ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਦੀ ਅਸਲ ਅਧਿਆਪਨ ਕਲਾ

ਬੱਚਿਆਂ ਨੂੰ ਸਕੂਲਾਂ ਨਾਲ ਜੋੜਨ ਦੀ ਅਸਲ ਅਧਿਆਪਨ ਕਲਾ

ਕਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੀ ਪੜ੍ਹਾਈ ਬਾਰੇ ਬੜਾ ਕੁਝ ਲਿਖਿਆ ਜਾ ਚੁੱਕਾ ਹੈ। ਆਨਲਾਈਨ ਪੜ੍ਹਾਈ ਦੇ ਮਸਲੇ ‘ਤੇ ਵੱਡੀਆਂ ਬਹਿਸਾਂ ਚੱਲ ਰਹੀਆਂ ਹਨ। ਸਿੱਖਿਆ ਵਿਭਾਗ ਬੱਚਿਆਂ ਨੂੰ ਘਰ ਬੈਠੇ ਪੜ੍ਹਾਈ ਕਰਵਾਉਣ ਲਈ ਸਿਰਤੋੜ ਯਤਨ ਕਰ ਰਿਹਾ ਹੈ । ਇਸ ਲਈ ਸੂਚਨਾ ਤਕਨੀਕ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ। ਸਕੂਲ ਖੁੱਲ੍ਹਣ ‘ਤੇ ਪੜ੍ਹਾਈ ਕਿਸ ਤਰ੍ਹਾਂ ਦੀ ਹੋਵੇਗੀ? ਮਾਪਿਆਂ ਤੇ ਅਧਿਆਪਕਾਂ ਦੇ ਕੀ ਫਰਜ਼ ਹੋਣਗੇ? ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।

ਬੱਚੇ ਲੰਮੇ ਸਮੇਂ ਤੋਂ ਸਕੂਲਾਂ ਨਾਲੋਂ ਟੁੱਟੇ ਹੋਏ ਹਨ। ਬੱਚਿਆਂ ਰੂਪੀ ਮੋਤੀਆਂ ਨੂੰ ਦੁਬਾਰਾ ਮਾਲਾ ਵਿੱਚ ਪਰੋਣ ਲਈ ਸਕੂਲ ਮੁਖੀ ਤੇ ਅਧਿਆਪਕਾਂ ਨੂੰ ਬਹੁਤ ਸਮਝ ਤੋਂ ਕੰਮ ਲੈਣ ਦੀ ਲੋੜ ਹੈ। ਇਸ ਮਾਮਲੇ ਵਿੱਚ ਕੀਤੀ ਛੋਟੀ ਜਿਹੀ ਅਣਗਹਿਲੀ ਵੀ ਬੱਚਿਆਂ ਦੇ ਭਵਿੱਖ ‘ਤੇ ਮਾੜਾ ਅਸਰ ਪਾ ਸਕਦੀ ਹੈ। ਸਿੱਖਿਆ ਦੇ ਗੁਣਾਤਮਕ ਵਿਕਾਸ ਲਈ ਬਤੌਰ ਜ਼ਿਲ੍ਹਾ ਮੈਂਟਰ ਕੰਮ ਕਰਦਿਆਂ, ਇਸ ਲਾਕਡਾਊਨ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਨਾਲ ਬੜਾ ਨੇੜੇ ਹੋ ਕੇ ਵਿਚਰਨ ਦਾ ਮੌਕਾ ਮਿਲਿਆ।

ਵੱਖ-ਵੱਖ ਵਟਸਐਪ ਗਰੁੱਪਾਂ ਰਾਹੀਂ ਅਧਿਆਪਕ ਰਾਇ ਅਤੇ ਬੱਚਿਆਂ ਦੁਆਰਾ ਕੀਤੇ ਘਰ ਦੇ ਕੰਮ ਨੂੰ ਵਾਚਦੇ ਸਮੇਂ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਪੈਦਾ ਹੋਏ। ਹੁਸ਼ਿਆਰ ਬੱਚੇ ਅੱਜ ਵੀ ਪੜ੍ਹ ਰਹੇ ਹਨ ਪਰ ਪੜ੍ਹਾਈ ‘ਚ ਕਮਜ਼ੋਰ ਬੱਚੇ ਸਿੱਖਿਆ ਦੇ ਮਾਮਲੇ ਵਿੱਚ ਦਿੱਕਤ ਮਹਿਸੂਸ ਕਰ ਰਹੇ ਹਨ। ਬੱਚਿਆਂ ਕੋਲ ਮੋਬਾਈਲ ਫੋਨ ਤੇ ਇੰਟਰਨੈੱਟ ਕੁਨੈਕਸ਼ਨ ਨਾ ਹੋਣਾ ਵੀ ਰੁਕਾਵਟ ਹੈ। ਕਿਸੇ ਵੀ ਕੰਮ ਨੂੰ ਕਰਨ ਵਿੱਚ ਰੁਚੀ ਦਾ ਪ੍ਰਮੁੱਖ ਰੋਲ ਹੁੰਦਾ ਹੈ। ਪੜ੍ਹਾਈ ਚਾਹਤ ਨਾਲ ਕੀਤੀ ਜਾ ਸਕਦੀ ਹੈ ਧੱਕੇ ਨਾਲ ਨਹੀਂ ਕਰਵਾਈ ਜਾ ਸਕਦੀ।

ਪਿਛਲੇ ਢਾਈ ਮਹੀਨੀਆਂ ਤੋਂ ਅਧਿਆਪਕਾਂ ਨਾਲ ਕੀਤੀ ਗੱਲਬਾਤ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਬੱਚਿਆਂ ਨੂੰ ਪਿਆਰ ਨਾਲ ਸਹਿਜ਼-ਸੁਭਾਅ ਕਾਪੀਆਂ ਕਿਤਾਬਾਂ ਤੇ ਸਕੂਲ ਸੱਭਿਆਚਾਰ ਨਾਲ ਜੋੜਨਾ ਹੋਵੇਗਾ। ਮਨੁੱਖਤਾ ‘ਤੇ ਭਾਰ ਬਣੇ ਹੋਏ ਕਰੋਨਾ ਵਾਇਰਸ ਦੇ ਜਾਣ ਤੋਂ ਬਾਅਦ ਵੀ ਇਸ ਦਾ ਡਰ ਸਿਰ ‘ਤੇ ਮੰਡਰਾਉਂਦਾ ਰਹੇਗਾ। ਇਸ ਡਰ ਨੂੰ ਦੂਰ ਕਰਨ ਲਈ ਖਾਸ ਕਰਕੇ ਬਾਲਾਂ ਦੇ ਮਨ ‘ਚੋਂ ਡਰ ਕੱਢਣ ਲਈ ਕਾਫ਼ੀ ਯਤਨ ਕਰਨੇ ਪੈਣਗੇ।

ਇਸ ਲਈ ਅਧਿਆਪਕਾਂ ਅਤੇ ਮਾਪਿਆਂ ਨੂੰ ਬਹੁਤ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਕਰੋਨਾ ਸੰਕਟ ਨੇ ਕੇਵਲ ਸਿੱਖਿਆ ਖੇਤਰ ਨੂੰ ਹੀ ਨਹੀਂ ਸਿਹਤ, ਆਵਾਜਾਈ, ਬਿਜਲੀ-ਪਾਣੀ, ਖਾਧ ਖੁਰਾਕ ਅਤੇ ਅਰਥਵਿਵਸਥਾ ਦੇ ਹੋਰ ਬਹੁਤ ਸਾਰੇ ਪੱਖਾਂ ਨੂੰ ਪ੍ਰਭਾਵਿਤ ਕੀਤਾ ਹੈ। ਵੱਡੀ ਖੜੋਤ ਹੈ। ਭਵਿੱਖ ਦੀ ਚਿੰਤਾ ਹੈ। ਬਹੁਤ ਲੋਕਾਂ ਦੇ ਅਰਮਾਨ ਟੁੱਟੇ ਹਨ। ਬਾਕੀ ਸਭ ਕੁਝ ਨੂੰ ਪਾਸੇ ਕਰਕੇ ਜੀਵਨ ਸੁਰੱਖਿਆ ਅਤੇ ਸਥਿਰਤਾ ਬਾਰੇ ਸੋਚਣਾ ਬਣਦਾ ਹੈ।

ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਬੱਚਿਆਂ ਦੀ ਪੜ੍ਹਾਈ ਨਾਲੋਂ ਉਨ੍ਹਾਂ ਦੀ ਸਿਹਤ ਸੁਰੱਖਿਆ ਬਾਰੇ ਜ਼ਿਆਦਾ ਸੋਚਣਾ ਬਣਦਾ ਹੈ। ਸਕੂਲਾਂ ਦੀ ਵਿਉਂਤਬੰਦੀ ਨਵੇਂ ਸਿਰੇ ਤੋਂ ਕਰਨੀ ਪਵੇਗੀ। ਅਧਿਆਪਕ ਵਰਗ ਨੂੰ ਇਹ ਗੱਲ ਮਨ ‘ਚੋਂ ਬਿਲਕੁਲ ਕੱਢ ਦੇਣੀ ਚਾਹੀਦੀ ਹੈ ਕਿ ਬੱਚੇ ਕੇਵਲ ਪੜ੍ਹਾਉਣ ਨਾਲ ਹੀ ਸਿੱਖਦੇ ਹਨ। ਜ਼ਿੰਦਗੀ ਸਭ ਤੋਂ ਵੱਡਾ ਸਕੂਲ ਹੈ। ਆਲੇ-ਦੁਆਲੇ ਦੀਆਂ ਘਟਨਾਵਾਂ ਬੱਚੇ ਲਈ ਸਭ ਤੋਂ ਪ੍ਰਭਾਵਸ਼ਾਲੀ ਅਧਿਆਪਕ ਹੋ ਸਕਦੀਆਂ ਹਨ।

ਅਜੋਕੇ ਦੌਰ ਵਿੱਚ ਇਹ ਵੀ ਹੋ ਸਕਦਾ ਹੈ ਕਿ ਬੱਚੇ ਸਕੂਲ ਨਾਲੋਂ ਜ਼ਿਆਦਾ ਸਿੱਖ ਰਹੇ ਹੋਣ। ਸਿੱਖਣ ਦੀ ਹਰ ਵਿੱਚ ਕਾਬਲੀਅਤ ਹੁੰਦੀ ਹੈ ਪਰ ਗ੍ਰਹਿਣ ਕਰਨ ਦਾ ਜ਼ੇਰਾ ਕਿਸੇ-ਕਿਸੇ ਕੋਲ ਹੁੰਦਾ ਹੈ। ਬੱਚੇ ਵਿੱਚ ਸਵੈ-ਵਿਸ਼ਵਾਸ ਭਰਨਾ ਹੀ ਅਧਿਆਪਕ ਦਾ ਪਰਮੋ-ਧਰਮ ਹੈ। ਇਹ ਕੰਮ ਘਰ ਬੈਠੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਵੀ ਕੀਤਾ ਜਾ ਸਕਦਾ ਹੈ। ਜੋ ਬੱਚੇ ਪੜ੍ਹਨ-ਲਿਖਣ ਲਈ ਸ਼ਾਂਤ ਅਤੇ ਸਹਿਜ਼ ਮਾਹੌਲ ਚਾਹੁੰਦੇ ਹਨ ਉਨ੍ਹਾਂ ਲਈ ਇਹ ਦਿਨ ਬਹੁਤ ਵਧੀਆ ਹਨ ਕਿਉਂਕਿ ਚਾਰੇ ਪਾਸੇ ਚੁੱਪ ਹੈ।

ਜੀਵਨ ਪ੍ਰੀਖਿਆ ਮੁਕਾਬਲੇ ਸਕੂਲ ਦੇ ਟੈਸਟ ਬਹੁਤ ਛੋਟੇ ਹੁੰਦੇ ਹਨ। ਸੰਕਟ ਸਮੇਂ ਸਾਡੀ ਪ੍ਰਤੀਕਿਰਿਆ ਬਹੁਤ ਮਹੱਤਵਪੂਰਨ ਹੈ ਕਿਉਂਕਿ ਚੁਣੌਤੀਆਂ ਦਾ ਸਮਾਂ ਹੀ ਸਾਡੀ ਅਸਲ ਪ੍ਰੀਖਿਆ ਲੈਂਦਾ ਹੈ। ਵੱਖ-ਵੱਖ ਸਕੂਲ ਇਸ ਲਾਕਡਾਊਨ ਦੌਰਾਨ ਬੱਚਿਆਂ ਦੇ ਅਕਾਦਮਿਕ ਨੁਕਸਾਨ ਨੂੰ ਮਾਪ ਰਹੇ ਹਨ। ਮਾਪੇ ਅਤੇ ਅਧਿਆਪਕ ਇਹ ਭੁੱਲ ਚੁੱਕੇ ਹਨ ਕਿ ਕਿਤਾਬੀ ਨੰਬਰਾਂ ਨਾਲੋਂ ਖੇਡਾਂ, ਜੀਵਨ ਕਦਰਾਂ-ਕੀਮਤਾਂ, ਕੰਮ ਦਾ ਚਾਅ, ਸਮਾਜਿਕ ਮੇਲ-ਜੋਲ ਲਈ ਮਾਨਸਿਕ ਤੇ ਜਜ਼ਬਾਤੀ ਸੰਤੁਲਨ, ਮੁਕਾਬਲੇ ਦੀ ਭਾਵਨਾ ਜਿਹੇ ਮਨੁੱਖੀ ਹਸਤੀ ਦੇ ਵਿਕਾਸ ਨਾਲ ਜੁੜੇ ਆਦਿ ਮਹੱਤਵਪੂਰਨ ਪਹਿਲੂ ਬੱਚੇ ਲਈ ਜ਼ਿਆਦਾ ਜ਼ਰੂਰੀ ਹਨ।

ਮਾਪੇ ਅਧਿਆਪਕ ਮਿਲਣੀ ਸਮੇਂ ਵੀ ਆਮ ਵੇਖਿਆ ਗਿਆ ਹੈ ਕਿ ਕੇਵਲ ਇੱਕਾ-ਦੁੱਕਾ ਮਾਪੇ ਹੀ ਅਧਿਆਪਕਾਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਦੇ ਬੱਚੇ ਦੀਆਂ ਪੜ੍ਹਾਈ ਤੋਂ ਬਿਨਾਂ ਹੋਰ ਕਿਹੜੀਆਂ ਪ੍ਰਾਪਤੀਆਂ ਹਨ। ਬੱਚੇ ਦੀ ਸਾਰੀ ਪ੍ਰਾਪਤੀ ਨੰਬਰ ਸੂਚੀ ਰਾਹੀਂ ਦੇਖਣ ਦਾ ਰੁਝਾਨ ਬਹੁਤ ਖਤਰਨਾਕ ਹੈ, ਮਾਪਿਆਂ ਤੇ ਅਧਿਆਪਕਾਂ ਦੀ ਇਸ ਭੁੱਖ ਨਾਲ ਬੱਚਿਆਂ ਦੇ ਜਮਾਂਦਰੂ ਗੁਣ ਮਰ ਰਹੇ ਹਨ। ਬੱਚੇ ਜੋ ਹਨ ਉਹ ਨਾ ਬਣ ਕੇ ਕੁਝ ਹੋਰ ਹੀ ਬਣ ਜਾਂਦੇ ਹਨ।

ਅਜੋਕੇ ਵਿੱਦਿਅਕ ਢਾਂਚੇ ਰਾਹੀਂ ਪੈਦਾ ਕੀਤੇ ਅਜਿਹੇ ਵਿੰਗੇ-ਟੇਢੇ ਮਨੁੱਖ ਖੁਦ ਤਾਂ ਕਸ਼ਟ ਭੋਗਦੇ ਹੀ ਹਨ ਸਗੋਂ ਦੂਸਰਿਆਂ ਲਈ ਵੀ ਮੁਸੀਬਤਾਂ ਦਾ ਕਾਰਨ ਬਣਦੇ ਹਨ। ਕਿਤਾਬਾਂ ਪੜ੍ਹਨ ਵਾਲੇ, ਰੰਗਾਂ ਦੁਆਰਾ ਨਵੀਆਂ ਚੀਜ਼ਾਂ ਦੇ ਸਿਰਜਕ ਅਤੇ ਇੰਟਰਨੈੱਟ ਰਾਹੀਂ ਅਦਭੁੱਤ ਜੀਵ ਜਗਤ ਨਾਲ ਸਾਂਝਾਂ ਪਾਉਣ ਵਾਲੇ ਬੱਚੇ ਕੇਵਲ ਅਕਾਦਮਿਕ ਤਰੱਕੀ ਵਾਲੇ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਜ਼ਿੰਦਗੀ ਦਾ ਆਨੰਦ ਮਾਣਦੇ ਹਨ। ਸਿੱਖਿਆ ਸ਼ਾਸਤਰੀ ਬਰਲੀਨਰ ਦਾ ਕਥਨ ਹੈ ਕਿ ਜੇਕਰ ਮਾਪਿਆਂ ਵੱਲੋਂ ਬੱਚਿਆਂ ਨਾਲ ਜਜ਼ਬਾਤੀ ਸਾਂਝ ਪਾਉਂਦੇ ਹੋਏ ਉਨ੍ਹਾਂ ਨੂੰ ਘਰੇ ਖੇਡਣ ਲਈ ਸਾਮਾਨ, ਪੜ੍ਹਨ ਲਈ ਕਵਿਤਾ ਕਹਾਣੀਆਂ ਦੀਆਂ ਕਿਤਾਬਾਂ ਅਤੇ ਚਿੱਤਰਕਾਰੀ ਲਈ ਕੈਨਵਸ, ਰੰਗ ਤੇ ਬੁਰਸ਼ ਮੁਹੱਈਆ ਕਰਵਾਏ ਜਾਣ ਤਾਂ ਉਨ੍ਹਾਂ ਦਾ ਸਕੂਲ ਜਾਣ ਵਾਲਾ ਘਾਟਾ ਹੀ ਪੂਰਾ ਨਹੀਂ ਹੋਵੇਗਾ ਸਗੋਂ ਉਨ੍ਹਾਂ ਅੰਦਰੋਂ ਨਵੀਆਂ ਸਿਰਜਕ ਸ਼ਕਤੀਆਂ ਦਾ ਵਿਕਾਸ ਹੋਵੇਗਾ।

ਆਈਨਸਟਾਈਨ ਨੇ ਕਿਹਾ ਸੀ ਕਿ ਹਰ ਖੋਜ ਦਾ ਆਧਾਰ ਕਲਪਨਾ ਹੈ। ਇਸ ਲਈ ਬੱਚੇ ਸੋਚਾਂ-ਸੋਚਾਂ ਰਾਹੀਂ ਹੀ ਦੇਸ਼ਾਂ-ਦੇਸ਼ਾਂਤਰਾਂ ਦੀ ਯਾਤਰਾ ਕਰ ਲੈਂਦੇ ਹਨ , ਬੱਸ ਲੋੜ ਬੱਚੇ ਦੀ ਸੋਚ ਨੂੰ ਮੋਕਲਾ ਕਰਨ ਤੇ ਵਧੀਆ ਮਾਹੌਲ ਦੇਣ ਦੀ ਹੈ। ਇੱਕ ਹੋਰ ਵੱਖਰੀ ਖੋਜ ਰਾਹੀਂ ਇਹ ਵੀ ਗੱਲ ਸਾਹਮਣੇ ਆਈ ਹੈ ਕੇ ਬੱਚਿਆਂ ਦੇ ਟੈਸਟ ਸਕੋਰ ਨੂੰ ਕੇਵਲ ਸਿੱਖਣ ਦਾ ਪੈਮਾਨਾ ਮੰਨ ਲੈਣਾ ਗਲਤ ਹੈ। ਬੱਚਾ ਆਪਣੀ ਕਾਬਲੀਅਤ ਟੈਸਟ ਤੋਂ ਬਿਨਾਂ ਹੋਰ ਮਾਧਿਅਮਾਂ ਰਾਹੀਂ ਵੀ ਪ੍ਰਗਟ ਕਰ ਸਕਦਾ ਹੈ, ਬੱਸ ਮਾਪਿਆਂ ਤੇ ਅਧਿਆਪਕਾਂ ਦੀ ਅੱਖ ਵੇਖਣ ਵਾਲੀ ਹੋਣੀ ਜ਼ਰੂਰੀ ਹੈ।

ਅਸੀਂ ਕੇਵਲ ਬੱਚੇ ਦੀ ਬੈਠਕ ਤੇ ਸਰੀਰਕ ਕਸ਼ਟ ਨਹੀਂ ਨੂੰ ਹੀ ਪੜ੍ਹਾਈ ਮੰਨ ਲੈਂਦੇ ਹਾਂ। ਖੇਡ ਦੇ ਮੈਦਾਨ ਜਾਂ ਸਟੇਜ ‘ਤੇ ਜੌਹਰ ਵਿਖਾ ਰਹੇ ਬੱਚੇ ਨੂੰ ਵੀ ਸਿੱਖਿਆ ਫਲ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਮਾਪਿਆਂ ਤੇ ਅਧਿਆਪਕਾਂ ਦੀ ਅਜਿਹੀ ਖੁੱਲ੍ਹਦਿਲੀ ਨਾਲ ਬੱਚੇ ਨੂੰ ਮਿਲਿਆ ਸਪੇਸ ਉਸ ਦੀ ਤਰੱਕੀ ਦੇ ਨਵੇਂ ਮੌਕੇ ਖੋਲ੍ਹ ਦਿੰਦਾ ਹੈ। ਪੜ੍ਹਾਈ ਬਹੁਤ ਸਹਿਜ ਵਰਤਾਰਾ ਹੈ। ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ ਬੱਚੇ ਅੰਦਰ ਸਿੱਖਿਆ ਨਾਲ ਜੋੜਨ ਲਈ ਸੁਰਤਾਲ ਪੈਦਾ ਹੁੰਦੀ ਹੈ।

ਇਸ ਦੇ ਮੱਦੇਨਜ਼ਰ ਕਰੋਨਾ ਤੋਂ ਬਾਅਦ ਸਕੂਲ ਖੁੱਲ੍ਹਣ ‘ਤੇ ਇਹ ਸੋਚਣਾ ਬਿਲਕੁਲ ਗਲਤ ਹੈ ਕਿ ਬੱਚਿਆਂ ਦੀ ਪੜ੍ਹਾਈ ਜਿੱਥੋਂ ਖ਼ਤਮ ਹੋਈ ਸੀ ਉੱਥੋਂ ਹੀ ਸ਼ੁਰੂ ਹੋਵੇਗੀ। ਪੜ੍ਹਾਈ ਸਵਿੱਚ ਆਫ-ਆਨ ਵਾਲਾ ਵਰਤਾਰਾ ਨਹੀਂ ਸਗੋਂ ਇਸ ਲਈ ਬਹੁਤ ਸਾਰੇ ਕਾਰਕ ਮਿਲ ਕੇ ਮਾਹੌਲ ਤਿਆਰ ਕਰਦੇ ਹਨ।

ਬੱਚੇ ਲੰਮੇ ਸਮੇਂ ਤੋਂ ਸਕੂਲਾਂ ਤੋਂ ਦੂਰ ਹਨ। ਇਸ ਬਰੇਕ ਕਰਕੇ ਪਏ ਖੱਪਿਆਂ ਨੂੰ ਅਧਿਆਪਕ ਨੇ ਪਿਆਰ, ਸੂਝ-ਬੂਝ ਅਤੇ ਸਿੱਖਿਆ ਮਨੋਵਿਗਿਆਨ ਦੀਆਂ ਬਰੀਕੀਆਂ ਨਾਲ ਭਰਨਾ ਹੈ। ਬੱਚਾ ਆਪਣੇ ਦੋਸਤਾਂ ਤੋਂ ਦੂਰ ਘਰਦਿਆਂ ਨਾਲ ਵੱਖਰੀ ਦੁਨੀਆਂ ਵਿੱਚ ਹੈ। ਦੋਸਤ ਗੁਆਚੇ ਹਨ। ਜਜ਼ਬਾਤਾਂ ਦੀਆਂ ਤਾਰਾਂ ਢਿੱਲੀਆਂ ਹੋਈਆਂ ਹਨ। ਜਿਨ੍ਹਾਂ ਨੂੰ ਲੈਅਬੱਧ ਕਰਨ ਲਈ ਅਧਿਆਪਕਾਂ ਨੂੰ ਕਾਫ਼ੀ ਮਿਹਨਤ ਕਰਨੀ ਪੈਣੀ ਹੈ। ਬੱਚਾ ਆਪਣੇ ਮਨ ਅੰਦਰ ਬੜੀ ਟੁੱਟ-ਭੱਜ ਲੈ ਕੇ ਸਕੂਲ ਆਵੇਗਾ। ਉਸ ਦਾ ਸਿੱਖਣ ਦਾ ਗ੍ਰਾਫ ਨਵੇਂ ਸਿਰੇ ਤੋਂ ਸ਼ੁਰੂ ਹੋਵੇਗਾ। ਅਧਿਆਪਕਾਂ ਨੇ ਪੜ੍ਹਾਈ ਦੇ ਨਾਲ-ਨਾਲ ਬੱਚੇ ਦੇ ਸੁਭਾਅ ‘ਚ ਆਈਆਂ ਤਬਦੀਲੀਆਂ ਦਾ ਵੀ ਮੁਲਾਂਕਣ ਕਰਨਾ ਹੋਵੇਗਾ।

ਕਰੋਨਾ ਵਾਇਰਸ ਦੇ ਚੱਲਦਿਆਂ ਜਿਨ੍ਹਾਂ ਦੇ ਮਾਪਿਆਂ ਦਾ ਰੁਜ਼ਗਾਰ ਖੁੱਸ ਗਿਆ ਹੈ, ਅਜਿਹੇ ਬੱਚਿਆਂ ਦੀ ਵੱਖਰੀ ਕੌਂਸਲਿੰਗ ਦੀ ਲੋੜ ਹੈ। ਬਦਲੀ ਫ਼ਿਜ਼ਾ ਨੇ ਦਿਸ਼ਾਵਾਂ ਵੀ ਬਦਲੀਆਂ ਹਨ। ਘਰ ਰਹਿ ਕੇ ਬੱਚੇ ਦੇ ਸੁਭਾਅ ਅੰਦਰ ਪੈਦਾ ਹੋਏ ਵੱਖਰੇਵਿਆਂ ਨੂੰ ਇੱਕਸਾਰ ਕਰਨ ਲਈ ਨਵੀਆਂ ਅਧਿਆਪਨ ਵਿਧੀਆਂ ਲਾਗੂ ਕਰਨੀਆਂ ਹੋਣਗੀਆਂ। ਬਹੁਤਾ ਕੰਮ ਥੋੜ੍ਹੇ ਸਮੇਂ ਵਿੱਚ ਕਰਵਾਉਣ ਦੀ ਭਾਵਨਾ ਨੂੰ ਤਿਆਗ ਕੇ ਸਭ ਕੁਝ ਆਮ ਵਾਂਗ ਸ਼ੁਰੂ ਕਰਨਾ ਹੋਵੇਗਾ।

ਪਿਛਲੇ ਘਾਟੇ ਨੂੰ ਪੂਰਾ ਕਰਨ ਲਈ ਪੜ੍ਹਾਈ ਦੇ ਘੰਟੇ ਵਧਾਉਣਾ ਵੀ ਮੂਰਖਤਾ ਹੋਵੇਗੀ। ਖੇਡਾਂ, ਸਾਹਿਤ, ਸੱਭਿਆਚਾਰ ਆਦਿ ਸਰਗਰਮੀਆਂ ਜਾਰੀ ਰੱਖਣੀਆਂ ਹੋਣਗੀਆਂ। ਅੱਧੀ ਛੁੱਟੀ ਤੇ ਹੋਰ ਛੁੱਟੀਆਂ ਵੀ ਆਮ ਦੀ ਤਰ੍ਹਾਂ ਚਾਲੂ ਰੱਖਣੀਆਂ ਜ਼ਰੂਰੀ ਹਨ ਤਾਂ ਜੋ ਬੱਚਿਆਂ ਦੀ ਸਕੂਲ ਪ੍ਰਤੀ ਰੁਚੀ ਬਣੀ ਰਹੇ।

ਸਕੂਲ ਖੁੱਲ੍ਹਣ ਤੋਂ ਤੁਰੰਤ ਬਾਅਦ ਸਭ ਕੁਝ ਇੱਕਦਮ ਆਮ ਵਾਂਗ ਨਹੀਂ ਹੋਵੇਗਾ। ਇਸ ਲਈ ਅਧਿਆਪਕਾਂ ਅਤੇ ਮਾਪਿਆਂ ਨੂੰ ਸਬਰ ਤੋਂ ਕੰਮ ਲੈਣਾ ਹੋਵੇਗਾ। ਵਿੱਦਿਅਕ ਢਾਂਚੇ ਨੂੰ ਲੀਹ ‘ਤੇ ਲੈ ਕੇ ਆਉਣ ਲਈ ਲਿਖਤੀ ਨਿਯਮਾਂ ਦੀ ਥਾਂ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਦੂਰਦਰਸ਼ੀ ਸੋਚ ਰਾਹੀਂ ਬੱਚਿਆਂ ਅੰਦਰ ਸਿੱਖਣ ਦਾ ਜਨੂੰਨ ਭਰਨਾ ਹੋਵੇਗਾ। ਸਰਕਾਰਾਂ ਨੇ ਸਿੱਖਿਆ ਤੋਂ ਬਿਨਾਂ ਦੂਸਰੇ ਖੇਤਰਾਂ ਨੂੰ ਪੈਰਾਂ ਸਿਰ ਕਰਨ ਲਈ ਵੀ ਯਤਨ ਕਰਨੇ ਹਨ।

ਇਸ ਲਈ ਸਕੂਲਾਂ ਅੰਦਰ ਸਿੱਖਿਆ ਬਹਾਲੀ ਲਈ ਅਧਿਆਪਕਾਂ, ਮਾਪਿਆਂ, ਬੱਚੇ ਅਤੇ ਸਿੱਖਿਆ ਜਗਤ ਨਾਲ ਜੁੜੇ ਵਿਦਵਾਨ ਲੋਕਾਂ ਨੂੰ ਰਲ ਕੇ ਕੰਮ ਕਰਨਾ ਹੋਵੇਗਾ। ਸਕੂਲਾਂ ਦੀ ਪਰਿਭਾਸ਼ਾ ਨਵੇਂ ਸਿਰੇ ਤੋਂ ਤੈਅ ਹੋਵੇਗੀ। ਅਕਾਦਮਿਕਤਾ ਦੇ ਨਵੇਂ ਪੱਧਰ ਮਿੱਥ ਕੇ ਕੰਮ ਕਰਨਾ ਹੋਵੇਗਾ। ਅਧਿਆਪਕਾਂ ਨੂੰ ਅਕਾਦਮਿਕ ਵਿਕਾਸ ਨੂੰ ਇੱਕ ਪੱਖ ਮੰਨਦੇ ਹੋਏ ਬੱਚੇ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੇ ਅੰਦਰ ਛੁਪੀਆਂ ਦੂਸਰੀਆਂ ਰੁਚੀਆਂ ਦੇ ਵਿਕਾਸ ਲਈ ਮਾਹੌਲ ਉਸਾਰੀ ਕਰਨੀ ਹੋਵੇਗੀ।

ਉਮੀਦ ਕਰਦੇ ਹਾਂ ਕਿ ਛੇਤੀ ਹੀ ਸਕੂਲਾਂ ਅੰਦਰ ਬੱਚਿਆਂ ਦੀਆਂ ਕਿਲਕਾਰੀਆਂ ਤੇ ਤਾੜੀਆਂ ਸੁਣਨ ਨੂੰ ਮਿਲਣਗੀਆਂ। ਮਾਪੇ ਅਤੇ ਅਧਿਆਪਕ ਬੱਚਿਆਂ ਦੀਆਂ ਖ਼ੁਸ਼ੀਆਂ ਦੇ ਇਨ੍ਹਾਂ ਉਤਸਵਾਂ ਦੇ ਮੁੱਖ ਸੂਤਰਧਾਰ ਹੋਣਗੇ। ਆਓ! ਅਜਿਹੇ ਦਿਨਾਂ ਦੇ ਛੇਤੀ ਪਰਤਣ ਲਈ ਦੁਆ ਕਰੀਏ ।
ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ, ਬਠਿੰਡਾ
ਮੋ. 94630-24575

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।