ਐੱਸ ਏ ਐੱਸ ਨਗਰ 24.93 ਪ੍ਰਤੀਸ਼ਤ ਦੇ ਵੱਡੇ ਫਰਕ ਦੇ ਵਾਧੇ ਨਾਲ ਪੰਜਾਬ ਭਰ ‘ਚੋਂ ਪਹਿਲੇ ਨੰਬਰ ‘ਤੇ
ਮੋਹਾਲੀ, (ਕੁਲਵੰਤ ਕੋਟਲੀ) ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੰਦ ਪਏ ਸਕੂਲਾਂ ਕਾਰਨ ਪੰਜਾਬ ਭਰ ਵਿੱਚ ਪ੍ਰਾਈਵੇਟ ਸਕੂਲ ਅਤੇ ਮਾਪਿਆਂ ਵਿੱਚ ਫੀਸਾਂ ਨੂੰ ਲੈ ਖਿੱਚੋਤਾਣ ਚੱਲ ਰਹੀ ਹੈ ਫੀਸ ਵਿਵਾਦ ਦੇ ਚਲਦਿਆਂ ਮਾਪਿਆਂ ਨੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾ ਕੇ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਇਸੇ ਤਹਿਤ ਪੰਜਾਬ ਭਰ ਵਿੱਚ ਇੱਕ ਲੱਖ 34 ਹਜ਼ਾਰ ਤੋਂ ਉਪਰ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ ਦੂਜੇ ਪਾਸੇ ਸਰਕਾਰ ਇਨ੍ਹਾਂ ਦਾਖਿਲਆਂ ਨੂੰ ਆਪਣੀ ਪ੍ਰਾਪਤੀ ਦੱਸ ਰਹੀ ਹੈ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖਲਿਆਂ ਦਾ ਵਾਧਾ ਹੁਣ 12.38 ਪ੍ਰਤੀਸ਼ਤ ਹੋ ਗਿਆ ਹੈ ਜਿਸ ਵਿੱਚ 40.21 ਪ੍ਰਤੀਸ਼ਤ ਦਾ ਰਿਕਾਰਡ ਵਾਧਾ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਹੈ ਪੰਜਾਬ ਸਰਕਾਰ ਵੱਲੋਂ ਤਿੰਨ ਕੁ ਸਾਲ ਪਹਿਲਾਂ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਸਰਕਾਰੀ ਸਕੂਲਾਂ ਨੂੰ ਵੱਡਾ ਫਾਇਦਾ ਹੋਇਆ ਹੈ , ਇਸ ਨਾਲ ਸ਼ੂਰੂ ਤੋਂ ਹੀ ਬੱਚਿਆਂ ਦਾ ਬਣਿਆ ਬੇਸ ਪੜ੍ਹਾਈ ਦੇ ਮਿਆਰ ਨੂੰ ਹੋਰ ਵਧਾ ਰਿਹਾ ਹੈ ਹਾਇਰ ਸੈਕੰਡਰੀ ਪੱਧਰ ‘ਤੇ ਵੀ 22.04 ਪ੍ਰਤੀਸ਼ਤ ਦਾ ਚੰਗਾ ਵਾਧਾ ਹੋਇਆ ਹੈ ਐੱਸ ਏ ਐੱਸ ਨਗਰ 24.93 ਪ੍ਰਤੀਸ਼ਤ ਦੇ ਵੱਡੇ ਫਰਕ ਦੇ ਵਾਧੇ ਨਾਲ ਪੰਜਾਬ ਭਰ ‘ਚੋਂ ਪਹਿਲੇ ਨੰਬਰ ਉਤੇ ਕਾਇਮ ਹੈ, ਲੁਧਿਆਣਾ 17.96 ਪ੍ਰਤੀਸ਼ਤ ਦੇ ਫਰਕ ਨਾਲ ਦੂਸਰੇ ਅਤੇ ਫਤਿਹਗੜ੍ਹ 17.23 ਪ੍ਰਤੀਸ਼ਤ ਦੇ ਵਾਧੇ ਨਾਲੇ ਤੀਸਰੇ ਸਥਾਨ ‘ਤੇ ਹੈ
ਪਿਛਲੇਂ ਵਰ੍ਹੇਂ ਦੌਰਾਨ ਜੋ ਵਿਦਿਆਰਥੀਆਂ ਦੀ ਗਿਣਤੀ 2352112 ਸੀ, ਹੁਣ ਵੱਧਕੇ 2643411 ਹੋ ਗਈ ਹੈ, ਨਾਲ ਤਸੱਲੀ ਵਾਲੀ ਖ਼ਬਰ ਇਹ ਵੀ ਹੈ ਕਿ ਨਵੇਂ ਦਾਖਲ ਹੋਏ 291299 ਵਿਦਿਆਰਥੀਆਂ ਵਿੱਚੋਂ 134248 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਕਹਿਕੇ ਆਏ ਹਨ
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਦੱਸਿਆ ਕਿ 40.21 ਦਾ ਸਭ ਤੋਂ ਵੱਡਾ ਵਾਧਾ ਪ੍ਰੀ ਪ੍ਰਾਇਮਰੀ ਵਿੱਚ ਦਾਖਲ ਹੋਏ ਬੱਚਿਆਂ ਦਾ ਹੈ, ਜੋ ਸਿੱਖਿਆ ਵਿਭਾਗ ਵੱਲੋਂ 14 ਨਵੰਬਰ 2017 ਨੂੰ ਸ਼ੁਰੂ ਕੀਤੀਆਂ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਸਫਲ ਤਜਰਬੇ ਨੂੰ ਦਰਸਾਉਂਦਾ ਹੈ ਪਿਛਲੇ ਸਾਲ ਪ੍ਰੀ ਪ੍ਰਾਇਮਰੀ ਵਿੱਚ 225565 ਬੱਚੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵਧਕੇ 316261 ਹੋ ਗਈ ਹੈ ਹਾਇਰ ਸੈਕੰਡਰੀ ਪੱਧਰ ‘ਤੇ ਵੀ 11ਵੀਂ, 12ਵੀਂ ਕਲਾਸਾਂ ‘ਚ ਵੀ 22.04 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ ਪਿਛਲੇ ਵਰ੍ਹੇ ਜੋ ਵਿਦਿਆਰਥੀਆਂ ਦੀ ਗਿਣਤੀ 312534 ਸੀ ਹੁਣ 381412 ਹੋ ਗਈ ਹੈ ਪ੍ਰਾਇਮਰੀ ਪੱਧਰ ਉਤੇ ਪਹਿਲੀ ਕਲਾਸ ਤੋਂ ਲੈਕੇ ਪੰਜਵੀਂ ਤੱਕ 7.83 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ
ਪਿਛਲੇ ਵਰ੍ਹੇ 848619 ਬੱਚੇ ਸਨ,ਹੁਣ ਇਹ ਗਿਣਤੀ 915069 ਹੋ ਗਈ ਹੈ ਅੱਪਰ ਪ੍ਰਾਇਮਰੀ ਤਹਿਤ ਛੇਵੀਂ ਤੋਂ ਅੱਠਵੀਂ ਤੱਕ 6.01 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਪਿਛਲੇ ਸਾਲ 574234 ਵਿਦਿਆਰਥੀ ਸਨ ਤੇ ਹੁਣ ਇਹ ਗਿਣਤੀ 608723 ਤੱਕ ਪਹੁੰਚ ਗਈ ਹੈ ਨੌਵੀਂ, ਦਸਵੀਂ ਕਲਾਸਾਂ ਦੇ ਨਵੇਂ ਦਾਖਲਿਆਂ ‘ਚ 7.87 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਪਿਛਲੇ ਸਾਲ 391160 ਵਿਦਿਆਰਥੀ ਸਨ, ਇਸ ਸਾਲ ਹੁਣ ਤੱਕ 421946 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ
ਰਾਸਾ ਵੱਲੋਂ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦਾ ਡਾਟਾ ਲੀਕ ਕਰਨ ਦਾ ਦੋਸ਼
ਪੰਜਾਬ ਸਿੱਖਿਆ ਵਿਭਾਗ ਪ੍ਰਾਈਵੇਟ ਸਕੂਲਾਂ ਵਿੱਚੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਆਉਣ ਨਾਲ ਬਾਗੋ-ਬਾਗ ਹੈ, ਦੂਜੇ ਪਾਸੇ ਰੈਕੋਗਨਾਈਜ਼ਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਨੇ ਸਿੱਖਿਆ ਵਿਭਾਗ ‘ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦਾ ਡਾਟਾ ਲੀਕ ਕਰਨ ਦਾ ਦੋਸ਼ ਲਗਾਇਆ ਹੈ ਰਾਸਾ ਦੇ ਪੰਜਾਬ ਦੇ ਚੇਅਰਮੈਨ ਹਰਪਾਲ ਸਿੰਘ ਯੂ. ਕੇ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਅਧਾਰ ਕਾਰਡ ਅਤੇ ਮੋਬਾਇਲ ਨੰਬਰ ਲੀਕ ਕਰਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਹੀਲਿਆਂ ਰਾਹੀਂ ਵਿਦਿਆਰਥੀਆਂ ਤੇ ਮਾਪਿਆਂ ‘ਤੇ ਸਰਕਾਰੀ ਸਕੂਲਾਂ ‘ਚ ਦਾਖਲਾ ਲੈਣ ਲਈ ਦਬਾਓ ਪਾਕੇ ਜਬਰੀ ਇਹ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਹ ਪ੍ਰਭਾਵ ਵੀ ਬਣਾਇਆ ਗਿਆ ਕਿ ਪ੍ਰਾਈਵੇਟ ਸਕੂਲ ਤਾਂ ਬੰਦ ਹੋ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ