ਠੇਕਿਆਂ ‘ਤੇ ਬੇਖੌਫ਼ ਵੇਚੀ ਜਾ ਰਹੀ ਹੈ ਮਿਆਦ ਪੁਗਾ ਚੁੱਕੀ ਸ਼ਰਾਬ
ਬਰਨਾਲਾ, (ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ/ਸੱਚ ਕਹੂੰ ਨਿਊਜ਼) ਬਰਨਾਲਾ ਸ਼ਹਿਰ ‘ਚ ਸ਼ਰਾਬ ਦੇ ਠੇਕੇਦਾਰਾਂ ਦੁਆਰਾ ਸ਼ਰੇਆਮ ਮਿਆਦ ਪੁਗਾ ਚੁੱਕੀ ਸ਼ਰਾਬ ਵੇਚ ਕੇ ਕਰ ਤੇ ਆਬਕਾਰੀ ਵਿਭਾਗ ਦੇ ਨਿਯਮਾਂ ਦੀਆਂ ਧੱਜ਼ੀਆਂ ਉਡਾਈਆਂ ਜਾ ਰਹੀਆਂ ਹਨ। ਜਿਸ ‘ਚ ਵਿਭਾਗੀ ਤੇ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਮਾਝੇ ਇਲਾਕੇ ਦੀ ਤਰਜ਼ ‘ਤੇ ਵਾਪਰਨ ਵਾਲੇ ਇੱਕ ਹੋਰ ਕਾਂਡ ਦਾ ਇੰਤਜ਼ਾਰ ਕਰਦੇ ਜਾਪ ਰਹੇ ਹਨ। ਬੇਸ਼ੱਕ ਮਾਝੇ ਇਲਾਕੇ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਜ਼ਿਲ੍ਹਾ ਬਰਨਾਲਾ ‘ਚ ਸਬੰਧਿਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਪੀਣ ਵਾਲਿਆਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।
ਮਾਮਲੇ ਸਬੰਧੀ ਪੱਖ ਲੈਣ ਲਈ ਜਦ ਸਬੰਧਿਤ ਵਿਭਾਗੀ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਪਹਿਲਾਂ ਉਨ੍ਹਾਂ ਮਾਮਲੇ ਦੀ ਸੰਖੇਪ ਜਾਣਕਾਰੀ ਮੰਗੀ ਤੇ ਅੱਗੋਂ ਕੱਲ ਆਉਣ ਦੀ ਗੱਲ ਆਖੀ ਗਈ। ਅਗਲੇ ਦਿਨ ਫ਼ਿਰ ਪੱਖ ਲੈਣ ਲਈ ਸੰਪਰਕ ਕੀਤਾ ਗਿਆ ਤਾਂ ਵਿਭਾਗੀ ਅਧਿਕਾਰੀ ਦਾ ਫੋਨ ਕੱਟਦਿਆਂ ਹੀ ਸਬੰਧਿਤ ਠੇਕੇ ਦੇ ਠੇਕੇਦਾਰ ਦਾ ਫੋਨ ਆ ਗਿਆ।
ਜਿਕਰਯੋਗ ਹੈ ਕਿ ਮਾਮਲੇ ਸਬੰਧੀ ਪਹਿਲਾਂ ਤਾਂ ਕੋਈ ਵੀ ਸਬੰਧਿਤ ਵਿਭਾਗ ਦਾ ਅਧਿਕਾਰੀ ਪੱਖ ਦੇਣ ਨੂੰ ਤਿਆਰ ਨਹੀ ਸੀ ਪ੍ਰੰਤੂ ਡੀਸੀ ਤੇ ਏਡੀਸੀ ਦਫ਼ਤਰ ਵੱਲੋਂ ਕੀਤੀ ਹਦਾਇਤ ‘ਤੇ ਉਕਤ ਅਧਿਕਾਰੀਆਂ ਨੇ ਪੱਖ ਦੇਣ ਦੀ ਰਜ਼ਾਮੰਦੀ ਦਿੱਤੀ। ਮਾਮਲੇ ਸਬੰਧੀ ਪੱਖ ਜਾਣਨ ਲਈ ਠੇਕੇਦਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮਿਆਦ ਪੁਗਾ ਚੁੱਕੀ ਸ਼ਰਾਬ ਹੋਣ ਦੀ ਗੱਲ ਮੰਨੀ ਤੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਵਸਨੀਕ ਰਾਜ ਵਿੰਦਰ ਸਿੰਘ ਨੇ ਦੱਸਿਆ ਉਸ ਨੇ ਸ਼ਹਿਰ ‘ਚ ਸ਼ਰਾਬ ਦੇ ਵੱਖ-ਵੱਖ ਠੇਕਿਆਂ ਤੋਂ ਸ਼ਰਾਬ ਖ਼ਰੀਦੀ ਪਰ ਬੋਤਲਾਂ ‘ਤੇ ਲੇਬਲ ਪਾੜੇ ਹੋਏ ਸਨ ਉਨ੍ਹਾਂ ਇਹ ਵੀ ਦੱਸਿਆ ਕਿ ਕਰਿੰਦੇ ਇੰਨੇ ਕੁ ਬੇਖ਼ੌਫ ਹਨ ਕਿ ਮਿਆਦ ਪੁਗਾ ਚੁੱਕੀ ਸ਼ਰਾਬ ਵੇਚਣ ਮੌਕੇ ‘ਅੱਗੇ ਤੋਂ ਹੀ ਆਈ ਹੈ ਤੇ ਸਭ ਠੇਕੇਦਾਰ ਦੇ ਧਿਆਨ ‘ਚ ਹੀ ਹੈ’ ਕਹਿ ਕੇ ਮਾਮਲੇ ਤੋਂ ਆਪਣਾ ਪੱਲਾ ਝਾੜ ਰਹੇ ਹਨ।
ਪੜਤਾਲ ‘ਚ ਦੋਸੀ ਪਾਏ ਵਿਅਕਤੀ ਬਖ਼ਸੇ ਨਹੀਂ ਜਾਣਗੇ : ਏਡੀਸੀ
ਏਡੀਸੀ (ਜ) ਅਦਿੱਤਿਆ ਡੇਚਲਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੁਹਾਡੇ ਦੱਸਣ ਮੁਤਾਬਿਕ ਹੀ ਸ਼ਹਿਰ ‘ਚ ਮਿਆਦ ਪੁਗਾ ਚੁੱਕੀ ਸ਼ਰਾਬ ਵਿਕਣ ਦਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਇਆ ਹੈ। ਜਿਸ ਦੀ ਪੜਤਾਲ ਕਰਵਾਈ ਜਾਵੇਗੀ ਤੇ ਦੋਸੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀ ਜਾਵੇਗਾ।
ਹੋਰ ਵੀ ਕੋਈ ਤਰੁੱਟੀ ਹੋਵੇ ਤਾਂ ਕਰੋ ਚਲਾਣ : ਮਹਿਤਾ
ਕਰ ਤੇ ਆਬਕਾਰੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਚੰਦਰ ਮਹਿਤਾ ਨੇ ਸੰਪਰਕ ਕਰਨ ‘ਤੇ ਕਿਹਾ ਕਿ ਕੱਲ੍ਹ ਹੀ ਤੁਹਾਡੇ ਦੱਸਣ ‘ਤੇ ਇੰਸਪੈਕਟਰਾਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਕਿ ਸਾਰੇ ਠੇਕਿਆਂ ‘ਤੇ ਕੋਈ ਵੀ ਬੀਅਰ ਐਕਸਪਾਇਰ ਹੋਈ ਹੈ ਜਾਂ ਜਿਨ੍ਹਾਂ ਬੋਤਲਾਂ ‘ਤੇ ਲੈਵਲ ਨਹੀਂ ਹੈ, ਨੂੰ ਵੀ ਕਬਜੇ ‘ਚ ਲੈ ਲਿਆ ਜਾਵੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਇੱਕ ਕੰਪਨੀ ਦੀ ਸ਼ਰਾਬ ਦੀਆਂ ਬੋਤਲਾਂ ਤਾਂ ਐਕਸਪਾਇਰ ਹੋਈਆਂ ਹੀ ਹਨ ਇਸ ਤੋਂ ਇਲਾਵਾ ਹੋਰ ਵੀ ਕੋਈ ਤਰੁੱਟੀ ਮਿਲਦੀ ਹੈ ਤਾਂ ਸਬੰਧਿਤ ਠੇਕੇਦਾਰ ਦਾ ਚਲਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਮਹੀਨੇ ਇੰਸਪੈਕਟਰਾਂ ਨੇ ਦੋ ਵਾਰ ਠੇਕਾ ਚੈੱਕ ਕਰਨਾ ਹੁੰਦਾ ਹੈ। ਫਿਰ ਵੀ ਪੜਤਾਲ ਕਰਵਾਈ ਜਾਵੇਗੀ ਤੇ ਦੋਸੀ ਪਾਏ ਜਾਣ ਵਾਲੇ ਵਿਅਕਤੀਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਖ਼ਬਰ ਰੋਕਣ ਲਈ ਕੀਤਾ ਫੋਨ
ਮਾਮਲੇ ਦੇ ਪੁਰੀ ਤਰ੍ਹਾਂ ਸ਼ੱਕੀ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਭਿਣਕ ਪੈਣ ‘ਤੇ ਠੇਕੇਦਾਰ ਨੇ ਇਸ ਪ੍ਰਤੀਨਿਧੀ ਨੂੰ ਫੋਨ ਕਰਕੇ ਖ਼ਬਰ ਰੋਕਣ ਲਈ ਕਿਹਾ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ