ਸਾਰੇ ਪਰਿਵਾਰਕ ਮੈਂਬਰ ਘਰਾਂ ਨੂੰ ਭੇਜੇ
ਸੰਗਰੂਰ, (ਗੁਰਪ੍ਰੀਤ ਸਿੰਘ) ਸ਼ੂਗਰ ਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਬਜ਼ੁਰਗ ਔਰਤ ਸਮੇਤ ਸੰਗਰੂਰ ਜ਼ਿਲ੍ਹੇ ‘ਚ ਰਹਿੰਦੇ ਉਸਦੇ ਪੂਰੇ ਪਰਿਵਾਰ ਨੇ ਕੋਵਿਡ-19 ਤੋਂ ਜੰਗ ਜਿੱਤ ਕੇ ਘਰ ਵਾਪਸੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇੱਕ 64-ਸਾਲਾ ਬਜ਼ੁਰਗ ਔਰਤ ਉੱਤਰਾਖੰਡ ‘ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਘਰ ਪਰਤੀ ਸੀ ਜਿਸ ਤੋਂ ਬਾਅਦ ਘਰ ‘ਚ ਉਸਨੂੰ ਬੁਖ਼ਾਰ ਤੇ ਸਾਹ ਲੈਣ ਦੀ ਤਕਲੀਫ਼ ਹੋਈ।
ਸਥਾਨਕ ਸਿਹਤ ਵਿਭਾਗ ਵੱਲੋਂ ਸੰਗਰੂਰ ਸਿਵਲ ਹਸਪਤਾਲ ਵਿਖੇ ਇਸ ਬਜ਼ੁਰਗ ਔਰਤ ਦਾ ਕੋਵਿਡ-19 ਸਬੰਧੀ ਟੈਸਟ ਕੀਤਾ ਗਿਆ ਜੋ ਕਿ 28 ਜੂਨ ਨੂੰ ਪਾਜਿਟਿਵ ਆਇਆ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਜਿਨ੍ਹਾਂ ‘ਚ ਉਸਦੀ 13 ਸਾਲਾ ਪੋਤੀ ਨੂੰ ਛੱਡ ਕੇ ਬਾਕੀ 5 ਮੈਂਬਰਾਂ ਦੇ ਨਮੂਨਿਆਂ ਦਾ ਨਤੀਜਾ ਵੀ ਪਾਜਿਟਿਵ ਆਇਆ।
ਇਨ੍ਹਾਂ 5 ਮੈਂਬਰਾਂ ‘ਚ ਉਸਦਾ 69 ਸਾਲ ਦਾ ਪਤੀ, 39 ਸਾਲਾ ਪੁੱਤਰ, 36 ਸਾਲਾ ਨੂੰਹ, 9 ਸਾਲਾ ਪੋਤੀ ਅਤੇ 4 ਸਾਲ ਦਾ ਪੋਤਾ ਸ਼ਾਮਲ ਹਨ।ਟੈਸਟ ਪਾਜਿਟਿਵ ਆਉਣ ਤੋਂ ਬਾਅਦ ਬਜ਼ੁਰਗ ਔਰਤ ਦੀਆਂ ਹੋਰਨਾਂ ਬਿਮਾਰੀਆਂ ਨੂੰ ਵੇਖਦਿਆਂ ਸਥਾਨਕ ਸਿਹਤ ਵਿਭਾਗ ਦੇ ਡਾਕਟਰਾਂ ਨੇ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਜਿੱਥੇ 10 ਦਿਨਾਂ ਦੇ ਇਲਾਜ ਤੋਂ ਬਾਅਦ ਉਸਨੂੰ ਕੱਲ੍ਹ ਘਰ ਭੇਜ ਦਿੱਤਾ ਗਿਆ। ਇਸਦੇ ਨਾਲ ਹੀ ਉਸਦੀ ਨੂੰਹ, ਪੋਤੀ ਅਤੇ ਪੋਤੇ ਨੂੰ ਅੱਜ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ ਜਦਕਿ ਉਸਦੇ ਪਤੀ ਤੇ ਪੁੱਤਰ ਨੂੰ ਪਹਿਲਾਂ ਹੀ ਘਰ ਭੇਜ ਕੇ ਕੁਆਰੰਟੀਨ ਕੀਤਾ ਜਾ ਚੁੱਕਾ ਹੈ।
ਘਰ ਪਰਤਣ ਤੋਂ ਬਾਅਦ ਬਜ਼ੁਰਗ ਔਰਤ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਚੰਗੇ ਪ੍ਰਬੰਧਾਂ ਤੇ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸਮੇਂ ਸਿਰ ਟੈਸਟ ਕਰਵਾਉਣ ਤੇ ਮਰੀਜ਼ ਨੂੰ ਸਹੀ ਇਲਾਜ ਪ੍ਰਦਾਨ ਕਰਕੇ ਕੋਵਿਡ-19 ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਦਾ ਕੋਈ ਵੀ ਲੱਛਣ ਸਾਹਮਣੇ ਆਉਣ ‘ਤੇ ਆਪਣੇ ਆਪ ਨੂੰ ਬਾਕੀ ਪਰਿਵਾਰਕ ਮੈਂਬਰਾਂ ਤੋਂ ਵੱਖ ਕਰ ਲੈਣਾ ਚਾਹੀਦਾ ਹੈ ਅਤੇ ਇਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਸਦਾ ਇਲਾਜ ਕੀਤਾ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ