ਕਬੱਡੀ ਦਾ ਸਿੱਕੇਬੰਦ ਜਾਫੀ, ਲੱਖਾ ਢੰਡੋਲੀ
ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਇਲਾਕੇ ਦਾ ਪਿਛਲੇ ਤਿੰਨ ਦਹਾਕਿਆਂ ਤੋਂ ਘੇਰੇ ਵਾਲੀ ਕਬੱਡੀ ਅਤੇ ਨੈਸ਼ਨਲ ਸਟਾਈਲ ਕਬੱਡੀ ਵਿੱਚ ਸਿੱਕਾ ਚੱਲਦਾ ਆ ਰਿਹਾ ਹੈ। ਵਰਤਮਾਨ ਸਮੇਂ ਦੌਰਾਨ ਕਬੱਡੀ ਦੇ ਮੈਦਾਨਾਂ ਵਿੱਚ ਦਹਿਸ਼ਤ ਦੇ ਤੌਰ ‘ਤੇ ਜਾਣਿਆ ਜਾਂਦਾ ਮਸ਼ਹੂਰ ਜਾਫੀ ਲੱਖਾ ਢੰਡੋਲੀ ਵੀ ਇਸੇ ਇਲਾਕੇ ਨਾਲ ਸਬੰਧ ਰੱਖਦਾ ਹੈ।
ਦਿੜ੍ਹਬਾ ਤੋਂ ਚਾਰ ਕਿਲੋਮੀਟਰ ਦੀ ਦੂਰੀ ‘ਤੇ ਵੱਸੇ ਹੋਏ ਪਿੰਡ ਤੂਰਬੰਜਾਰਾ ਵਿਖੇ ਸੰਨ 1992 ਦੇ ਪੰਜਵੇਂ ਮਹੀਨੇ ਦੀ 7 ਤਰੀਕ ਨੂੰ ਮਾਤਾ ਸ੍ਰੀਮਤੀ ਪਰਮਜੀਤ ਕੌਰ ਦੀ ਕੁੱਖੋਂ ਪਿਤਾ ਸ੍ਰੀ ਰਾਮਤੇਜ (ਮਿੱਠੂ ਪੰਡਿਤ) ਦੇ ਘਰ ਜਨਮਿਆ ਲਖਵਿੰਦਰ ਸਿੰਘ ਲੱਖਾ ਅਜੋਕੇ ਸਮੇਂ ਵਿੱਚ ਲੱਖਾਂ ਹੀ ਕਬੱਡੀ ਚਹੇਤਿਆਂ ਦੇ ਦਿਲਾਂ ‘ਤੇ ਆਪਣੀ ਵਿਲੱਖਣ ਛਾਪ ਛੱਡ ਚੁੱਕਾ ਹੈ।
ਲੱਖੇ ਦੀ ਉਮਰ ਉਦੋਂ ਚਾਰ ਕੁ ਸਾਲ ਦੀ ਹੀ ਸੀ ਕਿ ਉਸਦੇ ਪਿਤਾ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਸਿਰਫ ਤਿੰਨ ਕਿੱਲੇ ਜ਼ਮੀਨ ਦੀ ਖੇਤੀ ‘ਤੇ ਗੁਜ਼ਾਰਾ ਕਰਨ ਵਾਲੇ ਇਸ ਸਧਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਪਰ ਮਾਤਾ ਸ੍ਰੀਮਤੀ ਪਰਮਜੀਤ ਕੌਰ ਨੇ ਰੱਬ ਦੇ ਭਾਣੇ ਨੂੰ ਮੰਨਦਿਆਂ ਹੌਂਸਲਾ ਨਹੀਂ ਛੱਡਿਆ ਅਤੇ ਸਾਰੀ ਜ਼ਮੀਨ ਠੇਕੇ ‘ਤੇ ਦੇ ਕੇ ਆਪਣੇ ਮਾਸੂਮ ਬੱਚਿਆਂ ਨੂੰ ਚੰਗੇ ਸੰਸਕਾਰ ਦਿਵਾਉਣ ਲਈ ਸਕੂਲ ਵਿੱਚ ਪੜ੍ਹਨ ਲਾ ਦਿੱਤਾ।
ਤਿੰਨ ਭੈਣਾਂ ਦੇ ਭਰਾ ਲੱਖੇ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਹੀ ਖਾਲਸਾ ਪਬਲਿਕ ਸਕੂਲ ਤੋਂ ਕਰਨ ਉਪਰੰਤ ਬਾਰਵੀਂ ਟੈਗੋਰ ਪਬਲਿਕ ਸਕੂਲ ਘਰਾਟ ਤੋਂ ਤੇ ਗ੍ਰੈਜੂਏਸ਼ਨ ਸ਼ਹੀਦ ਊਧਮ ਸਿੰਘ ਕਾਲਜ ਮਹਿਲਾਂ ਚੌਂਕ (ਸੰਗਰੂਰ) ਤੋਂ ਪਾਸ ਕੀਤੀ। ਲੱਖਾ ਛੋਟੇ ਹੁੰਦਿਆਂ ਹੀ ਆਪਣੇ ਦੋਸਤਾਂ ਨਾਲ ਮਿਲ ਕੇ ਦਿੜ੍ਹਬਾ ਕਬੱਡੀ ਕੱਪ ‘ਤੇ ਹੋਣ ਵਾਲੇ ਮਸ਼ਹੂਰ ਖਿਡਾਰੀਆਂ ਦੇ ਮੁਕਾਬਲਿਆਂ ਨੂੰ ਵੇਖਣ ਲਈ ਚਲਾ ਜਾਂਦਾ ਸੀ। ਬਚਪਨ ਵਿੱਚ ਹੀ ਉਸਨੇ ਆਪਣੇ ਚਿੱਤ ਵਿੱਚ ਪ੍ਰਸਿੱਧ ਖਿਡਾਰੀ ਮਰਹੂਮ ਬਿੱਟੂ ਦੁਗਾਲ ਵਰਗਾ ਜਾਫੀ ਬਣਨ ਦਾ ਸੁਫ਼ਨਾ ਸਿਰਜ ਲਿਆ।
ਲੱਖੇ ਦਾ ਸਰੀਰਕ ਭਾਰ ਉਦੋਂ 50 ਕੁ ਕਿੱਲੋ ਦੇ ਕਰੀਬ ਸੀ ਜਦੋਂ ਉਸਦੀ ਮੁਲਾਕਾਤ ਮਕਬੂਲ ਕਬੱਡੀ ਕੋਚ ਰਾਮ ਸਿੰਘ ਢੰਡੋਲੀ ਨਾਲ ਹੋ ਗਈ। ਸਭ ਤੋਂ ਪਹਿਲੀ ਵਾਰ ਉਸਨੇ ਆਪਣੇ ਸਾਥੀਆਂ ਗੋਲਾ, ਚੀਨਾ ਅਤੇ ਰਾਜ ਨਾਲ ਮਿਲ ਕੇ ਕੋਚ ਰਾਮ ਸਿੰਘ ਦੀ ਦੇਖ-ਰੇਖ ਹੇਠ ਪਿੰਡ ਢੰਡੋਲੀ ਖੁਰਦ ਦੇ ਨਾਂਅ ‘ਤੇ 52 ਕਿੱਲੋ ਭਾਰ ਵਰਗ ਦੀ ਟੀਮ ਬਣਾਉਣ ਦਾ ਸਿਲਸਿਲਾ ਆਰੰਭ ਕੀਤਾ।
ਸਖ਼ਤ ਅਭਿਆਸ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੇ ਹੌਲੀ-ਹੌਲੀ ਨੇੜਲੇ ਪਿੰਡਾਂ ਦੇ ਖੇਡ ਮੇਲਿਆਂ ‘ਤੇ ਆਪਣੀ ਥੋੜ੍ਹੀ-ਬਹੁਤ ਪਛਾਣ ਬਣਾ ਲਈ। ਉਸਤਾਦ ਰਾਮ ਸਿੰਘ ਦੁਆਰਾ ਦੱਸੇ ਰਾਹਾਂ ‘ਤੇ ਚੱਲਦਿਆਂ ਲੱਖੇ ਨੇ ਪੌੜੀ ਦਰ ਪੌੜੀ ਅੱਗੇ ਵਧਦੇ ਹੋਏ ਕਬੱਡੀ 58, 60, 62 ਕਿੱਲੋ ਭਾਰ ਵਰਗ ਵਿਚ ਖੇਡਦਿਆਂ ਸੰਨ 2010 ਵਿੱਚ 70 ਕਿੱਲੋ ਭਾਰ ਵਰਗ ਦੀ ਟੀਮ ਬਣਾ ਲਈ। ਲੱਖੇ ਦੇ ਨਾਲ ਉਸਦੇ ਸਾਥੀ ਗੋਲਾ, ਕਾਲਾ, ਅਮਰੀਕ, ਲਾਲੀ, ਹਰਚਰਨ ਭਾਊ, ਵਿੱਕੀ ਅੜੈਚਾਂ ਅਤੇ ਪਾਲੀ ਛੰਨਾ ਵਰਗੇ ਖਿਡਾਰੀ ਵੀ ਉਸ ਟੀਮ ਦੇ ਮੈਂਬਰ ਬਣ ਗਏ ।
ਅੰਤਰਰਾਸ਼ਟਰੀ ਕਬੱਡੀ ਕੋਚ ਸ੍ਰ. ਗੁਰਮੇਲ ਸਿੰਘ ਦਿੜ੍ਹਬਾ ਨੇ ਪਾਰਖੂ ਨਜ਼ਰ ਨਾਲ ਵੇਖਦਿਆਂ ਸਾਲ 2011 ਵਿੱਚ ਲੱਖੇ ਨੂੰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਖੇਡਣ ਵਾਲੀ ਆਪਣੀ ਸ਼ਹੀਦ ਬਚਨ ਸਿੰਘ ਅਕੈਡਮੀ ਦਿੜ੍ਹਬਾ ਦੀ ਟੀਮ ਦਾ ਹਿੱਸਾ ਬਣਾ ਲਿਆ। 2012 ਵਿੱਚ ਪਿੰਡ ਗੁੱਜਰਾਂ ਦੇ ਖੇਡ ਮੇਲੇ ‘ਤੇ ਲੱਖੇ ਦੀ ਦਮਦਾਰ ਖੇਡ ਨੂੰ ਵੇਖਦਿਆਂ ਕਬੱਡੀ ਬੁਲਾਰੇ ਸੱਤਪਾਲ ਖਡਿਆਲ ਨੇ ਆਪਣੀ ਕੁਮੈਂਟਰੀ ਰਾਹੀਂ ਸੁਭਾਵਿਕ ਹੀ ਬੋਲਿਆ ਕਿ ਅੱਜ ਤਾਂ ਢੰਡੋਲੀ ਵਾਲਾ ਚੀਤੇ ਵਾਂਗ ਵਿਰੋਧੀ ਖਿਡਾਰੀਆਂ ‘ਤੇ ਭਾਰੂ ਪੈ ਰਿਹਾ ਹੈ।
ਉਸ ਦਿਨ ਤੋਂ ਹੀ ਕਬੱਡੀ ਦੇ ਵੱਖ-ਵੱਖ ਕੁਮੈਂਟੇਟਰ ਅਤੇ ਦਰਸ਼ਕਾਂ ਨੇ ਲੱਖੇ ਨੂੰ ਗੋਗੋ ਰੁੜਕੀ ਤੋਂ ਬਾਅਦ ‘ਕਬੱਡੀ ਦਾ ਚੀਤਾ’ ਦੇ ਨਾਂਅ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ। ਲਗਾਤਾਰ ਤਿੰਨ ਸਾਲ ਦਿੜ੍ਹਬਾ ਅਕੈਡਮੀ ਵੱਲੋਂ ਪ੍ਰਦਰਸ਼ਨ ਕਰਨ ਵਾਲਾ ਲੱਖਾ ਸੰਨ 2014 ਵਿੱਚ ਜਥੇਦਾਰ ਬਾਬਾ ਹਨੂੰਮਾਨ ਸਿੰਘ ਕਬੱਡੀ ਅਕੈਡਮੀ ਮੋਹਾਲੀ ਨਾਲ ਜੁੜ ਗਿਆ। ਮੋਹਾਲੀ ਅਕੈਡਮੀ ਲਈ ਨਿਰੰਤਰ ਚਾਰ ਵਰ੍ਹੇ ਧੜੱਲੇਦਾਰ ਖੇਡ ਵਿਖਾਉਣ ਤੋਂ ਬਾਅਦ ਇਸ ਧੁਰੰਦਰ ਖਿਡਾਰੀ ਨੇ 2018 ਵਿੱਚ ਬਾਬਾ ਫੂਲੋ ਪੀਰ ਅਕੈਡਮੀ ਰੌਣੀ ਦੀ ਟੀਮ ਲਈ ਅਤੇ ਅਗਲੇ ਸਾਲ 2019 ਵਿੱਚ ਪੰਜਾਬ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਖੇਡਣ ਵਾਲੀ ਬਾਬਾ ਸੁਖਚੈਨਆਣਾ ਕਲੱਬ ਫਗਵਾੜਾ ਦੀ ਟੀਮ ਲਈ ਬੱਲੇ-ਬੱਲੇ ਕਰਵਾਈ।
ਸੰਨ 2013 ਵਿੱਚ ਮਲੇਸ਼ੀਆ ਦੇ ਮੈਦਾਨਾਂ ਵਿੱਚ ਧੁੰਮਾਂ ਪਾਉਣ ਵਾਲਾ ਲੱਖਾ 2015 ਵਿੱਚ ਇੰਗਲੈਂਡ ਅਤੇ 2017, 2018, 2019 ਵਿੱਚ ਲਗਾਤਾਰ ਤਿੰਨ ਸਾਲ ਦੁਬਈ ਵਿੱਚ ਵੀ ਆਪਣੀ ਜ਼ਬਰਦਸਤ ਖੇਡ ਦਾ ਲੋਹਾ ਮਨਵਾ ਚੁੱਕਾ ਹੈ। ਗਲੋਬਲ ਕਬੱਡੀ ਲੀਗ-2018 ਵਿੱਚ ਦਿੱਲੀ ਟਾਈਗਰਜ਼ ਦੀ ਟੀਮ ਲਈ ਖੇਡਦਿਆਂ ਪੀ.ਟੀ.ਸੀ. ਚੈਨਲ ਰਾਹੀਂ ਸਮੁੱਚੇ ਕਬੱਡੀ ਜਗਤ ਦੀਆਂ ਨਜ਼ਰਾਂ ਨੂੰ ਦਿਸਣ ਵਾਲਾ ਲੱਖਾ ਚਾਲੂ ਵਰ੍ਹੇ ਵਿੱਚ ਨਿਊਜ਼ੀਲੈਂਡ ਵਿਖੇ ਹੋਣ ਵਾਲੇ ਮੈਚਾਂ ਲਈ ਵੀ ਪੂਰੀ ਤਿਆਰੀ ਵਿੱਚ ਸੀ, ਪਰ ਕਰੋਨਾ ਦੀ ਮਹਾਂਮਾਰੀ ਕਾਰਨ ਨਿਊਜ਼ੀਲੈਂਡ ਵਿੱਚ ਹੋਣ ਵਾਲੇ ਮੈਚ ਰੱਦ ਕਰ ਦਿੱਤੇ ਗਏ ਹਨ।
ਪਿਛਲੇ ਛੇ ਸਾਲਾਂ ਤੋਂ ਉਲਟਫੇਰ ਵਾਲੀ ਖੇਡ ਦਿਖਾਉਣ ਵਾਲੀ ਬੱਬੂ ਝਨੇੜੀ, ਕਾਜੂ ਰਣੀਕੇ ਅਤੇ ਲੱਖਾ ਢੰਡੋਲੀ ਦੀ ਪ੍ਰਸਿੱਧ ਤਿੱਕੜੀ ਦੇ ਇਸ ਖੌਫ਼ਨਾਕ ਜਾਫੀ ਦੀ ਕਪਤਾਨੀ ਹੇਠ ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਚੱਲ ਰਹੇ ਸਾਲ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ‘ਤੇ ਪਹਿਲੀ ਵਾਰ ਜਿੱਤ ਦੇ ਝੰਡੇ ਗੱਡ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।
ਕਬੱਡੀ ਦੇ ਜਾਦੂਗਰ ਨਰਿੰਦਰ ਰਾਮ (ਬਿੱਟੂ ਦੁਗਾਲ), ਨਿਰਵੈਰ ਸਿੰਘ (ਘੋਨੀ ਰਾਣੀਵਾਲ) ਅਤੇ ਸੰਦੀਪ ਲੱਲੀਆਂ ਦੀ ਖੇਡ ਦਾ ਮੁਰੀਦ ਲੱਖਾ 2013 ਵਿੱਚ ਆਪਣੀ ਜਨਮਭੂਮੀ ਪਿੰਡ ਤੂਰਬੰਜਾਰਾ ਦੇ ਖੇਡ ਮੇਲੇ ‘ਤੇ ਮੋਟਰਸਾਈਕਲ ਨਾਲ ਅਤੇ ਅਨੇਕਾਂ ਵਾਰ ਸੋਨੇ ਦੀਆਂ ਮੁੰਦੀਆਂ, ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਬੁਲੰਦੀਆਂ ਛੂਹਣ ਵਾਲਾ ਲੱਖਾ ਆਪਣੀ ਕਾਮਯਾਬ ਖੇਡ ਸਦਕਾ ਹੁਣ ਤੱਕ 1 ਜੀਪ, 1 ਕਾਰ, 3 ਬੁਲਟ, 29 ਮੋਟਰਸਾਈਕਲ, 1 ਸੋਨੇ ਦਾ ਕੈਂਠਾ, ਸੋਨੇ ਦੀਆਂ ਮੁੰਦੀਆਂ ਅਤੇ ਨਕਦ ਰਾਸ਼ੀ ਜਿੱਤ ਚੁੱਕਾ ਹੈ।
ਬਾਪੂ ਦੀਆਂ ਝਿੜਕਾਂ ਅਤੇ ਲਾਡ-ਪਿਆਰ ਤੋਂ ਆਪਣੇ-ਆਪ ਨੂੰ ਸੱਖਣਾ ਮਹਿਸੂਸ ਕਰਨ ਵਾਲੇ ਲੱਖੇ ਨੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਆਪਣੇ ਪਿਓ ਦੀ ਤਸਵੀਰ ਨੂੰ ਲੰਘੇ ਸਾਲ 2019 ਵਿੱਚ ਇੱਕ ਯਾਦ ਦੇ ਰੂਪ ਆਪਣੀ ਛਾਤੀ ‘ਤੇ ਹਮੇਸ਼ਾ ਲਈ ਖੁਣਵਾ ਲਿਆ। ਅਸੀਂ ਦੁਆ ਕਰਦੇ ਹਾਂ ਕਿ ਲੱਖਾਂ ਹੀ ਖੇਡ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਲਖਵਿੰਦਰ ਸਿੰਘ ਲੱਖਾ ਜੁਗ-ਜੁਗ ਜੀਵੇ ਅਤੇ ਆਪਣੀ ਜ਼ਿੰਦਗੀ ਦੇ ਹਰ ਮਿਸ਼ਨ ਵਿੱਚ ਫਤਿਹ ਨਸੀਬ ਕਰੇ।
ਪ੍ਰੋ. ਗੁਰਸੇਵ ਸਿੰਘ ਸੇਵਕ ਸ਼ੇਰਗੜ,
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।