ਮੁੱਖ ਮੰਤਰੀ ਫੇਸਬੁੱਕ ‘ਤੇ ਵਾਅਦਾ ਪੂਰੇ ਕਰਨ ਦੇ ਬਿਆਨ ਦੇਣ ਤੱਕ ਸੀਮਤ: ਪ੍ਰਦਰਸ਼ਨਕਾਰੀ
ਬਰਨਾਲਾ, (ਜਸਵੀਰ ਸਿੰਘ ਗਹਿਲ) ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜਮਾਂ ਦਾ ਚੱਲ ਰਿਹਾ ਧਰਨਾ ਅੱਜ 25ਵੇਂ ਦਿਨ ਸ਼ਾਮਲ ਹੋ ਗਿਆ ਹੈ। ਇਸ ਦੌਰਾਨ ਸੁਣਵਾਈ ਨਾ ਹੋਣ ਤੋਂ ਨਰਾਜ ਫਾਰਮਾਸਿਸਟਾਂ ਨੇ ਸਥਾਨਕ ਡੀਸੀ ਦਫ਼ਤਰ ਅੱਗੇ ਸਰਕਾਰ ‘ਤੇ ਵਰ੍ਹਦਿਆਂ ਪੀਪੀ ਕਿੱਟਾਂ ਪਾ ਕੇ ਰੋਸ ਮਾਰਚ ਕੀਤਾ।
ਇਸ ਦੌਰਾਨ ਗੱਲਬਾਤ ਕਰਦਿਆਂ ਰੂਰਲ ਫਾਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਬਰਜੇਸ ਕੁਮਾਰ ਤੇ ਵਿਰੇਂਦਰ ਬੁਚਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਿਰਫ਼ ਫੇਸਬੁੱਕ ‘ਤੇ ਲਾਇਵ ਹੋਕੇ ਵਾਅਦੇ ਪੂਰੇ ਕਰਨ ਦੇ ਬਿਆਨ ਦੇਣ ਤੱਕ ਸੀਮਤ ਮੁੱਖ ਮੰਤਰੀ ਹੀ ਹਨ।
ਜਿੰਨ੍ਹਾਂ ਨੂੰ ਨਾ ਹੀ ਜ਼ਮੀਨੀ ਹਕੀਕਤ ਨਜ਼ਰ ਆਉਂਦੀ ਅਤੇ ਨਾ ਹੀ ਉਹ ਇਸਨੂੰ ਦੇਖਣੇ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ ‘ਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਪ੍ਰੰਤੂ ਪਿਛਲੇ 25 ਦਿਨਾਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜਮਾਂ ਨੂੰ ਲਗਾਤਾਰ ਅਣਗੌਲਿਆ ਜਾ ਰਿਹਾ ਹੈ।
ਆਗੂਆਂ ਦੱਸਿਆ ਕਿ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਬਣਾਈ ਗਈ ਸਬ ਕੈਬਨਿਟ ਕਮੇਟੀ ਪਿਛਲੇ ਢਾਈ ਸਾਲਾਂ ‘ਚ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਏਜੰਡਾ ਕੈਬਨਿਟ ਨੂੰ ਪੇਸ਼ ਨਹੀਂ ਕਰ ਸਕੀ। ਜਿਸ ਕਾਰਨ ਸਮੂਹ ਫਾਰਮਾਸਿਸਟਾਂ ਤੇ ਦਰਜਾ ਚਾਰ ਮੁਲਾਜਮਾਂ ‘ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਤ੍ਰਿਪਤ ਬਾਜਵਾ ਨੇ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਫਾਰਮਾਸਿਸਟ ਮਹਾਂਮਾਰੀ ਦੌਰਾਨ ਮੂਹਰਲੀ ਕਤਾਰ ‘ਚ ਆਪਣੀ ਡਿਊਟੀ ਨਿਭਾ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪਿਛਲੇ 14 ਸਾਲਾਂ ਤੋਂ ਕੰਟ੍ਰੈਕਟ ਅਧਾਰ ‘ਤੇ ਨਿਗੂਣੀਆਂ ਤਨਖ਼ਾਹਾਂ ‘ਤੇ ਨੌਕਰੀ ਕਰ ਰਹੇ ਹਨ ਹੁਣ ਕੋਰੋਨਾ ਮਹਾਂਮਾਰੀ ਦੌਰਾਨ ਫਾਰਮਾਸਿਸਟ ਫਰੰਟ ਲਾਇਨ ‘ਤੇ ਡਿਊਟੀ ਕਰ ਰਹੇ ਹਨ ਜੋ ਰੈਗੂਲਰ ਹੋਣ ਲਈ ਆਪਣੀ ਯੋਗਤਾ ਵੀ ਪੂਰੀਆਂ ਕਰਦੇ ਹਨ। ਆਗੂਆਂ ਐਸੋਸੀਏਸ਼ਨ ਦੀ ਅਗਵਾਈ ‘ਚ ਰੈਗੂਲਰ ਦਾ ਨੋਟੀਫ਼ਿਕੇਸ਼ਨ ਹੋਣ ਤੱਕ ਆਪਣੇ ਸੰਘਰਸ਼ ਨੂੰ ਜ਼ਾਰੀ ਰੱਖਣ ਦਾ ਐਲਾਨ ਕੀਤਾ।
ਇਸ ਮੌਕੇ ਬਲਵਿੰਦਰ ਕੁਮਾਰ, ਸੰਦੀਪ ਕੁਮਾਰ, ਮਧੂ ਬਾਲਾ, ਜਗਵਿੰਦਰ ਕੌਰ, ਗੀਤਾ ਰਾਣੀ, ਰਾਜੇਸ਼ ਕੁਮਾਰ, ਰਵੀ ਕੁਮਾਰ, ਰਾਣੀ ਕੌਰ, ਸਰਬਜੀਤ ਕੌਰ, ਹਰਬੰਸ ਕੌਰ, ਕੁਲਵਿੰਦਰ ਕੌਰ, ਮੋਨਿਕਾ ਤੇ ਪਰਮਜੀਤ ਕੋਰ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ