ਕੋਵਿਡ-19 ਦੇ 1.73 ਲੱਖ ਨਮੂਨਿਆਂ ਦਾ ਲੈਬ ਪ੍ਰੀਖਣ ਕਰਕੇ ਉੱਤਰੀ ਭਾਰਤ ਦੀ ਮੋਹਰੀ ਲੈਬ ਬਣੀ ਵੀ.ਆਰ.ਡੀ. ਲੈਬ

ਪੰਜਾਬ ਦੇ 8 ਜ਼ਿਲ੍ਹਿਆਂ ਤੋਂ ਕੋਵਿਡ-19 ਦੇ ਨਮੂਨੇ ਟੈਸਟ ਹੋਣ ਪੁੱਜਦੇ ਨੇ ਪਟਿਆਲਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਕੋਰੋਨਾ ਵਾਇਰਸ ਦੇ ਟੈਸਟ ਕਰਨ ‘ਚ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਥਾਪਤ ਵਾਇਰਲ ਰਿਸਰਚ ਅਤੇ ਡਾਇਆਗਨੌਸਟਿਕ ਲੈਬ ਨੇ ਹੁਣ ਤੱਕ 1 ਲੱਖ 73 ਹਜ਼ਾਰ ਨਮੂਨਿਆਂ ਦਾ ਲੈਬ ਪ੍ਰੀਖਣ ਕਰਕੇ ਪੰਜਾਬ ਸਮੇਤ ਉਤਰੀ ਭਾਰਤ ਦੀ ਮੋਹਰੀ ਲੈਬ ਹੋਣ ਦਾ ਮਾਣ ਹਾਸਲ ਕੀਤਾ ਹੈ। ਹੁਣ ਇਸ ਦੀ ਸਮਰੱਥਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਆਰ.ਐਨ.ਏ. ਐਕਸਟ੍ਰੈਕਸ਼ਨ ਮਸ਼ੀਨਾ ਹੋਰ ਲਗਾਉਣ ਦੀ ਪ੍ਰਕ੍ਰਿਆ ਵੀ ਅਰੰਭੀ ਗਈ ਸੀ।

ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਸਟੇਟ ਆਰਟ ਵਜੋਂ ਸਥਾਪਤ ਵੀ.ਆਰ.ਡੀ.ਐਲ ਲੈਬ ਵਿਖੇ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਅਤੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰੁਪਿੰਦਰ ਬਖ਼ਸ਼ੀ, ਜਿਨ੍ਹਾਂ ਨੂੰ ਸਟੇਟ ਦੇ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਦੀ ਅਗਵਾਈ ਹੇਠ ਆਈ.ਸੀ.ਐਮ.ਆਰ. ਅਤੇ ਡੀ.ਐਚ.ਆਰ. ਨਵੀਂ ਦਿੱਲੀ ਦੀਆਂ ਹਦਾਇਤਾਂ ਮੁਤਾਬਕ ਕੋਵਿਡ-19 ਦੀ ਸ਼ੁਰੂਆਤ ਮੌਕੇ 8 ਮਾਰਚ ਨੂੰ 40 ਨਮੂਨਿਆਂ ਦੇ ਟੈਸਟਾਂ ਦੀ ਸ਼ੁਰੂਆਤ ਕੀਤੀ ਗਈ ਸੀ।

ਇਸ ਲੈਬ ਵਿਖੇ ਪੰਜਾਬ ਦੇ ਮਾਲਵਾ ਖੇਤਰ ਦੇ 8 ਜ਼ਿਲ੍ਹਿਆਂ ਪਟਿਆਲਾ, ਫ਼ਤਿਹਗੜ ਸਾਹਿਬ, ਲੁਧਿਆਣਾ, ਰੋਪੜ, ਐਸ.ਬੀ.ਐਸ. ਨਗਰ, ਮੋਹਾਲੀ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ। ਹੁਣ ਇਹ ਲੈਬ ਪ੍ਰਤੀ ਦਿਨ 4500 ਤੋਂ 5000 ਨਮੂਨਿਆਂ ਦੀ ਜਾਂਚ ਕਰਕੇ ਪੰਜਾਬ ਹੀ ਨਹੀਂ ਬਲਕਿ ਉਤਰੀ ਭਾਰਤ ਦੀ ਸਭ ਤੋਂ ਵੱਧ ਨਮੂਨਿਆਂ ਦੀ ਜਾਂਚ ਕਰਨ ਵਾਲੀ ਲੈਬ ਬਣ ਗਈ ਹੈ।
ਡਾ. ਰੁਪਿੰਦਰ ਬਖ਼ਸ਼ੀ ਦਾ ਕਹਿਣਾ ਸੀ ਕਿ ਇਸ ਲੈਬ ਵਿਖੇ ਉਨ੍ਹਾਂ ਦੀ ਅਗਵਾਈ ਹੇਠ 2 ਮਾਈਕ੍ਰੋਬਾਇਲਾਜਿਸਟ, 2 ਸੀਨੀਅਰ ਰੈਜੀਡੈਂਟ, 5 ਰੀਸਰਚ ਸਾਇੰਟਿਸਟ, 14 ਲੈਬ ਤਕਨੀਸ਼ੀਅਨ ਅਤੇ 5 ਲੈਬ ਅਟੈਂਡੈਂਟ 24 ਘੰਟੇ ਕੰਮ ਕਰਦੇ ਹਨ ਅਤੇ 8 ਮਾਰਚ ਤੋਂ ਹੁਣ ਤੱਕ ਵੀਆਰਡੀਐਲ ਪਟਿਆਲਾ ਨੇ 1 ਲੱਖ 73 ਹਜ਼ਾਰ ਨਮੂਨਿਆਂ ਦੀ ਜਾਂਚ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਇਸ ਲੈਬ ਦੇ ਮੋਹਰੀ ਕੋਰੋਨਾ ਜੰਗਜੂ ਬਹੁਤ ਜ਼ਿਆਦਾ ਇਹਤਿਆਤ ਵਰਤਕੇ ਨਮੂਨਿਆਂ ਦੀ ਜਾਂਚ ਕਰ ਰਹੇ ਹਨ, ਜਿਸ ਕਰਕੇ ਉਹ ਸਾਰੇ ਕੋਵਿਡ ਦੀ ਲਾਗ ਤੋਂ ਬਚੇ ਹੋਏ ਹਨ।

Corona

ਜਿਕਰਯੋਗ ਹੈ ਕਿ ਇਸ ਲੈਬ ਦੇ 56 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਦੇ ਕੰਮ ਨੂੰ ਵੀ ਹਾਲ ਹੀ ਦੌਰਾਨ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਮੈਡੀਕਲ ਸਿੱਖਿਆ ਅਤੇ ਖ਼ੋਜ਼ ਮੰਤਰੀ ਓ.ਪੀ. ਸੋਨੀ ਨੇ ਲੋਕਾਂ ਦੇ ਸਮਰਪਿਤ ਕੀਤਾ ਸੀ। ਇਥੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਅਤਿਆਧੁਨਿਕ ਤਕਨੀਕ ਵਾਲੀ ਪੂਰੀ ਤਰ੍ਹਾਂ ਸਵੈਚਾਲਤ ਐਮ.ਜੀ.ਆਈ.ਐਸ.ਪੀ. 960 ਮਸ਼ੀਨ ਵੀ ਸਥਾਪਤ ਕੀਤੀ ਗਈ ਹੈ। ਹੁਣ ਇੱਥੇ ਨਵੀਆਂ ਆਟੋਮੈਟਿਕ ਆਰ.ਐਨ.ਏ. ਐਕਸਟ੍ਰੈਕਸ਼ਨ ਮਸ਼ੀਨਾਂ ਵੀ ਆ ਰਹੀਆਂ ਹਨ, ਜਿਸ ਨਾਲ ਇਸ ਦੀ ਸਮਰੱਥਾ ਹੋਰ ਵੀ ਵਧ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here