ਸ਼ਰਾਬ ਦਾ ਕਹਿਰ ਨਹੀਂ ਸੀ ਵਰ੍ਹਨਾ, ਜੇਕਰ…
ਪੰਜਾਬ ‘ਚ ਇੱਕ ਵਾਰ ਫੇਰ ਸ਼ਰਾਬ ਨੇ ਕਹਿਰ ਵਰਤਾਇਆ ਹੈ 26 ਵਿਅਕਤੀਆਂ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ ਤਕਨੀਕੀ ਭਾਸ਼ਾ ‘ਚ ਇਸ ਨੂੰ ਜ਼ਹਿਰੀਲੀ ਜਾਂ ਨਕਲੀ ਸ਼ਰਾਬ ਕਿਹਾ ਜਾਂਦਾ ਹੈ ਪਰ ਸੱਚਾਈ ਇਹ ਹੈ ਕਿ ਸ਼ਰਾਬ ਤਾਂ ਜ਼ਹਿਰ ਹੀ ਹੁੰਦੀ ਹੈ ਉਸ ਨੂੰ ਭਾਵੇਂ ਅਸਲੀ ਕਹੋ ਜਾਂ ਨਕਲੀ ਇਸ ਗੱਲ ਦੀ ਪੁਸ਼ਟੀ ਤਾਂ ਸਰਕਾਰ ਵੱਲੋਂ ਦਿੱਤੀ ਮਨਜ਼ੂਰੀ ਨਾਲ ਸ਼ਰਾਬ ‘ਤੇ ਲਿਖੀ ਗਈ ਸ਼ਬਦਾਵਲੀ ਕਰ ਦਿੰਦੀ ਹੈ ਠੇਕੇ ‘ਤੇ ਵਿਕਣ ਵਾਲੀ ਸ਼ਰਾਬ ਦੀ ਹਰ ਬੋਤਲ ‘ਤੇ ਲਿਖਿਆ ਹੁੰਦਾ ਹੈ- ‘ਸ਼ਰਾਬ ਸਿਹਤ ਲਈ ਹਾਨੀਕਾਰਕ ਹੈ’ ਇੱਕ ਵੀ ਬੋਤਲ ‘ਤੇ ਨਹੀਂ ਲਿਖਿਆ ਹੁੰਦਾ ਕਿ ਸ਼ਰਾਬ ਜਿੰਦਗੀ ਲਈ ਬੇਹੱਦ ਜ਼ਰੂਰੀ ਜਾਂ ਲਾਭਦਾਇਕ ਹੈ ਫਿਰ ਇਹ ਸਾਡਾ ਦੇਸ਼ ਹੈ ਜਿੱਥੇ ਧਰਮ ਸੰਸਕ੍ਰਿਤੀ ਸ਼ਰਾਬ ਨੂੰ ਨਰਕਾਂ ਦੀ ਨਾਨੀ, ਮਨੁੱਖ ਦੀ ਸਰੀਰਕ, ਸਮਾਜਿਕ, ਆਰਥਿਕ ਬਰਬਾਦੀ ਦਾ ਘਰ ਮੰਨਦੀ ਹੈ
ਇਸ ਦੇ ਬਾਵਜੂਦ ਸਰਕਾਰ ਦੇ ਯਤਨ ਸ਼ਰਾਬ ਦੀ ਖਪਤ ਵਧਾਉਣ ਵਾਲੇ ਹੀ ਹਨ ਕਿਸੇ ਵੀ ਅਜਿਹੀ ਪੰਚਾਇਤ ਨੂੰ ਸਰਕਾਰੀ ਪੱਧਰ ‘ਤੇ ਸਨਮਾਨਿਤ ਨਹੀਂ ਕੀਤਾ ਜਾਂਦਾ ਜੋ ਆਪਣੇ ਪਿੰਡ ‘ਚੋਂ ਸ਼ਰਾਬ ਦੇ ਠੇਕੇ ਹਟਵਾਉਂਦੀ ਹੈ ਪਿਛਲੇ ਦਿਨੀਂ ਜ਼ਿਲ੍ਹਾ ਮੋਗਾ ਦੇ ਇੱਕ ਪਿੰਡ ‘ਚੋਂ ਸ਼ਰਾਬ ਦਾ ਠੇਕਾ ਤਿੰਨ ਵਾਰ ਹਟਵਾਇਆ ਗਿਆ ਪਰ ਕਾਨੂੰਨ ਦੀ ਆੜ ‘ਚ ਠੇਕੇਦਾਰ ਠੇਕਾ ਰੱਖਣ ਲਈ ਅੜੇ ਰਹੇ ਜਿੱਥੇ ਸਰਕਾਰ ਨਕਲੀ ਸ਼ਰਾਬ ਦੇ ਮਾਮਲੇ ‘ਚ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ ਇਹ ਲੋਕ ਤਾਂ ਫੜੇ ਜਾਣਗੇ ਪਰ ਉਸ ਸ਼ਰਾਬ ਨੂੰ ਸਰਕਾਰ ਕਿਵੇਂ ਰੋਕੇਗੀ ਜਿਹੜੀ ਸ਼ਰਾਬ ਸਰਕਾਰ ਦੀ ਮਨਜ਼ੂਰੀ ਨਾਲ ਵਿਕਦੀ ਹੈ ਤੇ ਹਰ ਸਾਲ ਸੈਂਕੜੇ ਮੌਤਾਂ ਸ਼ਰਾਬ ਨਾਲ ਹੁੰਦੀਆਂ ਹਨ ਸ਼ਰਾਬ ਦੇ ਰਗੜੇ ਮਰੀਜ਼ਾਂ ਨੂੰ ਜਦੋਂ ਕੋਈ ਡਾਕਟਰ ਇਹ ਕਹਿੰਦਾ ਹੈ ਕਿ ਹੁਣ ਜੇਕਰ ਸ਼ਰਾਬ ਨੂੰ ਹੱਥ ਲਾਇਆ ਤਾਂ ਆਪਣੀ ਮੌਤ ਸਮਝੀਂ ਇਹ ਹਾਲਾਤ ਠੇਕਿਆਂ ‘ਤੇ ਵਿਕਣ ਵਾਲੀ ਸ਼ਰਾਬ ਕਾਰਨ ਹੋਏ ਹਨ
ਸ਼ਰਾਬ ਪੀ ਕੇ ਪੰਜਾਬ ਨੇ ਕੋਈ ਪ੍ਰਾਪਤੀਆਂ ਨਹੀਂ ਕਰ ਲਈਆਂ ਖੇਡਾਂ ‘ਚ ਪੰਜਾਬ ਪੱਛੜਦਾ ਜਾ ਰਿਹਾ ਹੈ ਜੇਕਰ ਲੋਕ ਠੇਕੇ ਦੀ ਸ਼ਰਾਬ ਨਾ ਪੀਣਗੇ ਤਾਂ ਫਿਰ ਨਕਲੀ ਸ਼ਰਾਬ ਵੀ ਕੋਈ ਨਹੀਂ ਪੀਵੇਗਾ ਪੰਜਾਬ ਦਾ ਭਲਾ ਸ਼ਰਾਬ ਦੀ ਵਿੱਕਰੀ ਬੰਦ ਕਰਨ ‘ਚ ਹੈ ਪੰਜਾਬ ਦੁੱਧ, ਦਹੀਂ ਤੇ ਦੇਸੀ ਘਿਓ ਦੀ ਖੁਰਾਕ ਵਾਲਾ ਸੂਬਾ ਰਿਹਾ ਹੈ ਸਰਕਾਰਾਂ ਸ਼ਰਾਬ ਦੀ ਕਮਾਈ ਦਾ ਲੋਭ ਛੱਡਣ ਲਈ ਤਿਆਰ ਨਹੀਂ ਬਿਹਾਰ ਵਰਗੇ ਗਰੀਬ ਸੂਬੇ ਨੇ ਸ਼ਰਾਬ ਦੀ ਕਮਾਈ ਦਾ ਲੋਭ ਛੱਡਿਆ ਤਾਂ ਤਕੜੇ ਸੂਬੇ ਇਹ ਕੰਮ ਕਿਉਂ ਨਹੀਂ ਕਰ ਸਕਦੇ ਪੰਜਾਬ ‘ਚ ਹਸਪਤਾਲਾਂ ਤੇ ਡਿਸਪੈਂਸਰੀਆਂ ਨਾਲੋਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਜ਼ਿਆਦਾ ਹੈ
ਪਿੰਡਾਂ ‘ਚ ਸਿਰਦਰਦ ਦੀ ਗੋਲੀ ਮਿਲੇ ਜਾਂ ਨਾ ਮਿਲੇ ਸ਼ਰਾਬ ਪੀਣ ਵਾਲੇ ਨੂੰ ਠੇਕਾ ਜ਼ਰੂਰ ਲੱਭ ਜਾਂਦਾ ਹੈ ਚੰਗਾ ਹੋਵੇ ਜੇਕਰ ਪੰਜਾਬ ਸਰਕਾਰ ਅਸਲੀ ਤੇ ਨਕਲੀ ਦੋਵਾਂ ਤਰ੍ਹਾਂ ਦੀ ਸ਼ਰਾਬ ਦੀ ਵਿੱਕਰੀ ਖਤਮ ਕਰੇ ਸ਼ਰਾਬ ਤਬਾਹੀ ਲਿਆਉਂਦੀ ਹੈ ਜਿਸ ਦੀ ਮਿਸਾਲ ਸਭ ਦੇ ਸਾਹਮਣੇ ਹੈ ਸ਼ਰਾਬ ਦੇ ਠੇਕਿਆਂ ਦੀ ਵਧ ਰਹੀ ਗਿਣਤੀ ਕਿਸੇ ਸੂਬੇ ਦੀ ਤਰੱਕੀ ਦੀ ਮਿਸਾਲ ਨਹੀਂ ਬਣ ਸਕਦੀ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ