ਨਸ਼ਾ ਤਸਕਰੀ : ਬਠਿੰਡਾ ਪੁਲਿਸ ਦਾ ਥਾਣੇਦਾਰ ਪਤਨੀ ਤੇ ਮੁੰਡੇ ਸਮੇਤ ਗ੍ਰਿਫ਼ਤਾਰ

121 ਗ੍ਰਾਮ ਹੈਰੋਇਨ ਹੋਈ ਬਰਾਮਦ

ਬਠਿੰਡਾ/ਗੋਨਿਆਣਾ, (ਸੁਖਜੀਤ ਮਾਨ/ਜਗਤਾਰ ਜੱਗਾ) ਪੁਲਿਸ ਦੀ ਮਿਲੀਭੁਗਤ ਨਾਲ ਨਸ਼ਾ ਵੇਚਣ ਬਾਰੇ ਤਾਂ ਅਕਸਰ ਸੁਣਦੇ ਹਾਂ ਪਰ ਹੁਣ ਬਠਿੰਡਾ ਦਾ ਇੱਕ ਥਾਣੇਦਾਰ ਹੀ ਆਪਣੀ ਪਤਨੀ ਤੇ ਮੁੰਡੇ ਨਾਲ ਨਸ਼ੇ ਸਮੇਤ ਕਾਬੂ ਕੀਤਾ ਗਿਆ ਹੈ ਇਹ ਥਾਣੇਦਾਰ ਸਰਕਟ ਹਾਊਸ ਦੀ ਗਾਰਦ ਡਿਊਟੀ ‘ਚ ਸ਼ਾਮਿਲ ਸੀ, ਜਿਸਨੂੰ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬਠਿੰਡਾ-ਗੋਨਿਆਣਾ ਨੈਸ਼ਨਲ ਹਾਈਵੇ ‘ਤੇ ਪਿੰਡ ਭੋਖੜਾ ਕੋਲੋਂ ਗ੍ਰਿਫ਼ਤਾਰ ਕਰਕੇ ਥਾਣਾ ਨੇਹੀਆਂਵਾਲਾ ‘ਚ ਮਾਮਲਾ ਦਰਜ਼ ਕਰ ਲਿਆ

ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਸਪੈਸ਼ਲ ਟਾਸਕ ਫੋਰਸ ਬਠਿੰਡਾ ਰੇਂਜ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੇ ਬਠਿੰਡਾ-ਗੋਨਿਆਣਾ ਨੈਸ਼ਨਲ ਹਾਈਵੇ ‘ਤੇ ਪਿੰਡ ਭੋਖੜਾ ਕੋਲ ਨਾਕਾ ਲਾਇਆ ਹੋਇਆ ਸੀ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਇੱਕ ਜੈੱਨ ਕਾਰ (ਡੀਐਲ 02ਸੀਵੀ 0917) ਬਠਿੰਡਾ ਵੱਲੋਂ ਆਈ ਤਾਂ ਉਸਨੂੰ ਵੀ ਰੋਕਿਆ ਗਿਆ ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਕਾਰ ਨੂੰ ਚਲਾ ਰਿਹਾ ਸੀ ਤੇ ਇੱਕ ਨਾਲ ਬੈਠਾ ਸੀ ਪਿਛਲੀ ਸੀਟ ‘ਤੇ ਬੈਠੀ ਔਰਤ ਕੋਲ ਇੱਕ ਲਿਫਾਫਾ ਰੱਖਿਆ ਹੋਇਆ ਸੀ ਤਾਂ ਉਸ ਲਿਫ਼ਾਫੇ ਦੀ ਤਲਾਸ਼ੀ ਦੌਰਾਨ ਉਸ ‘ਚੋਂ ਹੈਰੋਇਨ ਬਰਾਮਦ ਹੋਈ ਜੋ 121 ਗ੍ਰਾਮ ਮਾਪੀ ਗਈ ਹੈ

ਗ੍ਰਿਫ਼ਤਾਰ ਵਿਅਕਤੀਆਂ ਦੀ ਪਹਿਚਾਣ ਗੱਡੀ ਚਾਲਕ ਹਰਪ੍ਰੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ, ਥਾਣੇਦਾਰ ਰਾਜਵਿੰਦਰ ਸਿੰਘ ਅਤੇ ਉਸਦੀ ਪਤਨੀ ਕੁਲਦੀਪ ਕੌਰ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਵਜੋਂ ਹੋਈ ਹੈ ਚੈਕਿੰਗ ਟੀਮ ਨੂੰ ਥਾਣੇਦਾਰ ਰਾਜਵਿੰਦਰ ਸਿੰਘ ਨੇ ਆਪਣੀ ਮੌਜੂਦਾ ਤਾਇਨਾਤੀ ਸਰਕਟ ਹਾਊਸ ਬਠਿੰਡਾ ‘ਚ ਲੱਗੀ ਗਾਰਦ ‘ਚ ਦੱਸਿਆ ਡੀਐਸਪੀ ਨੇ ਦੱਸਿਆ ਕਿ ਉਨ੍ਹਾਂ ਮੁੱਢਲੀ ਪੁੱਛਗਿੱਛ ‘ਚ ਇਹ ਮੰਨਿਆ ਹੈ ਕਿ ਉਹ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਉਹ ਦਿੱਲੀ ਅਤੇ ਡੱਬਵਾਲੀ ਦੇ ਕਿਸੇ ਕਾਲਾ ਨਾਂਅ ਦੇ ਵਿਅਕਤੀ ਤੋਂ ਹੈਰੋਇਨ ਲਿਆਉਂਦੇ ਸਨ ਐਸਟੀਐਫ ਅਧਿਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਦਾ ਮੁੰਡਾ ਨਸ਼ੇ ਦਾ ਆਦੀ ਵੀ ਹੈ ਤੇ ਨਸ਼ਾ ਵੇਚਦਾ ਵੀ ਹੈ,

ਉਨ੍ਹਾਂ ਦੀ ਇਸ ਕੰਮ ‘ਚ ਥਾਣੇਦਾਰ ਮੱਦਦ ਕਰਦਾ ਸੀ ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਥਾਣੇਦਾਰ ਦੀ ਪਤਨੀ ਨੇ ਹੀ ਅੱਗੇ ਇਹ ਹੈਰੋਇਨ ਕਿਸੇ ਨੂੰ ਸਪਲਾਈ ਕਰਨ ਦਾ ਸੌਦਾ ਕੀਤਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਫੜ੍ਹ ਲਿਆ ਗਿਆ ਉਨ੍ਹਾਂ ਦੱਸਿਆ ਕਿ ਤਿੰਨਾਂ ਜਣਿਆਂ ਦਾ ਮਾਣਯੋਗ ਅਦਾਲਤ ‘ਚੋਂ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ