13 ਨੂੰ ਮੁੜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
ਪਟਿਆਲਾ, (ਸੱਚ ਕਹੂੰ ਨਿਊਜ)। ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼ ਅਤੇ ਮਹਿਲਾਵਾਂ ਨੇ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ 8 ਜੁਲਾਈ ਨੂੰ ਕੀਤਾ ਜਾਣਾ ਸੀ, ਪਰ ਪਟਿਆਲਾ ਪ੍ਰਸ਼ਾਸਨ ਵੱਲੋਂ 7 ਜੁਲਾਈ ਨੂੰ ਹੀ ਸਿਹਤ ਮੰਤਰੀ ਨਾਲ ਲਿਖਤੀ ਪੈਨਲ ਮੀਟਿੰਗ ਦਿੱਤੀ ਗਈ ਸੀ।
ਅੱਜ ਬੇਰੁਜ਼ਗਾਰ ਯੂਨੀਅਨ ਨੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਰਿਹਾਇਸ਼ ਸੈਕਟਰ 39 ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਮੀਟਿੰਗ ਵਿੱਚ ਬੇਰੁਜ਼ਗਾਰਾਂ ਵੱਲੋਂ ਹੈਲਥ ਵਰਕਰ ਪੁਰਸ਼ ਦੀਆਂ 200 ਅਸਾਮੀਆਂ ਨੂੰ ਵਧਾਉਣ ਅਤੇ ਵਰਕਰ ਮਹਿਲਾ ਦੀਆਂ ਮਨਜੂਰ 600 ਅਸਾਮੀਆਂ ਨੂੰ ਵਧਾਉਣ ਦੀ ਮੰਗ ਸਮੇਤ , ਉਮਰ ਹੱਦ ਛੋਟ ਅਤੇ ਲਿਖਤੀ ਪੇਪਰ ਪੰਜਾਬੀ ਵਿੱਚ ਕਰਵਾਉਣ ਸਬੰਧੀ ਮੰਗ ਰੱਖੀ ਗਈ,
ਪ੍ਰੰਤੂ ਉਪਰੋਕਤ ਮੰਗਾਂ, ਉਮਰ ਹੱਦ ਛੋਟ ਅਤੇ ਅਸਾਮੀਆਂ ਵਿੱਚ ਵਾਧੇ ਲਈ ਪੰਜਾਬ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਬਣਾਈ ਕਮੇਟੀ ਅਤੇ ਵਿੱਤ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਹੋਣ ਬਾਰੇ ਆਖਿਆ। ਜਿਸ ਤੋਂ ਬਾਅਦ ਬੇਰੁਜ਼ਗਾਰਾਂ ਵੱਲੋਂ ਮੀਟਿੰਗ ਨੂੰ ਬੇਸਿੱਟਾ ਆਖ ਕੇ ਮੁੜ 13 ਜੁਲਾਈ ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ।
ਬੇਰੁਜ਼ਗਾਰ ਆਗੂਆਂ ਨੇ ਆਖਿਆ ਕਿ ਸਰਕਾਰ ਆਪਣੇ ਘਰ ਘਰ ਰੁਜ਼ਗਾਰ ਵਾਲੇ ਵਾਅਦੇ ਤੋਂ ਸਾਫ ਮੁੱਕਰ ਚੁੱਕੀ ਹੈ। ਉਨ੍ਹਾਂ ਸਿਹਤ ਮੰਤਰੀ ‘ਤੇ ਵੀ ਵਾਅਦਾ ਖਿਲਾਫੀ ਦਾ ਦੋਸ਼ ਲਗਾਇਆ। ਇਸ ਮੌਕੇ ਤਰਲੋਚਨ ਸਿੰਘ ਨਾਗਰਾ ਸੰਗਰੂਰ, ਅਮਰੀਕ ਸਿੰਘ ਬਠਿੰਡਾ, ਪ੍ਰੇਮਜੀਤ ਬਾਲਿਆਵਾਲੀ, ਦਵਿੰਦਰ ਮੋਹਾਲੀ,ਰਾਣੀ ਕੌਰ ਅਤੇ ਕੁਲਵਿੰਦਰ ਕੌਰ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ