ਬਰਨਾਲਾ ‘ਚ ਦੂਜੇ ਦਿਨ ਵੀ ਟੈਂਕੀ ‘ਤੇ ਚੜ੍ਹੀਆਂ ਰਹੀਆਂ ਅਧਿਆਪਕਾਵਾਂ

ਸਕੂਲ ਪ੍ਰਿੰਸੀਪਲ ਤੇ ਮੈਨੇਜਮੈਂਟ ਨੇ ਕਾਨਫਰੰਸ ਕਰਕੇ ਅਧਿਆਪਕਾਵਾਂ ਦੇ ਦੋਸਾਂ ਨੂੰ ਸਿਰੇ ਤੋਂ ਨਕਾਰਿਆ

ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਇੱਕ ਨਿੱਜੀ ਸਕੂਲ ਦੀਆਂ ਅਧਿਆਪਕਾਵਾਂ ਦੁਆਰਾ ਪਾਣੀ ਵਾਲੀ ਟੈਂਕੀ ‘ਤੇ ਚੜਕੇ ਆਪਣੀਆਂ ਮੰਗਾਂ ਸਬੰਧੀ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਸਬੰਧਿਤ ਸਕੂਲ ਦੇ ਪ੍ਰਿੰਸੀਪਲ ਤੇ ਮੈਨੇਜਮੈਂਟ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਦਿਆਂ ਅਧਿਆਪਕਾਵਾਂ ਦੁਆਰਾ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ।

ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਟੈਂਕੀ ‘ਤੇ ਚੜੀਆਂ ਲਖਵੀਰ ਕੌਰ, ਅਮ੍ਰਿਤਪਾਲ ਕੌਰ, ਸੀਮਾ ਮਿੱਤਲ, ਪ੍ਰਭਜੀਤ ਕੌਰ ਤੇ ਕਿਰਨਦੀਪ ਕੌਰ ਅਧਿਆਪਕਾਵਾਂ ਨੇ ਦੱਸਿਆ ਕਿ ਉਨਾਂ ਵੱਲੋਂ ਸਕੂਲ ਪ੍ਰਿੰਸੀਪਲ ਖਿਲਾਫ਼ ਦਿੱਤੀ ਗਈ ਸ਼ਿਕਾਇਤ ‘ਤੇ ਪੁਲਿਸ ਨੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਉਲਟਾ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ।

ਉਨਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਜ਼ਾਰੀ ਰੱਖਣਗੀਆਂ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਉਨਾਂ ਦੁਆਰਾ ਲੜੇ ਜਾ ਰਹੀ ਲੜਾਈ ‘ਚ ਉਨਾਂ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਸਕੂਲ ਪਿੰ੍ਰਸੀਪਲ ਤੇ ਮੈਨੇਜਮੈਂਟ ‘ਤੇ ਕਥਿੱਤ ਗੰਭੀਰ ਦੋਸ਼ ਵੀ ਲਗਾਏ। ਇਸ ਮੌਕੇ ਉਨਾਂ ਨਾਲ ਇਨਸਾਫ ਦੀ ਅਵਾਜ ਪਾਰਟੀ ਦੇ ਪ੍ਰਧਾਨ ਮਹਿੰਦਰ ਸਿੰਘ ਦਾਨਗੜ੍ਹ ਤੇ ਹੋਰ ਹਾਜ਼ਰ ਸਨ।

ਉਧਰ ਸਬੰਧਿਤ ਸਕੂਲ ਸਕੂਲ ਦੇ ਪ੍ਰਿੰਸੀਪਲ ਅਤੇ ਮਨੇਜਮੈਂਟ ਕਮੇਟੀ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਪ੍ਰਦਰਸ਼ਨਕਾਰੀਆਂ ਦੁਆਰਾ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਕਿਹਾ ਕਿ ਲਾਕਡਾਊਨ ਦੌਰਾਨ ਸਮੁੱਚੇ ਅਧਿਆਪਕ/ ਅਧਿਆਪਕਾਵਾਂ ਨੂੰ ਬੱਚਿਆਂ ਨੂੰ ਆਨਲਾਈਨ ਪੜਾਉਣ ਦੇ ਨਿਰਦੇਸ ਜਾਰੀ ਕੀਤੇ ਗਏ ਸਨ। ਜਿਸ ਦੌਰਾਨ ਕੁਝ ਵਿਦਿਆਰਥੀ ਮਾਪਿਆ ਵਲੋਂ ਪੜਾਈ ਸਹੀ ਢੰਗ ਨਾਲ ਨਾ ਕਰਵਾਏ ਜਾਣ ਦਾ ਇਤਰਾਜ ਜਤਾਉਣ ‘ਤੇ ਇਨਾਂ ਤੋਂ ਕੰਮ ਵਾਪਸ ਲੈ ਲਿਆ ਗਿਆ ਸੀ।

ਜਿਸ ਤੋਂ ਖਫ਼ਾ ਇਨਾਂ ਅਧਿਆਪਕਾਵਾਂ ਵਲੋਂ ਪ੍ਰਿੰਸੀਪਲ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਝੂਠੇ ਦੋਸ਼ ਲਗਾ ਕੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ਸਬੰਧੀ ਸੰਸਥਾ ਪ੍ਰਿੰਸੀਪਲ ਵਲੋਂ ਵੀ ਘਟਨਾ ਕਰਮ ਦੀ ਨਿਰਪੱਖ ਜਾਂਚ ਦੀ ਪੁਲਿਸ ਨੂੰ ਅਪੀਲ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਮੈਡਮ ਨਛੱਤਰ ਕੌਰ, ਅਲਕਾ ਗੁਪਤਾ, ਸ੍ਰੀਮਤੀ ਦੀਪਨਾ, ਹਰਪ੍ਰੀਤ ਕੋਰ, ਬਲਜੀਤ ਕੌਰ, ਪਰਮਜੀਤ ਕੌਰ, ਸਾਧਨਾ ਉਬਰਾਏ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ ਤੋਂ ਇਲਾਵਾਂ ਹੋਰ ਵੀ ਅਧਿਆਪਕ/ ਅਧਿਆਪਕਾਵਾ ਤੇ ਸਟਾਫ ਹਾਜਰ ਸੀ।

ਪੜਤਾਲ ਉਪਰੰਤ ਹੋਵੇਗੀ ਕਾਰਵਾਈ- ਇਕਬਾਲ ਸਿੰਘ

ਇਸ ਸਬੰਧੀ ਥਾਣਾ ਸਿਟੀ-2 ਦੇ ਇੰਚਾਰਜ ਇਕਬਾਲ ਸਿੰਘ ਨੇ ਕਿਹਾ ਕਿ ਮਾਮਲੇ ਸਬੰਧੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਪਿੱਛੋਂ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।