ਦੇਸ਼ ਦੇ ਵਿਕਾਸ ‘ਚ ਵੱਡੀ ਰੁਕਾਵਟ ਨਿਰੰਤਰ ਵਧਦੀ ਜਨਸੰਖਿਆ
ਪੂਰੀ ਦੁਨੀਆ ਵਿੱਚ ਹਰ ਸਾਲ 11 ਜੁਲਾਈ ਦਾ ਦਿਨ ਵਿਸ਼ਵ ਜਨਸੰਖਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਧਦੀ ਅਬਾਦੀ ਨੂੰ ਧਿਆਨ ਵਿੱਚ ਰੱਖਦਿਆਂ 11 ਜੁਲਾਈ 1989 ਤੋਂ ਜਨਸੰਖਿਆ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਵਿਸ਼ਵ ਜਨਸੰਖਿਆ ਦਿਨ ਮਨਾਏ ਜਾਣ ਦੀ ਸ਼ੁਰੂਆਤ ਹੋਈ। ਇਸ ਦਿਨ ਪੂਰੀ ਦੁਨੀਆ ਵਿੱਚ ਵਧਦੀ ਜਨਸੰਖਿਆ ਕਾਰਨ ਸਮਾਜ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਕਿ ਨਿਰੰਤਰ ਵਧਦੀ ਜਨਸੰਖਿਆ ਨੂੰ ਕਾਬੂ ਕੀਤਾ ਜਾ ਸਕੇ।
ਅੱਜ ਪੂਰੀ ਦੁਨੀਆ ਦੀ ਜਨਸੰਖਿਆ 7 ਅਰਬ 80 ਕਰੋੜ ਦੇ ਆਸ-ਪਾਸ ਪਹੁੰਚ ਚੁੱਕੀ ਹੈ। ਵਿਸ਼ਵ ਵਿੱਚ ਚੀਨ ਕਰੀਬ 1 ਅਰਬ 44 ਕਰੋੜ ਦੀ ਜਨਸੰਖਿਆ ਨਾਲ ਪਹਿਲੇ ਨੰਬਰ ‘ਤੇ ਹੈ ਜਦੋਂਕਿ ਭਾਰਤ 1 ਅਰਬ 38 ਕਰੋੜ ਜਨਸੰਖਿਆ ਨਾਲ ਦੂਜੇ ਨੰਬਰ ‘ਤੇ ਹੈ। ਇਸ ਵਧਦੀ ਜਨਸੰਖਿਆ ਦੇ ਬਹੁਤ ਸਾਰੇ ਬੁਰੇ ਪ੍ਰਭਾਵ ਪੈ ਰਹੇ ਹਨ ਜੋ ਹਰ ਵਿਕਾਸਸ਼ੀਲ ਦੇਸ਼ ਲਈ ਘਾਤਕ ਸਿੱਧ ਹੋ ਰਹੇ ਹਨ।
ਭਾਰਤ ਵਿੱਚ ਨਿਰੰਤਰ ਵਧਦੀ ਜਨਸੰਖਿਆ ਦਾ ਕੋਈ ਇੱਕ ਕਾਰਨ ਨਹੀਂ ਸਗੋਂ ਅਨੇਕ ਹਨ। ਅਨਪੜ੍ਹਤਾ ਇਸਦਾ ਸਭ ਤੋਂ ਵੱਡਾ ਕਾਰਨ ਹੈ। ਅੱਜ ਵੀ ਸਾਡੇ ਦੇਸ਼ ਵਿੱਚ ਕਈ ਅਜਿਹੇ ਪਿਛੜੇ ਇਲਾਕੇ ਅਤੇ ਪਿੰਡ ਹਨ ਜਿੱਥੇ ਬਾਲ ਵਿਆਹ ਦੀ ਪਰੰਪਰਾ ਹੈ। ਜਿਸਦੇ ਕਾਰਨ ਘੱਟ ਉਮਰ ਤੋਂ ਹੀ ਬੱਚੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।
ਪਿਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵਧਦੀ ਜਨਸੰਖਿਆ ਪ੍ਰਤੀ ਜਾਗਰੂਕ ਨਹੀਂ ਹਨ ਤੇ ਨਾ ਹੀ ਅਜਿਹੇ ਲੋਕਾਂ ਤੱਕ ਸਰਕਾਰ ਦੇ ਵਧਦੀ ਜਨਸੰਖਿਆ ਬਾਰੇ ਚਲਾਏ ਜਾਂਦੇ ਜਾਗਰੂਕ ਪ੍ਰੋਗਰਾਮ ਪਹੁੰਚਦੇ ਹਨ। ਅਨਪੜ੍ਹਤਾ ਕਾਰਨ ਇਹ ਲੋਕ ਨਿਰੰਤਰ ਵਧਦੀ ਜਨਸੰਖਿਆ ਕਾਰਨ ਸਮਾਜ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਵੀ ਅਣਜਾਣ ਹਨ ਇਸ ਲਈ ਦੇਸ਼ ਦੇ ਪਿਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਿੱਖਿਅਤ ਕਰਨਾ ਅਤਿ ਜਰੂਰੀ ਹੈ। ਦੇਸ਼ ਵਿੱਚ ਰੂੜੀਵਾਦੀ ਤੇ ਮਰਦ ਪ੍ਰਧਾਨ ਸਮਾਜ ਵਰਗੀ ਸੋਚ ਅਜੇ ਵੀ ਭਾਰੂ ਹੈ।
ਅੱਜ 21ਵੀਂ ਸਦੀ ਵਿੱਚ ਵੀ ਔਰਤ ਨੂੰ ਉਹ ਰੁਤਬਾ ਨਹੀਂ ਮਿਲ ਸਕਿਆ ਜਿਸਦੀ ਉਹ ਹੱਕਦਾਰ ਹੈ। ਲੜਕੀ ਨੂੰ ਲੜਕੇ ਦੇ ਬਰਾਬਰ ਦਾ ਦਰਜਾ ਨਾ ਮਿਲਣ ਕਾਰਨ ਹੀ ਲੜਕੇ ਦੀ ਚਾਹਤ ਵਿੱਚ ਬਹੁਤੇ ਪਰਿਵਾਰ ਜ਼ਿਆਦਾ ਬੱਚੇ ਪੈਦਾ ਕਰਦੇ ਹਨ ਭਾਵੇਂ ਦੇਸ਼ ਦੇ ਜ਼ਿਆਦਾ ਸਾਖ਼ਰਤਾ ਦਰ ਵਾਲੇ ਸੂਬਿਆਂ ਵਿੱਚ ਹੁਣ ਅਜਿਹੀ ਸੋਚ ਨਹੀਂ ਰਹੀ ਪਰ ਪਿਛੜੇ ਇਲਾਕਿਆਂ ਵਿੱਚ ਅਜੇ ਵੀ ਆਮ ਲੋਕਾਂ ਦੀ ਇਹੀ ਧਾਰਨਾ ਬਣੀ ਹੋਈ ਹੈ ਕਿ ਕਿਸੇ ਵੀ ਖਾਨਦਾਨ ਨੂੰ ਅੱਗੇ ਵਧਾਉਣ ਲਈ ਲੜਕੇ ਦਾ ਪੈਦਾ ਹੋਣਾ ਜਰੂਰੀ ਹੈ।
ਭਾਵੇਂ ਲੜਕੀਆਂ ਆਪਣੇ ਮਾਪਿਆਂ ਪ੍ਰਤੀ ਵਧੇਰੇ ਮੋਹ ਤੇ ਅਪਣੱਤ ਰੱਖਦੀਆਂ ਹਨ ਪਰ ਸਮਾਜ ਦੇ ਬਹੁਤੇ ਹਿੱਸੇ ਦੀ ਸੋਚ ਅੱਜ ਵੀ ਇਹੀ ਹੈ ਕਿ ਬੁਢਾਪੇ ਵਿੱਚ ਪੁੱਤਰ ਹੀ ਉਨ੍ਹਾਂ ਦਾ ਸਹਾਰਾ ਬਣਨਗੇ। ਦੇਸ਼ ਵਿੱਚ ਅੱਜ ਵੀ ਕਈ ਇਲਾਕੇ ਅਜਿਹੇ ਹਨ ਜਿੱਥੇ ਵੱਡੇ ਬਜ਼ੁਰਗਾਂ ਦੀ ਅਜਿਹੀ ਸੋਚ ਹੁੰਦੀ ਹੈ ਕਿ ਜੇਕਰ ਉਨ੍ਹਾਂ ਦੀ ਜੱਦੀ ਜਾਇਦਾਦ ਜਿਆਦਾ ਹੈ ਤਾਂ ਉਸਨੂੰ ਅੱਗੇ ਵਧਾਉਣ ਅਤੇ ਸੰਭਾਲਣ ਲਈ ਜ਼ਿਆਦਾ ਪੁੱਤਰ ਪੈਦਾ ਕੀਤੇ ਜਾਣ।
ਪਰਿਵਾਰ ਨਿਯੋਜਨ ਦੇ ਮਹੱਤਵ ਨੂੰ ਸਮਝਾਏ ਬਿਨਾਂ ਹੀ ਨੌਜਵਾਨਾਂ ਦੇ ਵਿਆਹ ਕਰ ਦੇਣਾ ਵੀ ਵਧਦੀ ਜਨਸੰਖਿਆ ਦਾ ਇੱਕ ਮੁੱਖ ਕਾਰਨ ਹੈ। ਇਸ ਤਰ੍ਹਾਂ ਦੀਆਂ ਗੱਲਾਂ ਉੱਤੇ ਅੱਜ ਵੀ ਘਰ-ਪਰਿਵਾਰ ਵਿੱਚ ਚਰਚਾ ਕਰਨਾ ਗਲਤ ਸਮਝਿਆ ਜਾਂਦਾ ਹੈ। ਆਪਣੇ ਜਵਾਨ ਬੱਚਿਆਂ ਨੂੰ ਸਬੰਧਾਂ ਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਦੱਸੇ ਬਿਨਾਂ ਸਿੱਧੇ ਉਨ੍ਹਾਂ ਦੇ ਵਿਆਹ ਕਰ ਦਿੱਤੇ ਜਾਂਦੇ ਹਨ ਅਜਿਹੀ ਅਗਿਆਨਤਾ ਕਾਰਨ ਹੀ ਉਹ ਜ਼ਿਆਦਾ ਬੱਚੇ ਪੈਦਾ ਕਰ ਲੈਂਦੇ ਹਨ। ਗਰੀਬੀ ਵੀ ਵਧਦੀ ਜਨਸੰਖਿਆ ਦਾ ਮੁੱਖ ਕਾਰਨ ਹੈ। ਸਾਲ 2011 ਦੀ ਜਨਗਣਨਾ ਰਿਪੋਰਟ ਅਨੁਸਾਰ ਦੇਸ਼ ਵਿੱਚ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ ਜਨਸੰਖਿਆ ਹੈ।
ਮਹਾਂਰਾਸ਼ਟਰ ਦੂਜੇ ਤੇ ਬਿਹਾਰ ਤੀਜੇ ਨੰਬਰ ‘ਤੇ ਹੈ। ਵਧਦੀ ਜਨਸੰਖਿਆ ਦੇ ਦੇਸ਼ ਉੱਪਰ ਅਨੇਕ ਅਜਿਹੇ ਪ੍ਰਭਾਵ ਪੈ ਰਹੇ ਹਨ ਜੋ ਹਰ ਪੱਖ ਤੋਂ ਹੀ ਲਗਾਤਾਰ ਦੇਸ਼ ਲਈ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। ਪੂਰੀ ਖੁਰਾਕ ਨਾ ਮਿਲਣ ਕਾਰਨ ਬਹੁਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਰੁਜਗਾਰ ਦੀ ਸਮੱਸਿਆ ਦਿਨੋ-ਦਿਨ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ। ਕੰਮ ਘਟਣ ਤੇ ਜਨਸੰਖਿਆ ਵਧਣ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ ਜੋ ਦੇਸ਼ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਬਣ ਰਹੀ ਹੈ।
ਜਨਸੰਖਿਆ ਜਿਆਦਾ ਹੋਵੇਗੀ ਤਾਂ ਉਸ ਦਾ ਪਾਲਣ-ਪੋਸ਼ਣ ਕਰਨਾ ਵੀ ਮੁਸ਼ਕਲ ਹੋਵੇਗਾ ਜਿਸ ਨਾਲ ਜੀਵਨ ਕਸ਼ਟਮਈ ਹੋਵੇਗਾ ਤੇ ਬੱਚਿਆਂ ਦਾ ਭਵਿੱਖ ਵੀ ਖ਼ਰਾਬ ਹੋਵੇਗਾ। ਵਧਦੀ ਜਨਸੰਖਿਆ ਅਸਮਾਨਤਾ ਵਧਾਉਂਦੀ ਹੈ। ਘਰ ਵਿੱਚ ਜ਼ਿਆਦਾ ਬੱਚੇ ਹਨ ਤਾਂ ਸਕੂਲ ਵਿੱਚ ਵੀ ਜਿਆਦਾ, ਕਾਲਜ ਵਿੱਚ ਵੀ ਜਿਆਦਾ, ਨੌਕਰੀ ਲੱਗਣ ਦੀ ਦੌੜ ਵਿੱਚ ਵੀ ਜਿਆਦਾ, ਇਸ ਤਰ੍ਹਾਂ ਪੂਰੇ ਸਮਾਜ, ਦੁਨੀਆ ਵਿੱਚ ਅਸਮਾਨਤਾ ਤੇ ਭੇਦਭਾਵ ਵਧਦਾ ਹੈ। ਵਧਦੀ ਜਨਸੰਖਿਆ ਦੇਸ਼ ਦੇ ਵਿਕਾਸ ਵਿੱਚ ਵੱਡਾ ਰੋੜਾ ਬਣਦੀ ਹੈ। ਵਧਦੀ ਜਨਸੰਖਿਆ ਨੂੰ ਰੋਕੇ ਜਾਣ ਲਈ ਸਰਕਾਰ ਨੂੰ ਅਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਜਿਸ ਨਾਲ ਘਰ-ਘਰ ਤੱਕ ਪਹੁੰਚ ਕੇ ਲੋਕਾਂ ਨੂੰ ਜਨਸੰਖਿਆ ਰੋਕਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾਵੇ।
ਜਿਆਦਾ ਬੱਚੇ ਪੈਦਾ ਕਰਨ ਵਾਲਿਆਂ ਲਈ ਸਖ਼ਤ ਕਾਨੂੰਨ ਬਣਾਏ ਜਾਣ, ਜਿਆਦਾ ਬੱਚੇ ਪੈਦਾ ਕਰਨ ਵਾਲੇ ਲੋਕਾਂ ਦਾ ਸਮਾਜਿਕ ਪੱਧਰ ‘ਤੇ ਬਾਈਕਾਟ ਕੀਤਾ ਜਾਵੇ ਕਿਉਂਕਿ ਦੂਜੇ ਵੀ ਜੇਕਰ ਜ਼ਿਆਦਾ ਬੱਚੇ ਪੈਦਾ ਕਰਦੇ ਹਨ ਤਾਂ ਇਸਦਾ ਅਸਰ ਹਰ ਪਰਿਵਾਰ ਦੇ ਬੱਚਿਆਂ ਦੇ ਭਵਿੱਖ ‘ਤੇ ਵੀ ਪੈਂਦਾ ਹੈ। ਪਿਛੜੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਅਜਿਹੇ ਇਲਾਕਿਆਂ ‘ਚ ਵਧਦੀ ਜਨਸੰਖਿਆ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਸਮੇਂ-ਸਮੇਂ ‘ਤੇ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਐਲਨਾਬਾਦ, ਸਰਸਾ (ਹਰਿਆਣਾ)
ਮੋ : 94670-95953
ਜਗਤਾਰ ਸਮਾਲਸਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ