ਬੰਬ ਨਿਰੋਧਕ ਦਸਤੇ ਦੀ ਟੀਮ ਨੇ ਮੌਕੇ ‘ਤੇ ਪੁੱਜ ਕੇ ਲਿਆ ਆਪਣੇ ਕਬਜ਼ੇ ‘ਚ
ਬਠਿੰਡਾ, (ਸੁਖਜੀਤ ਮਾਨ)। ਇੱਥੋਂ ਦੀ ਸਰਹਿੰਦ ਨਹਿਰ ‘ਚੋਂ ਜੰਗਾਂ ਵੇਲੇ ਵਰਤਿਆ ਜਾਣ ਵਾਲਾ ਰਾਕੇਟ ਲਾਂਚਰ ਦਾ ਅਣਚੱਲਿਆ ਗੋਲਾ ਮਿਲਿਆ ਹੈ। ਇਹ ਗੋਲਾ ਨਹਿਰ ‘ਚ ਕਿਸ ਨੇ ਸੁੱਟਿਆ ਜਾਂ ਕਿੱਧਰੋਂ ਆਇਆ ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਦੇ ਬੰਬ ਨਿਰੋਧਕ ਦਸਤੇ ਨੇ ਇੱਕ ਵਾਰ ਗੋਲੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਜਿਸ ਵੱਲੋਂ ਕਿਸੇ ਖਾਲੀ ਥਾਂ ‘ਤੇ ਉਸ ਨੂੰ ਨਸ਼ਟ ਕੀਤਾ ਜਾਵੇਗਾ। ਵੇਰਵਿਆਂ ਮੁਤਾਬਿਕ ਅੱਜ ਸਵੇਰ ਵੇਲੇ ਸਰਹਿੰਦ ਨਹਿਰ ‘ਚੋਂ ਕੁੱਝ ਵਿਅਕਤੀ ਮੱਛੀਆਂ ਫੜ੍ਹਨ ਆਏ ਸਨ। ਇਸੇ ਦੌਰਾਨ ਇੱਕ ਵਿਅਕਤੀ ਦਾ ਪੈਰ ਜਦੋਂ ਇਸ ਗੋਲੇ ‘ਚ ਵੱਜਿਆ ਤਾਂ ਉਨ੍ਹਾਂ ਨੇ ਇਹ ਭਾਰੀ ਤੇ ਸ਼ੱਕੀ ਜਿਹੀ ਚੀਜ਼ ਹੋਣ ‘ਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ।
ਪਤਾ ਲੱਗਦਿਆਂ ਹੀ ਥਾਣਾ ਥਰਮਲ ਦੀ ਪੁਲਿਸ ਪਾਰਟੀ ਅਤੇ ਬਠਿੰਡਾ ਰੇਂਜ ਦੇ ਬੰਬ ਨਿਰੋਧਕ ਦਸਤੇ ਦੀ ਟੀਮ ਮੌਕੇ ‘ਤੇ ਪੁੱਜੀ। ਬੰਬ ਨਿਰੋਧਕ ਦਸਤੇ ‘ਚ ਸਾਮਿਲ ਹਰਪਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਗੋਲਿਆਂ ਨੂੰ ਜਦੋਂ ਸੁੱਟਿਆ ਜਾਂਦਾ ਹੈ ਤਾਂ ਉਹ ਕਈ ਵਾਰ ਚੱਲਣ ਤੋਂ ਰਹਿ ਜਾਂਦੇ ਹਨ। ਫਾਜਿਲਕਾ ਖੇਤਰ ‘ਚੋਂ ਅਜਿਹੇ ਗੋਲੇ ਮਿਲਦੇ ਹੀ ਰਹਿੰਦੇ ਹਨ। ਮੋਗਾ ਜ਼ਿਲ੍ਹੇ ‘ਚ ਵੀ ਉਨ੍ਹਾਂ ਦੀ ਟੀਮ ਨੇ ਅਜਿਹੇ ਗੋਲਿਆਂ ਨੂੰ ਨਸ਼ਟ ਕੀਤਾ ਸੀ। ਪੁੱਛੇ ਜਾਣ ‘ਤੇ ਉਨ੍ਹਾਂ ਦੱਸਿਆ ਕਿ ਫੌਜ ਤੋਂ ਬਿਨ੍ਹਾਂ ਇਹ ਕਿਸੇ ਕੋਲ ਨਹੀਂ ਹੁੰਦਾ।
ਇਹ ਗੋਲਾ ਚੱਲਿਆ ਨਾ ਹੋਣ ਦੀ ਪੁਸ਼ਟੀ ਵੀ ਦਸਤੇ ਦੀ ਟੀਮ ਨੇ ਹੀ ਕੀਤੀ ਹੈ ਜਿੰਨ੍ਹਾਂ ਦਾ ਕਹਿਣਾ ਸੀ ਕਿ ਇਸ ‘ਚ ਕਿਸੇ ਤਰ੍ਹਾਂ ਦੀ ਚੋਟ ਵੱਜਣ ‘ਤੇ ਇਹ ਚੱਲਦਾ ਹੈ ਜੋ ਬਹੁਤ ਖਤਰਨਾਕ ਹੁੰਦਾ ਹੈ । ਪਾਕਿਸਤਾਨ ਅਤੇ ਚੀਨ ਨਾਲ ਜੰਗ ਵੇਲੇ ਦੇ ਅਜਿਹੇ ਗੋਲੇ ਤੇ ਤੋਪ ਵਾਲੇ ਗੋਲੇ ਕਈ ਥਾਵਾਂ ਤੋਂ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਇਸਨੂੰ ਹੁਣ ਕਿਸੇ ਖੁੱਲ੍ਹੀ ਥਾਂ ‘ਚ ਲਿਜਾ ਕੇ ਨਸ਼ਟ ਕੀਤਾ ਜਾਵੇਗਾ। ਨਹਿਰ ‘ਚੋਂ ਗੋਲਾ ਮਿਲਣ ਦੀ ਡੂੰਘਾਈ ਨਾਲ ਜਾਂਚ ਭਾਵੇਂ ਪੁਲਿਸ ਟੀਮ ਹੀ ਕਰੇਗੀ ਪਰ ਦਸਤੇ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਕਈ ਵਾਰ ਕਿਸੇ ਨੂੰ ਲੱਭ ਜਾਂਦਾ ਹੈ ਤਾਂ ਉਹ ਕਬਾੜੀਏ ਨੂੰ ਵੇਚ ਦਿੰਦਾ ਹੈ ਤੇ ਕਬਾੜੀਏ ਨੂੰ ਜਦੋਂ ਇਸਦੇ ਖਤਰਨਾਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਿਸੇ ਸੜਕ ਕਿਨਾਰੇ ਜਾਂ ਨਹਿਰ ਆਦਿ ‘ਚ ਸੁੱਟ ਜਾਂਦੇ ਹਨ।
ਬੰਬ ਨਿਰੋਧਕ ਦਸਤਾ ਨਸ਼ਟ ਕਰੇਗਾ ਗੋਲਾ : ਪੁਲਿਸ ਅਧਿਕਾਰੀ
ਥਾਣਾ ਥਰਮਲ ਦੇ ਐਸਐਚਓ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਵੇਰ ਵੇਲੇ ਸੂਚਨਾ ਮਿਲਣ ਤੇ ਉਨ੍ਹਾਂ ਦੀ ਪੁਲਿਸ ਪਾਰਟੀ ਮੌਕੇ ‘ਤੇ ਗਈ ਸੀ। ਨਹਿਰ ‘ਚੋਂ ਮਿਲੇ ਰਾਕੇਟ ਲਾਂਚਰ ਗੋਲੇ ਨੂੰ ਬੰਬ ਨਿਰੋਧਕ ਦਸਤੇ ਨੇ ਆਪਣੇ ਕਬਜ਼ੇ ‘ਚ ਲੈ ਲਿਆ ਤੇ ਫੌਜੀ ਅਧਿਕਾਰੀਆਂ ਨਾਲ ਸੰਪਰਕ ਤੋਂ ਬਾਅਦ ਉਸਨੂੰ ਦਸਤੇ ਦੀ ਟੀਮ ਵੱਲੋਂ ਹੀ ਨਸ਼ਟ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ