ਸੋਇਆਬੀਨ ਦੀ ਕਾਸ਼ਤ ਦੇ ਸੁਚੱਜੇ ਢੰਗ
ਪੰਜਾਬ ਵਿੱਚ ਸੋਇਆਬੀਨ ਖੇਤੀ ਵਿਭਿੰਨਤਾ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ ਸੋਇਆਬੀਨ ਸਾਉਣੀ ਦੀਆਂ ਫ਼ਸਲਾਂ ਵਿੱਚੋਂ ਇੱਕ ਮਹੱਤਵਪੂਰਨ ਉਦਯੋਗਿਕ ਫ਼ਸਲ ਹੈ ਸੋਇਆਬੀਨ ਪ੍ਰੋਟੀਨ ਦਾ ਬਹੁਤ ਵਧੀਆ ਸ੍ਰੋਤ ਹੈ ਅਤੇ ਫ਼ਲੀਦਾਰ ਫ਼ਸਲ ਹੋਣ ਕਰਕੇ ਇਹ ਵਾਯੂਮੰਡਲ ਵਿੱਚ ਮੌਜੂਦ ਨਾਈਟ੍ਰੋਜਨ ਨੂੰ ਜ਼ਮੀਨ ਵਿਚ ਜਮ੍ਹਾ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ਸੋਇਆਬੀਨ ਵਿਚ 40-42% ਪ੍ਰੋਟੀਨ ਤੋਂ ਇਲਾਵਾ, 18-22% ਤੇਲ ਹੁੰਦਾ ਹੈ ਸੋਇਆਬੀਨ ਦੇ ਦਾਣਿਆਂ ‘ਚ ਆਈਸੋਫਲੈਵੋਨਸ, ਟੋਕੋਫਿਰੋਲਸ, ਲੈਸੀਥਿਨ, ਵਿਟਾਮਿਨ, ਖਣਿਜ ਪਦਾਰਥ, ਪ੍ਰੋਟੀਏਜ਼ ਇਨਹਿਬਿਟਰਸ, ਸੈਪੋਨਿਨਸ, ਟਰਪੀਨਸ ਆਦਿ ਹੁੰਦੇ ਹਨ
ਜੋ ਕਿ ਸਿਹਤ ਲਈ ਬਹੁਤ ਲਾਭਕਾਰੀ ਹਨ ਤੇਲ, ਦੁੱਧ, ਪਨੀਰ, ਬੇਕਰੀ ਦੀਆਂ ਚੀਜ਼ਾਂ, ਦਵਾਈਆਂ ਵਿੱਚ ਤੇ ਤਾਜ਼ੀ ਹਰੀ ਸੋਇਆਬੀਨ ਦੇ ਤੌਰ ‘ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕੁਪੋਸ਼ਣ ਨੂੰ ਦੂਰ ਕਰਨ ਵਿੱਚ ਸਹਾਈ ਹੈ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸੋਇਆਬੀਨ ਦੀ ਵਰਤੋਂ ਨਾਲ ਭਿਆਨਕ ਬਿਮਾਰੀਆਂ ਜਿਵੇਂ ਕਿ ਸ਼ੂਗਰ ਰੋਗ, ਛਾਤੀ ਦਾ ਕੈਂਸਰ, ਦਿਲ ਦੇ ਰੋਗ, ਔਸਟਿਉਪੌਰੀਸਿਸ ਆਦਿ ਤੋਂ ਬਚਾਅ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸੋਇਆਬੀਨ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਅਤੇ ਕੌਲੇਸਟਰੋਲ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ,
ਸੋਇਆਬੀਨ ਤੋਂ ਕਈ ਤਰ੍ਹਾਂ ਦੇ ਪਦਾਰਥ ਬਣਦੇ ਹਨ ਜਿਵੇਂ ਕਿ ਖਾਣ ਵਾਲਾ ਤੇਲ, ਸੋਇਆ ਦੁੱਧ, ਸੋਇਆ ਪਨੀਰ, ਆਟਾ, ਤਾਜਾ ਹਰੀ ਸੋਇਆਬੀਨ ਆਦਿ ਮਨੁੱਖੀ ਖੁਰਾਕ ਤੋਂ ਇਲਾਵਾ ਇਸਨੂੰ ਪਸ਼ੂਆਂ ਦੀ ਖੁਰਾਕ ਵਿੱਚ ਵੀ ਵਰਤਿਆ ਜਾ ਸਕਦਾ ਹੈ ਸੋਇਆਬੀਨ ਦੀ ਕਾਸ਼ਤ ਲਈ ਹੇਠ ਲਿਖੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ-
ਜ਼ਮੀਨ ਦੀ ਚੋਣ
ਸੋਇਆਬੀਨ ਦੀ ਕਾਸ਼ਤ ਕਈ ਤਰ੍ਹਾਂ ਦੀਆਂ ਜ਼ਮੀਨਾਂ ਵਿਚ ਕੀਤੀ ਜਾ ਸਕਦੀ ਹੈ ਪਰ ਇਸ ਲਈ ਲੂਣ ਅਤੇ ਖਾਰ ਰਹਿਤ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਢੁੱਕਵੀ ਹੈ
ਫ਼ਸਲੀ ਚੱਕਰ
ਸੋਇਆਬੀਨ ‘ਤੇ ਅਧਾਰਿਤ ਮੁੱਖ ਤਿੰਨ ਫਸਲੀ ਚੱਕਰ ਹਨ:-
1. ਸੋਇਆਬੀਨ-ਕਣਕ/ਜੌਂ ਫ਼ਸਲੀ ਚੱਕਰ ਵਿੱਚ ਸੋਇਆਬੀਨ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰਕੇ, ਸੋਇਆਬੀਨ ਤੋਂ ਬਾਅਦ ਕਣਕ ਜਾਂ ਜੌਂ ਬੀਜੇ ਜਾ ਸਕਦੇ ਹਨ
2. ਸੋਇਆਬੀਨ-ਮਟਰ-ਗਰਮ ਰੁੱਤ ਦੀ ਮੂੰਗੀ ਫ਼ਸਲੀ ਚੱਕਰ ਰਿਵਾਇਤੀ ਕਣਕ-ਝੋਨਾ ਫ਼ਸਲੀ ਚੱਕਰ ਨਾਲੋਂ ਵਧੇਰੇ ਝਾੜ ਅਤੇ ਆਰਥਿਕ ਲਾਭ ਦੇਣ ਦੇ ਨਾਲ ਮਿੱਟੀ ਦੀ ਸਿਹਤ ਸੁਧਾਰਨ ਵਿੱਚ ਵੀ ਲਾਹੇਵੰਦ ਹੈ ਸੋਇਆਬੀਨ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ, ਮਟਰ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਅਤੇ ਗਰਮ ਰੁੱਤ ਦੀ ਮੂੰਗੀ ਨੂੰ ਮਾਰਚ ਦੇ ਦੂਸਰੇ ਪੰਦਰਵਾੜੇ ਵਿਚ/ਅਪ੍ਰੈਲ ਦੇ ਸ਼ਰੂ ਵਿੱਚ ਬੀਜੋ
3. ਸੋਇਆਬੀਨ ਤੋਂ ਬਾਅਦ ਗੋਭੀ ਸਰ੍ਹੋਂ ਦੀ ਵੀ ਪਨੀਰੀ ਪੁੱਟ ਕੇ ਬਿਜਾਈ ਨਵੰਬਰ ਤੋਂ ਅੱਧ ਦਸੰਬਰ ਤੱਕ ਕੀਤੀ ਜਾ ਸਕਦੀ ਹੈ
ਸੁਧਰੀਆਂ ਅਤੇ ਸਿਫ਼ਾਰਸ਼ ਕਿਸਮਾਂ
ਪੰੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬ ਵਿੱਚ ਸੋਇਆਬੀਨ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਐਸਐਲ 958, ਐਸਐਲ 744, ਐਸਐਨ 525 ਹਨ
ਜ਼ਮੀਨ ਦੀ ਤਿਆਰੀ
ਕਿਸੇ ਵੀ ਫ਼ਸਲ ਦੀ ਕਾਸ਼ਤ ਵਿੱਚ ਖੇਤ ਦੀ ਤਿਆਰੀ ਅਹਿਮ ਭੂਮਿਕਾ ਨਿਭਾਉਂਦੀ ਹੈ ਖੇਤ ਨੂੰ ਦੋ ਵਾਰ ਵਾਹੋ ਤੇ ਬਾਅਦ ਵਿੱਚ ਸੁਹਾਗਾ ਜ਼ਰੂਰ ਫੇਰੋ ਖੇਤ ਭੁਰਭਰਾ ਹੋਣਾ ਚਾਹੀਦਾ ਹੈ, ਇਸ ਨਾਲ ਬੀਜ ਦਾ ਜੰਮ ਠੀਕ ਹੁੰਦਾ ਹੈ
ਬੀਜ ਦੀ ਮਾਤਰਾ ਤੇ ਬੀਜ ?ਨੂੰ ਟੀਕਾ ਲਾਉਣਾ
ਸੋਇਆਬੀਨ ਦੀ ਬਿਜਾਈ ਲਈ 25-30 ਕਿੱਲੋ ਬੀਜ਼ ਪ੍ਰਤੀ ਏਕੜ ਕਾਫੀ ਹੁੰਦਾ ਹੈ ਸੋਇਆਬੀਨ ਦਾ ਬੀਜ ਬੀਜਣ ਤੋਂ ਪਹਿਲਾਂ ਰਾਈਜ਼ੋਬੀਅਮ ਦਾ ਟੀਕਾ ਲਾਉਣ ਨਾਲ ਝਾੜ ‘ਚ ਵਾਧਾ ਹੁੰਦਾ ਹੈ ਇੱਕ ਕਿੱਲੇ ਦੇ ਬੀਜ਼ ਨੂੰ ਘੱਟੋ-ਘੱਟੋ ਪਾਣੀ ਨਾਲ ਭਿਉਂ ਦੇ ਬਰੈਡੀਰਾਈਜ਼ੋਬੀਅਮ (ਐਲ. ਐਸ. ਬੀ. ਆਰ. 3) ਦੇ ਇੱਕ ਪੈਕਟ ਨੂੰ ਚੰਗੀ ਤਰ੍ਹਾਂ ਰਲਾ ਦਿਓ ਫਿਰ ਬੀਜ ਨੂੰ ਛਾਂ ‘ਚ ਸੁਕਾ ਕੇ ਤੁਰੰਤ ਬੀਜ ਦਿਓ ਜੀਵਾਣੂ ਖਾਦ ਦਾ ਇਹ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦਾ ਹੈ
ਬਿਜਾਈ ਦਾ ਸਮਾਂ ਅਤੇ ਢੰਗ
ਪੰਜਾਬ ‘ਚ ਸੋਇਆਬੀਨ ਦੀ ਬਿਜਾਈ ਲਈ ਸਹੀ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ਬਿਜਾਈ ਦਾ ਢੰਗ ਫ਼ਸਲ ਉਤਪਾਦਨ ‘ਚ ਮੁੱਖ ਯੋਗਦਾਨ ਪਾਉਂਦਾ ਹੈ ਸੋਇਆਬੀਨ ਦੀ ਬਿਜਾਈ ਵੱਖ-ਵੱਖ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਸੋਇਆਬੀਨ ਦੀ ਨਿਰੋਲ ਬਿਜਾਈ ਲਈ ਬੀਜ 2.5 ਤੋਂ 5 ਸੈਂਟੀਮੀਟਰ ਡੂੰਘਾ ਬੀਜੋ ਤੇ ਬੂਟਿਆਂ ਅਤੇ ਕਤਾਰਾਂ ਦਾ ਵਕਫਾ ਕ੍ਰਮਵਾਰ 4-5 ਸੈਂਟੀਮੀਟਰ ਅਤੇ 45 ਸੈਂਟੀਮੀਟਰ ਰੱਖੋ ਸੋਇਆਬੀਨ ਦੀ ਬਿਨਾ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ ਸੋਇਆਬੀਨ ਦੀ ਬੈੱਡਾਂ ‘ਤੇ ਬਿਜਾਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ‘ਚ ਕਣਕ ਲਈ ਵਰਤੇ ਜਾਂਦੇ ਬੈੱਡ ਪਲਾਂਟਰ ਨਾਲ 67.5 ਸੈਂ. ਮੀ. ਵਿੱਥ ‘ਤੇ ਤਿਆਰ ਕੀਤੇ ਬੈੱਡਾਂ (37.5 ਸੈਂ. ਮੀ. ਦੇ ਬੈੱਡ ‘ਤੇ 30 ਸੈਂ. ਮੀ. ਦੀ ਖਾਲੀ) ‘ਤੇ ਵੀ ਕੀਤੀ ਜਾ ਸਕਦੀ ਹੈ
ਅਜਿਹੇ ਬੈੱਡਾਂ ‘ਤੇ ਸੋਇਆਬੀਨ ਦੀਆਂ ਦੋ ਕਤਾਰਾਂ ਪ੍ਰਤੀ ਬੈੱਡ ਬੀਜੋ ਸਿੰਚਾਈ ਖਾਲੀਆਂ ਰਾਹੀਂ ਕਰੋ ਤਾਂ ਜੋ ਪਾਣੀ ਵੱਟਾਂ ਉੱਪਰੋਂ ਨਾ ਵਗੇ ਅਜਿਹਾ ਕਰਨ ਨਾਲ ਫਸਲ ਨੂੰ ਖਾਸ ਕਰਕੇ ਉੱਗਣ ਸਮੇਂ ਨਾ ਸਿਰਫ਼ ਮੀਂਹ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਸਗੋਂ 20-30 ਫੀਸਦੀ ਪਾਣੀ ਦੀ ਬੱਚਤ ਵੀ ਹੁੰਦੀ ਹੈ ਸੋਇਆਬਾਨੀ ਤੇ ਮੱਕੀ ਦੀ ਰਲਵੀਂ ਬਿਜਾਈ ਵੀ ਕੀਤੀ ਜਾ ਸਕਦੀ ਹੈ ਸੋਇਆਬੀਨ ਦੀ ਇੱਕ-ਇੱਕ ਕਤਾਰ 60 ਸੈਂ. ਮੀ. ਦੇ ਫਾਸਲੇ ਤੇ ਬੀਜੀਆਂ ਗਈਆਂ ਮੱਕੀ ਦੀਆਂ ਕਤਾਰਾਂ ‘ਚ ਬੀਜੋ
ਨਮੀ ਦੀ ਸੰਭਾਲ
ਖੇਤ ਵਿਚਲੀ ਨਮੀ ਦੀ ਸੰਭਾਲ ਵਾਸਤੇ ਕਤਾਰਾਂ ਨੂੰ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਨਾਲ ਢੱਕਿਆ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਨਾਲ ਬੀਜ ਚੰਗੀ ਤਰ੍ਹਾਂ ਉੱਗਦਾ ਹੈ ਅਤੇ ਬੂਟੇ ਠੀਕ ਨਿੱਕਲਦੇ ਹਨ
ਖਾਦਾਂ ਦੀ ਵਰਤੋਂ
ਸੋਇਆਬੀਨ ਤੋਂ ਵਧੇਰੇ ਝਾੜ ਲੈਣ ਲਈ ਜੀਵਕ, ਜੀਵਾਣੂ ਅਤੇ ਰਸਾਇਣਕ ਖਾਦਾਂ ਦੀ ਮਿਲੀ-ਜੁਲੀ ਵਰਤੋਂ ਕਰੋ
À) ਜੈਵਿਕ ਖਾਦਾਂ-ਬਿਜਾਈ ਤੋਂ ਪਹਿਲਾਂ 4 ਟਨ ਪ੍ਰਤੀ ਏਕੜ ਦੇ ਹਿਸਾਬ ਰੂੜੀ ਦੀ ਖਾਦ ਪਾਓ ਜਾਂ ਸੋਇਆਬੀਨ ਬੀਜਣ ਤੋਂ ਪਹਿਲਾਂ ਖੇਤ ‘ਚ ਹਰੀ ਖਾਦ ਦਬਾਉ ਹਰੀ ਖਾਦ ਲਈ ਸਣ (20 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ) ਦੀ ਅਪਰੈਲ ਦੇ ਦੂਜੇ ਪੰਦਰਵਾੜੇ ‘ਚ ਬਿਜਾਈ ਕਰ ਦਿਓ ਹਰੀ ਖਾਦ ਦੀ ਫਸਲ ਨੂੰ 40-45 ਦਿਨਾਂ ਬਾਅਦ ਖੇਤ ‘ਚ ਸੋਇਆਬੀਨ ਦੀ ਬਿਜਾਈ ਤੋਂ 5-7 ਦਿਨ ਪਹਿਲਾਂ ਦੱਬ ਦਿਓ ਸੋਇਆਬੀਨ ਦਾ ਪੂਰਾ ਝਾੜ ਲੈਣ ਲਈ ਹਰੀ ਖਾਦ ਦੇ ਨਾਲ-ਨਾਲ ਨਾਈਟ੍ਰੋਜਨ ਖਾਦ ਦੀ ਪੂਰੀ ਮਾਤਰਾ (13 ਕਿੱਲੋ ਨਾਈਟ੍ਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ) ਪਾਓ
ਅ) ਰਸਾਇਣਕ ਖਾਦਾਂ-ਸੋਇਆਬੀਨ ਰੂੜੀ ਦੀ ਖਾਦ ਨੂੰ ਕਾਫ਼ੀ ਮੰਨਦੀ ਹੈ ਇਸ ਦਾ ਵਧੇਰੇ ਝਾੜ ਲੈਣ ਲਈ ਬਿਜਾਈ ਤੋਂ ਪਹਿਲਾਂ 4 ਟਨ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ 28 ਕਿੱਲੋ ਯੂਰੀਆ ਤੇ 200 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਉਣੀ ਚਾਹੀਦੀ ਹੈ ਜੇਕਰ ਸੋਇਆਬੀਨ ਨੂੰ ਕਣਕ ਤੋਂ ਬਾਅਦ ਬੀਜਣਾ ਹੋਵੇ, ਜਿਸ ਨੂੰ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ ਤਾਂ 150 ਕਿੱਲੋ ਸਿੰਗਲ ਸੁਪਰ ਫਾਸਫੇਟ ਕਾਫ਼ੀ ਹੈ
ਇਸ ਤੋਂ ਇਲਾਵਾ 2 ਫੀਸਦੀ ਯੂਰੀਆ (3 ਕਿੱਲੋ ਸਿੰਗਲ ਸੁਪਰ ਫਾਸਫੇਟ) ਕਾਫ਼ੀ ਹੈ ਇਸ ਤੋਂ ਇਲਾਵਾ 2 ਫੀਸਦੀ ਯੂਰੀਆ (3 ਕਿੱਲੋ ਯੂਰੀਆ 150 ਲੀਟਰ ਪਾਣੀ ‘ਚ ਪ੍ਰਤੀ ਏਕੜ ਦੇ ਹਿਸਾਬ ਨਾਲ) ਬਿਜਾਈ ਤੋਂ 60 ਅਤੇ 75 ਦਿਨਾਂ ਬਾਅਦ ਛਿੜਕਾਅ ਕਰਨ ਨਾਲ ਝਾੜ ‘ਚ ਵਾਧਾ ਹੁੰਦਾ ਹੈ ਜਿੱਥੇ ਸਣ ਨੂੰ ਹਰੀ ਖਾਦ ਦੇ ਰੂਪ ‘ਚ ਵਰਤਿਆ ਹੋਵੇ, ਉੱਥੇ ਸੋਇਆਬੀਨ ਦਾ ਵਧੇਰੇ ਝਾੜ ਲੈਣ ਲਈ ਨਾਈਟ੍ਰੋਜਨ ਖਾਦ ਦੀ ਪੂਰੀ ਮਾਤਰਾ (28 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ) ਪਾਉਣੀ ਚਾਹੀਦੀ ਹੈ
ਸਿੰਚਾਈ
ਸੋਇਆਬੀਨ ਨੂੰ ਮੌਸਮ ਅਨੁਸਾਰ 3-4 ਪਾਣੀਆਂ ਦੀ ਲੋੜ ਹੁੰਦੀ ਹੈ ਜੇਕਰ ਵਰਖਾ ਚੰਗੀ ਤੇ ਠੀਕ ਸਮੇਂ ‘ਤੇ ਹੋਵੇ ਤਾਂ ਕਿਸੇ ਪਾਣੀ ਦੀ ਲੋੜ ਨਹੀਂ ਪੈਂਦੀ ਇੱਕ ਪਾਣੀ ਫਲੀਆਂ ‘ਚ ਦਾਣੇ ਪੈਣ ਸਮੇਂ ਜ਼ਰੂਰ ਦਿਓ
ਵਾਢੀ ਤੇ ਗਹਾਈ
ਜਦੋਂ ਬੂਟੇ ਸੁੱਕ ਜਾਣ, ਬਹੁਤ ਸਾਰੇ ਪੱਤੇ ਝੜ ਜਾਣ ਤੇ ਫਲੀਆਂ ਦਾ ਰੰਗ ਬਦਲ ਜਾਵੇ ਤਾਂ ਸਮਝੋ ਸੋਇਆਬੀਨ ਦੀ ਫਸਲ ਕਟਾਈ ਲਈ ਤਿਆਰ ਹੈ ਗਹਾਈ ਸਮੇਂ ਫ਼ਸਲ ਨੂੰ ਬਹੁਤ ਕੁੱਟਿਆ ਜਾਂ ਲਿਤਾੜਿਆਂ ਨਾ ਜਾਵੇ ਜਿਸ ਨਾਲ ਉਪਜ ਦੀ ਮਿਆਰ ਤੇ ਬੀਜ ਦੀ ਉੱਗਣ ਸ਼ਕਤੀ ‘ਤੇ ਅਸਰ ਪੈਂਦਾ ਹੈ ਇਸ ਤਰ੍ਹਾਂ ਕਿਸਾਨ ਭਰਾਓ, ਆਓ ਸੋਇਆਬੀਨ ਦੀ ਫ਼ਸਲ ਨੂੰ ਤਕਨੀਕੀ ਢੰਗਾਂ ਨਾਲ ਉਗਾਅ ਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕਰੀਏ
ਧੰਨਵਾਦ ਸਹਿਤ, ਚੰਗੀ ਖੇਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।