1979 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਬਾਦਲ ਸਰਕਾਰ ਵਿੱਚ ਰਹੇ ਹਨ ਸਲਾਹਕਾਰ
ਚੰਡੀਗੜ, (ਅਸ਼ਵਨੀ ਚਾਵਲਾ)। ਪਰਕਾਸ਼ ਸਿੰਘ ਬਾਦਲ ਦੇ ਸਾਰੀਆਂ ਤੋਂ ਕਰੀਬੀ ਅਤੇ ਭਰੋਸ਼ੇਮੰਦ ਮੰਨੇ ਜਾਣ ਵਾਲੇ ਹਰਚਰਨ ਸਿੰਘ ਬੈਂਸ ਹੁਣ ਤੋਂ ਬਾਅਦ ਸੁਖਬੀਰ ਬਾਦਲ ਦੀ ਖਿਦਮਤਗਾਰੀ ਕਰਨਗੇ। ਉਹ ਨੂੰ ਸੁਖਬੀਰ ਬਾਦਲ ਨੇ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ ਅਤੇ ਹੁਣ ਤੋਂ ਬਾਅਦ ਉਹ ਸੁਖਬੀਰ ਬਾਦਲ ਲਈ ਰਣਨੀਤੀਆਂ ਖੜਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਹਰਚਰਨ ਸਿੰਘ ਬੈਂਸ ਪਿਛਲੇ 5 ਦਹਾਕੇ ਤੋਂ ਪਰਕਾਸ਼ ਸਿੰਘ ਬਾਦਲ ਨਾਲ ਰਹਿੰਦੇ ਹੋਏ ਪਰਕਾਸ਼ ਸਿੰਘ ਬਾਦਲ ਦੀ ਸਿਆਸੀ ਰਣਨੀਤੀ ਬਣਾਉਂਦੇ ਆ ਰਹੇ ਹਨ।
ਪਿਛਲੇ 4 ਸਾਲਾਂ ਤੋਂ ਪਰਕਾਸ਼ ਸਿੰਘ ਬਾਦਲ ਸਰਗਰਮ ਸਿਆਸਤ ਤੋਂ ਬਾਹਰ ਹਨ ਤਾਂ ਹਰਚਰਨ ਬੈਂਸ ਕੋਲ ਵੀ ਕੋਈ ਜਿਆਦਾ ਕਰਨ ਨੂੰ ਕੰਮ ਨਹੀਂ ਸੀ। ਹਾਲਾਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ ਪਰ ਪਿਛਲੇ 4 ਸਾਲਾਂ ਤੋਂ ਉਹ ਆਪਣੀ ਰੁਟੀਨ ਤੋਂ ਹੱਟ ਕੇ ਹੀ ਕੰਮ ਕਰ ਰਹੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਰਣਨੀਤੀ ਬਣਾਉਣ ਲਈ ਉਨਾਂ ਦਾ ਜਿਆਦਾ ਯੋਗਦਾਨ ਨਹੀਂ ਲਿਆ ਜਾ ਰਿਹਾ ਸੀ। ਹੁਣ ਉਨਾਂ ਦੀ ਸੇਵਾਵਾਂ ਲੈਣ ਲਈ ਉਹ ਸੁਖਬੀਰ ਬਾਦਲ ਨੇ ਇਹ ਨਿਯੁਕਤੀ ਦੇ ਦਿੱਤੀ ਹੈ।
ਹਰਚਰਨ ਬੈਂਸ ਪੱਤਰਕਾਰੀ ਅਤੇ ਲੇਖਣੀ ਦੇ ਖੇਤਰ ਵਿੱਚ ਸ਼ੁਰੂ ਤੋਂ ਹੀ ਸਰਗਰਮ ਰਹਿਣ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਹਰ ਭਾਸ਼ਨ ਨੂੰ ਖ਼ੁਦ ਹੀ ਤਿਆਰ ਕਰਦੇ ਸਨ। ਪਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਅੰਦਰ ਕੋਈ ਬਿਆਨ ਦੇਣਾ ਹੋਵੇ ਜਾਂ ਫਿਰ ਵਿਧਾਨ ਸਭਾ ਦੇ ਬਾਹਰ ਬਿਆਨ ਰਾਹੀਂ ਵਿਰੋਧੀ ਧਿਰਾਂ ਨੂੰ ਘੇਰਨਾ ਹੋਵੇ ਤਾਂ ਹਰਚਰਨ ਬੈਂਸ ਹੀ ਸ਼ੁਰੂ ਤੋਂ ਮੁੱਖ ਭੂਮਿਕਾ ਵਿੱਚ ਹੁਣ ਤੱਕ ਨਜ਼ਰ ਆਏ ਹਨ। ਹਰਚਰਨ ਬੈਂਸ ਲਗਾਤਾਰ ਪਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਤੋਂ ਲੈ ਕੇ ਸਿਆਸੀ ਸਲਾਹਕਾਰ ਤੱਕ ਦੀ ਭੂਮਿਕਾ ਵਿੱਚ ਰਹਿ ਚੁੱਕੇ ਹਨ।
1979 ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਜੁੜਦੇ ਹੋਏ ਹਰਚਰਨ ਸਿੰਘ ਬੈਂਸ ਨੇ ਕੰਮ ਕੀਤਾ ਹੈ ਅਤੇ ਪਿਛਲੇ ਕੁਝ ਸਮੇਂ ਉਨਾਂ ਦੀ ਜਿਆਦਾ ਸਰਗਰਮੀ ਵੀ ਦਿਖਾਈ ਨਹੀਂ ਦੇ ਰਹੀ ਸੀ ਪਰ ਹੁਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਰਚਰਨ ਬੈਂਸ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਨਜ਼ਰ ਆਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ