਾਂ ਨੂੰ ਕੋਈ ਜਿਆਦਾ ਸੁਆਲਾਂ ਦੇ ਜੁਆਬ ਨਹੀਂ ਮਿਲਣਗੇ।

ਇਸ ਮਾਨਸੂਨ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ‘ਤੇ ਕਾਂਗਰਸ ਸਰਕਾਰ ਨੂੰ ਘੇਰਨ ਲਈ ਸੁਆਲ ਲਗਾਏ ਜਾ ਰਹੇ ਹਨ, ਜਿਸ ਵਿੱਚ ਵਿਧਾਇਕਾਂ ਦੇ ਆਪਣੇ ਨਿੱਜੀ ਹਲਕੇ ਦੇ ਨਾਲ ਹੀ ਪੰਜਾਬ ਦੇ ਵੱਡੇ ਮਸਲੇ ਵੀ ਸ਼ਾਮਲ ਹਨ। ਇਜਲਾਸ ਦੌਰਾਨ ਲੱਗ ਰਹੇ ਸੁਆਲਾਂ ਦੇ ਢੇਰ ਵਿੱਚ ਆਮ ਆਦਮੀ ਪਾਰਟੀ ਦਾ ਜਿਆਦਾ ਅਹਿਮ ਰੋਲ ਹੈ ਤੇ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਪੱਛੜਦਾ ਨਜ਼ਰ ਨਹੀਂ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਵੱਡੇ ਪੱਧਰ ‘ਤੇ ਸੁਆਲ ਪੰਜਾਬ ਵਿਧਾਨ ਸਭਾ ਵਿੱਚ ਭੇਜੇ ਜਾ ਰਹੇ ਹਨ।

ਪੰਜਾਬ ਵਿਧਾਨ ਸਭਾ ਵਿੱਚ ਭੇਜੇ ਜਾ ਰਹੇ ਸੁਆਲਾਂ ਲਈ ਇਜਲਾਸ ਦੀ ਆਖਰੀ ਬੈਠਕ ਤੋਂ ਪਹਿਲਾਂ 15 ਦਿਨ ਦਾ ਸਮਾਂ ਹੋਣਾ ਚਾਹੀਦਾ ਹੈ। ਆਖਰੀ ਬੈਠਕ ਤੋਂ 15 ਦਿਨ ਪਹਿਲਾਂ ਤੱਕ ਪੁੱਜੇ ਸੁਆਲਾਂ ਨੂੰ ਹੀ ਜੁਆਬ ਦੇਣ ਦੇ ਘੇਰੇ ਵਿੱਚ ਲਿਆ ਜਾਂਦਾ ਹੈ, ਇਸ ਤੋਂ ਬਾਅਦ ਦੇ ਕਿਸੇ ਵੀ ਸੁਆਲ ਦਾ ਜੁਆਬ ਦੇਣਾ ਵੀ ਜਰੂਰੀ ਨਹੀਂ ਸਮਝਿਆ ਜਾਂਦਾ ਹੈ।

Punjab Vidhan Sabha

ਦੱਸਿਆ ਜਾ ਰਿਹਾ ਹੈ ਕਿ 330 ਦੇ ਜਿਆਦਾ ਸਟਾਰ ਅਤੇ 170 ਦੇ ਕਰੀਬ ਅਨਸਟਾਰ ਸੁਆਲ ਪੰਜਾਬ ਵਿਧਾਨ ਸਭਾ ਵਿੱਚ ਪੁੱਜ ਗਏ ਹਨ ਅਤੇ ਅੱਜ ਸ਼ੁੱਕਰਵਾਰ ਨੂੰ ਵੀ ਵੱਡੇ ਪੱਧਰ ‘ਤੇ ਵਿਧਾਇਕ ਆਪਣੇ ਸੁਆਲ ਲਗਾਉਣ ਲਈ ਵਿਧਾਨ ਸਭਾ ਵਿੱਚ ਪੁੱਜ ਰਹੇ ਹਨ। ਜਿਸ ਕਾਰਨ ਅਗਲੇ 1-2 ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਹੋਰ ਸੁਆਲ ਪੰਜਾਬ ਵਿਧਾਨ ਸਭਾ ਵਿੱਚ ਪੁੱਜਣ ਵਾਲੇ ਹਨ।ਹਰ ਵਿਧਾਨ ਸਭਾ ਸੈਸ਼ਨ ਦੀ ਬੈਠਕ ਵਿੱਚ ਸਿਰਫ਼ 20 ਸਟਾਰ ਸੁਆਲ ਹੀ ਲਗ ਸਕਦੇ ਹਨ, ਇਸ ਲਈ 2 ਬੈਠਕਾਂ ਹੋਈਆ ਤਾਂ 40 ਸੁਆਲ ਹੀ ਲਗ ਸਕਣਗੇ। ਜਿਨਾਂ ਦੇ ਜੁਆਬ ਵਿੱਚ ਵਿਧਾਇਕਾਂ ਵਲੋਂ ਸਪਲੀਮੈਂਟਰੀ ਸੁਆਲ ਵੀ ਕੀਤੇ ਜਾ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ