ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਨਿੱਜੀ ਕੰਪਨੀ ਵਾਂਗ ਚਲਾ ਰਿਹੈ : ਢੀਂਡਸਾ

ਕਿਹਾ, ਮੁੜ ਤੋਂ ਸ੍ਰ੍ਰੋਮਣੀ ਅਕਾਲੀ ਦਲ ਦਾ ਮਾਣ ਸਤਿਕਾਰ ਬਹਾਲ ਕਰਾਂਗੇ

ਸਮਾਣਾ, (ਸੁਨੀਲ ਚਾਵਲਾ)। ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਮਾਣ ਸਤਿਕਾਰ ਬਹਾਲ ਕਰਾਂਗਾ ਤੇ ਪਾਰਟੀ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਾਰੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਿੱਜੀ ਕੰਪਨੀ ਬਣਾ ਕੇ ਰੱਖ ਦਿੱਤਾ ਹੈ।

ਇੱਥੋਂ ਤੱਕ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿੱਤੀ ਹਾਲਤ ਹੱਦੋਂ ਵੱਧ ਪਤਲੀ ਹੋ ਗਈ ਹੈ ਤੇ ਹੁਣ ਉੱਥੇ ਹਰ ਰੋਜ ਨਵੇਂ ਤੋਂ ਨਵੇਂ ਸਕੈਂਡਲ ਨਿਕਲ ਕੇ ਬਾਹਰ ਆ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਸਮਾਣਾ ਦੇ ਪਿੰਡ ਫਤਿਹਮਾਜਰੀ ਵਿਖੇ ਸਾਬਕਾ ਡੀਐਸਪੀ ਨਾਹਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਕੁਲਵਿੰਦਰ ਸਿੰਘ ਜੋਗੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਆਏ ਸਨ। ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਰੱਖੜਾ ਅਤੇ ਤਜਿੰਦਰਪਾਲ ਸਿੰਘ ਸੰਧੂ ਵੀ ਹਾਜ਼ਰ ਸਨ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕਮਾਨ ਸੰਭਾਲੀ ਹੈ ਉਸ ਸਮੇਂ ਤੋਂ ਹੀ ਉਸਨੇ ਡਿਕਟੇਟਰਸ਼ਿਪ ਚਲਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਨਿੱਜੀ ਕੰਪਨੀ ਬਣਾ ਕੇ ਰੱਖ ਦਿੱਤਾ ਹੈ ਤੇ ਸਾਰੇ ਸਿਧਾਂਤਾਂ ਨੂੰ ਭੁੱਲ ਗਿਆ ਹੈ ਜਿਸ ਕਾਰਨ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂ ਖੇਰੂ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੀ ਮਾੜੀ ਵਿੱਤੀ ਹਾਲਤ ਲਈ ਵੀ ਸ਼੍ਰੋਮਣੀ ਅਕਾਲੀ ਦਲ ਦੀ ਬੀ ਟੀਮ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਜਿਸ ਤਰ੍ਹਾਂ ਨਾਲ ਹਰ ਰੋਜ ਨਵੇਂ ਸਕੈਂਡਲ ਨਿਕਲ ਕੇ ਆ ਰਹੇ ਹਨ ਉਸਨੇ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ, ਪ੍ਰੰਤੂ ਇਸ ਲਈ ਜਿੰਮੇਵਾਰ ਵਿਅਕਤੀਆਂ ਵੱਲੋਂ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਸ ਬੀ ਟੀਮ ਨੂੰ ਲਾਂਬੇ ਕਰਕੇ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਨੂੰ ਮੁੜ ਲੀਹਾਂ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਵੱਡੇ ਲੀਡਰ ਉਨ੍ਹਾਂ ਦੇ ਨਾਲ ਆਉਣਗੇ ਤੇ ਬਾਦਲ ਐਂਡ ਕੰਪਨੀ ਖੇਰੂ ਖੇਰੂ ਹੋ ਕੇ ਰਹਿ ਜਾਵੇਗੀ। ਜਿਸ ਤੋਂ ਬਾਅਦ ਸਭ ਨੂੰ ਪਤਾ ਲੱਗ ਜਾਵੇਗਾ ਕਿ ਅਸਲ ਅਕਾਲੀ ਦਲ ਕਿਹੜਾ ਹੈ।

ਉਨ੍ਹਾਂ ਕਿਹਾ ਕਿ 2022 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਾਰੀਆਂ ਹਮਖਿਆਲੀ ਪਾਰਟੀਆਂ ਨਾਲ ਗਠਜੋੜ ਕਰਕੇ ਪੰਜਾਬ ਦੇ ਲੋਕਾਂ ਨੂੰ ਤੀਜਾ ਬਦਲ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਇਨ੍ਹਾਂ ਦੋਵੇਂ ਲੋਟੂ ਪਾਰਟੀਆਂ ਤੋਂ ਰਾਹਤ ਮਿਲ ਸਕੇ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਡੀਐਸਪੀ ਨਾਹਰ ਸਿੰਘ ਨੇ ਕਿਹਾ ਕਿ ਉਹ ਪਾਰਟੀ ਵਿੱਚ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ