ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਦਾ ਨੌਜਵਾਨ ਚੀਨ ਦੇ ਬਾਰਡਰ ‘ਤੇ ਸ਼ਹੀਦ

ਮੁੱਖ ਮੰਤਰੀ ਪੰਜਾਬ ਨੇ ਸ਼ਹਾਦਤ ਨੂੰ ਕੀਤਾ ਸਲਾਮ

ਬਰਨਾਲਾ (ਜਸਵੀਰ ਸਿੰਘ ਗਹਿਲ) | ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਦੇ ਜੰਮਪਲ ਫੌਜੀ ਨੌਜਵਾਨ ਦੇ ਚੀਨ ਦੀ ਸਰਹੱਦ ‘ਤੇ ਗਸ਼ਤ ਦੌਰਾਨ ਨਦੀ ‘ਚ ਡਿੱਗੇ ਆਪਣੇ ਸਾਥੀ ਜਵਾਨ ਨੂੰ ਬਚਾਉਂਦੇ ਸਮੇਂ ਸ਼ਹੀਦ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੇਸ਼ੱਕ ਇਸ ਮਾਮਲੇ ‘ਚ ਸਰਕਾਰ ਨੇ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਲਈ 50 ਲੱਖ ਦੀ ਐਕਸ ਗ੍ਰੇਸ਼ੀਆ ਅਤੇ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਪਿੰਡ ਕੁਤਬਾ ਦੇ ਨੌਜਵਾਨ ਦਾ ਪਿਛਲਾ ਪਰਿਵਾਰ ਅਜੇ ਵੀ ਆਪਣੇ ਪੁੱਤਰ ਦੀ ਘਰ ਵਾਪਸੀ ਦੀ ਉਡੀਕ ‘ਚ ਬੂਹੇ ‘ਤੇ ਪਲਕਾਂ ਵਿਛਾਈ ਬੈਠਾ ਹੈ।

ਜਾਣਕਾਰੀ ਅਨੁਸਾਰ 4 ਸਿੱਖ ਲਾਈਟ ਇਨਫੈਂਟਰੀ ਯੂਨਿਟ ਦਾ ਸਿਪਾਹੀ ਨੌਜਵਾਨ ਸਤਵਿੰਦਰ ਸਿੰਘ ਡੇਢ ਕੁ ਸਾਲ ਪਹਿਲਾਂ ਪਟਿਆਲਾ ਵਿਖੇ ਭਰਤੀ ਹੋਣ ਪਿੱਛੋਂ ਫ਼ਤਹਿਗੜ੍ਹ ਸਾਹਿਬ ਵਿਖੇ ਸਿਖ਼ਲਾਈ ਪ੍ਰਾਪਤ ਕਰਕੇ ਆਰੁਣਾਚਲ ਪ੍ਰਦੇਸ਼ ਵਿਖੇ ਤਾਇਨਾਤ ਸੀ, ਜਿੱਥੇ ਉਸ ਦੇ ਨਾਲ ਮੋਗਾ ਜ਼ਿਲ੍ਹੇ ਦੇ ਪਿੰਡ ਡੇਮਰੂ ਖੁਰਦ ਦੇ ਲਖਵੀਰ ਸਿੰਘ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ਲਾਗੇ 22 ਜੁਲਾਈ ਨੂੰ ਗਸ਼ਤ ਕਰ ਰਹੀ ਟੁਕੜੀ ‘ਚ ਸ਼ਾਮਲ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਨਾਲੇ ‘ਤੇ ਬਣੇ ਲੱਕੜ ਦੇ ਪੁਲ ਨੂੰ ਪਾਰ ਕਰਦਿਆਂ ਅਚਾਨਕ ਦੋਵੇਂ ਨਾਲੇ ‘ਚ ਜਾ ਡਿੱਗੇ ਸਨ। ਇਸ ਦੌਰਾਨ ਉਹ ਇੱਕ- ਦੂਜੇ ਨੂੰ ਬਚਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ‘ਚ ਰੁੜ ਗਏ ਸਨ। ਜਿਸ ਪਿੱਛੋਂ ਕੀਤੀ ਗਈ ਭਾਲ ਦੌਰਾਨ ਭਾਵੇਂ ਲਖਵੀਰ ਸਿੰਘ ਦੀ ਲਾਸ਼ ਤਾਂ ਮਿਲ ਗਈ। ਪਰ ਸਤਵਿੰਦਰ ਸਿੰਘ (20) ਅਜੇ ਵੀ ਲਾਪਤਾ ਹੈ।

ਅਮਰਿੰਦਰ ਸਿੰਘ ਵੱਲੋਂ  ਪਰਿਵਾਰਾਂ ਲਈ 50 ਲੱਖ ਦੀ ਐਕਸ ਗ੍ਰੇਸ਼ੀਆ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਇਸ ਘਟਨਾ ‘ਤੇ ਬੇਸ਼ੱਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਵੇਂ ਨੋਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਨੌਜਵਾਨਾਂ ਦੇ ਪਰਿਵਾਰਾਂ ਲਈ 50 ਲੱਖ ਦੀ ਐਕਸ ਗ੍ਰੇਸ਼ੀਆ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਹੈ। ਪਰ ਜ਼ਿਲ੍ਹੇ ਦੇ ਪਿੰਡ ਕੁਤਬਾ ਦੇ ਨੌਜਵਾਨ ਸਤਵਿੰਦਰ ਸਿੰਘ ਦਾ ਪਰਿਵਾਰ ਸਹਿਮਿਆ- ਸਹਿਮਿਆ ਅਜੇ ਵੀ ਆਪਣੇ ਪੁੱਤਰ ਦੀ ਉਡੀਕ ‘ਚ ਘਰ ਦੇ ਬੂਹੇ ‘ਤੇ ਪਲਕਾਂ ਟਿਕਾਈ ਬੈਠਾ ਹੈ। ਨੌਜਵਾਨ ਸਤਵਿੰਦਰ ਸਿੰਘ (20) ਦੀ ਮਾਤਾ ਸੁਖਵਿੰਦਰ ਕੌਰ ਤੇ ਪਿਤਾ ਅਮਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਦੀ ‘ਚ ਡਿੱਗਣ ਪਿੱਛੋਂ ਹਲੇ ਤੱਕ ਲਾਪਤਾ ਹੈ ਜੋ ਉਨਾਂ ਦੇ ਘਰ ਇਕੱਲਾ ਹੀ ਕਮਾਊ ਹੈ।

ਉਨਾਂ ਦੱਸਿਆ ਕਿ ਉਨਾਂ ਦੇ ਪੁੱਤਰ ਦੇ ਲਾਪਤਾ ਦੀ ਜਾਣਕਾਰੀ ਉਨਾਂ ਨੂੰ 22 ਜੁਲਾਈ ਨੂੰ ਫੋਨ ‘ਤੇ ਪ੍ਰਾਪਤ ਹੋਈ ਹੈ। ਨੌਜਵਾਨ ਦੀ ਮਾਤਾ ਨੇ ਭਰੇ ਮਨ ਨਾਲ ਦੱਸਿਆ ਕਿ 18 ਜੁਲਾਈ ਨੂੰ ਹੀ ਉਸਨੇ ਫੋਨ ‘ਤੇ ਉਨਾਂ ਦੀ ਸੁੱਖਸਾਂਦ ਪੁੱਛੀ ਸੀ। ਉਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਾਸੋਂ ਆਪਣੇ ਪੁੱਤਰ ਦੀ ਖ਼ਬਰ ਸਾਰ ਦੀ ਮੰਗ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ