ਪੁਲਿਸ ਮੇਰੇ ਪਿਤਾ ਨੂੰ ਮਰਨ ਲਈ ਮਜ਼ਬੂਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ : ਵਿਕਰਮ ਸਿੰਘ

ਕਿਹਾ, ਧਮਕੀਆਂ ਕਾਰਨ ਅਸੀਂ ਪਿੰਡ ਛੱਡਣ ਲਈ ਮਜ਼ਬੂਰ ਹੋ ਗਏ

ਸੰਗਰੂਰ, (ਗੁਰਪ੍ਰੀਤ ਸਿੰਘ) 27 ਮਈ 2020 ਨੂੰ ਜ਼ਿਲ੍ਹਾ ਸੰਗਰੂਰ, ਤਹਿਸੀਲ ਮੂਣਕ ਪਿੰਡ ਬਨਾਰਸੀ ਦੇ ਰਹਿਣ ਵਾਲੇ ਬਸਾਊ ਰਾਮ ਨੇ ਕੁਝ ਵਿਅਕਤੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ ਇਸ ਦੌਰਾਨ ਉਸ ਨੇ ‘ਸੁਸਾਇਡ ਨੋਟ’ ਲਿਖ ਕੇ ਪਿੰਡ ਬਨਾਰਸੀ ਦੇ ਹੀ 10 ਜਣਿਆਂ ਦੇ ਨਾਂਅ ਲਿਖੇ ਸਨ ਜਿਨ੍ਹਾਂ ਨੇ ਤੰਗ ਪ੍ਰੇਸ਼ਾਨ ਕਰਕੇ ਉਸ ਨੂੰ ਮਰਨ ਲਈ ਮਜਬੂਰ ਕੀਤਾ ਸੀ।

ਅੱਜ ਮ੍ਰਿਤਕ ਬਸਾਊ ਰਾਮ ਦੇ ਨੌਜਵਾਨ ਲੜਕੇ ਵਿਕਰਮ ਸਿੰਘ ਨੇ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਜ਼ਿਲ੍ਹਾ ਸੰਗਰੂਰ ਦੀ ਪੁਲਿਸ ‘ਤੇ ਦੋਸ਼ ਲਾਏ ਹਨ ਕਿ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਉਸ ਦੇ ਪਿਤਾ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਸਗੋਂ ਖੁੱਲ੍ਹ ਦੇ ਰੱਖੀ ਹੈ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ।

ਵਿਕਰਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਮੌਤ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਪੁਲਿਸ ਦੀਆਂ ਮਿੰਨਤਾਂ ਕਰ ਰਿਹਾ ਹਾਂ ਪਰ ਉਸ ਦੀ ਬੇਵਸੀ ‘ਤੇ ਪੁਲਿਸ ਨੂੰ ਵੀ ਕੋਈ ਤਰਸ ਨਹੀਂ ਆ ਰਿਹਾ।

ਉਸ ਨੇ ਦੱਸਿਆ ਕਿ 27 ਮਈ ਨੂੰ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਬੇਸ਼ੱਕ ਪੁਲਿਸ ਨੇ ਪਿੰਡ ਦੇ 10 ਜਣਿਆਂ ‘ਤੇ ਪਰਚਾ ਦਰਜ਼ ਕਰ ਲਿਆ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਉਸ ਨੇ ਕਿਹਾ ਕਿ ਕਥਿਤ ਦੋਸ਼ੀ ਉਸ ਦੇ ਪਰਿਵਾਰ ਨੂੰ ਆ ਕੇ ਧਮਕਾ ਰਹੇ ਹਨ ਕਿ ਉਹ ਉਨ੍ਹਾਂ ਦੇ ਨਾਲ ਰਾਜ਼ੀਨਾਮਾ ਕਰ ਲਏ ਨਹੀਂ ਤਾਂ ਅੰਜ਼ਾਮ ਖ਼ਤਰਨਾਕ ਹੋਵੇਗਾ ਉਸ ਨੇ ਕਿਹਾ ਕਿ ਪੁਲਿਸ ਵੀ ਚਾਹੁੰਦੀ ਹੈ ਕਿ ਉਹ ਕਥਿਤ ਦੋਸ਼ੀਆਂ ਨਾਲ ਰਾਜ਼ੀਨਾਮਾ ਕਰ ਲਏ ਉਸ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀਆਂ ਧਮਕੀਆਂ ਤੋਂ ਡਰਦਿਆਂ ਅਸੀਂ ਪਿੰਡ ਛੱਡ ਕੇ ਚੰਡੀਗੜ੍ਹ ‘ਚ ਕਿਰਾਏ ‘ਤੇ ਰਹਿਣ ਲਈ ਮਜ਼ਬੂਰ ਹਾਂ।

ਵਿਕਰਮ ਸਿੰਘ ਨੇ ਦੱਸਿਆ ਕਿ ਉਹ ਇਨਸਾਫ਼ ਖ਼ਾਤਰ ਸੰਗਰੂਰ ਦੇ ਐਸ.ਐਸ.ਪੀ. ਤੋਂ ਲੈ ਕੇ ਆਈ.ਜੀ. ਪਟਿਆਲਾ ਰੇਂਜ ਤੱਕ ਅਪੀਲ ਕਰ ਚੁੱਕਿਆ ਹਾਂ ਪਰ ਕੋਈ ਹੱਲ ਨਹੀਂ ਨਿੱਕਲਿਆ ਕਥਿਤ ਦੋਸ਼ੀ ਅੱਜ ਵੀ ਸ਼ਰੇਆਮ ਘੁੰਮ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਉਨ੍ਹਾਂ ਤੋਂ ਖ਼ਤਰਾ ਹੈ ਉਸ ਨੇ ਦੱਸਿਆ ਕਿ ਇੱਕ ਦਿਨ ਤਾਂ ਪਿਸਤੌਲ ਤੇ ਹੋਰ ਹਥਿਆਰ ਲੈ ਕੇ ਵੀ ਆ ਗਏ ਸਨ ਜਿਸ ਦਾ ਉਨ੍ਹਾਂ ਕੋਲ ਪੁਖ਼ਤਾ ਸਬੂਤ ਹੈ।

ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ: ਐਸ.ਪੀ. (ਆਪਰੇਸ਼ਨ)

ਇਸ ਸਬੰਧੀ ਐਸ.ਪੀ. (ਆਪਰੇਸ਼ਨ) ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸੁਸਾਇਡ ਨੋਟ ਦੀ ਲਿਖਤ ਦੇ ਸੈਂਪਲ ਭੇਜੇ ਗਏ ਹਨ ਜਿਸ ਦੀ ਰਿਪੋਰਟ ਆਉਣ ਵਾਲੀ ਹੈ ਉਨ੍ਹਾਂ ਵਿਕਰਮ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਪਹੁੰਚ ਚੁੱਕੀ ਹੈ ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕ ਦੇ ਲੜਕੇ ਨੂੰ ਕਈ ਵਾਰ ਜਾਂਚ ਵਿੱਚ ਸ਼ਾਮਿਲ ਹੋ ਕੇ ਆਪਣਾ ਪੱਖ ਰੱਖਣ ਦਾ ਸੱਦਾ ਭੇਜਿਆ ਹੈ ਪਰ ਉਸ ਵੱਲੋਂ ਕੋਈ ਰਿਸਪਾਂਸ ਨਹੀਂ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਸੁਸਾਇਡ ਨੋਟ ਵਿੱਚ ਲਿਖੇ ਗਏ ਪਿੰਡ ਬਨਾਰਸੀ ਦੇ ਵਿਅਕਤੀਆਂ ਦੇ ਨਾਂਵਾਂ ਸਬੰਧੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੇ ਪੁਲਿਸ ਨੂੰ ਅਰਜ਼ੀ ਦਿੱਤੀ ਹੈ ਕਿ ਉਨ੍ਹਾਂ ਦਾ ਇਸ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਜਿਸ ਕਾਰਨ ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਦੇ ਨਿਰਦੇਸ਼ਾਂ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਗਈ।