ਬਰਨਾਲਾ ‘ਚ ਕੋਰੋਨਾ ਦੀ ਲਪੇਟ ‘ਚ ਆਏ ਦੋ ਹੋਰ ਪੁਲਿਸ ਮੁਲਾਜ਼ਮ
ਬਰਨਾਲਾ, (ਜਸਵੀਰ ਸਿੰਘ) ਮਲੇਰਕੋਟਲਾ ਵਾਸੀ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਪਿੱਛੋਂ ਜ਼ਿਲੇ ਅੰਦਰ ਮੁੜ ਸ਼ੁਰੂ ਹੋਇਆ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀ ਲੈ ਰਿਹਾ। ਜਿਸ ਦੇ ਚਲਦਿਆਂ ਮਹਿਲ ਕਲਾਂ ਦੇ ਪੁਲਿਸ ਮੁਲਾਜ਼ਮ ਪਿੱਛੋਂ ਬਰਨਾਲਾ ਦੇ ਦੋ ਹੋਰ ਪੁਲੀਸ ਮੁਲਾਜ਼ਮਾਂ ਦੀ ਰਿਪੋਰਟ ਵੀ ਪਾਜ਼ਿਟਿਵ ਆ ਗਈ ਹੈ।
ਸਿਹਤ ਵਿਭਾਗ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਮਲੇਰਕੋਟਲਾ ਤੋਂ ਫੜੇ ਗਏ ਨਸ਼ਾ ਤਸਕਰ ਨੂੰ ਮਹਿਲ ਕਲਾਂ ਥਾਣੇ ਦੀ ਪੁਲਿਸ ਫੜ ਕੇ ਲਿਆਈ ਸੀ ਜਿਸ ਨੂੰ ਪੁੱਛਗਿੱਛ ਲਈ ਥਾਣਾ ਮਹਿਲ ਕਲਾਂ ‘ਚ ਰੱਖਿਆ ਗਿਆ ਸੀ, ਜਿਸ ਕਾਰਨ ਨਸ਼ਾ ਤਸਕਰ ਦੇ ਸੰਪਰਕ ‘ਚ ਮਹਿਲ ਕਲਾਂ ਥਾਣੇ ਦੀ ਪੁਲਿਸ ਦੇ ਨਾਲ ਨਾਲ 40 ਪੁਲਿਸ ਮੁਲਾਜ਼ਮ ਸੰਪਰਕ ‘ਚ ਆਏ ਸਨ। ਜਿੰਨਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿੰਨਾਂ ਦੀ ਰਿਪੋਰਟ ਆਉਣ ‘ਤੇ ਏਐਸਆਈ ਹਰਜੀਤ ਸਿੰਘ ਅਤੇ ਹੋਮਗਾਰਡ ਬਲਵੀਰ ਸਿੰਘ ਦੀ ਰਿਪੋਰਟ ਵੀ ਅੱਜ ਕੋਰੋਨਾ ਪਾਜੇਟਿਵ ਆਈ ਹੈ।
ਜਿੰਨਾਂ ਨੂੰ ਮਹਿਲ ਕਲਾਂ ਵਿਖੇ ਇਕਾਂਤਵਾਸ ਕੀਤਾ ਹੋਇਆ ਸੀ। ਜਾਣਕਾਰੀ ਅਨੁਸਾਰ ਬਰਨਾਲਾ ਵਿੱਚ ਹੁਣ ਤੱਕ ਕੁੱਲ 27 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਇੰਨਾਂ ‘ਚੋਂ ਇੱਕ ਦੀ ਮੌਤ ਹੋ ਚੁੱਕੀ ਹੈ, ਜਦਕਿ 21 ਮਰੀਜ਼ ਤੰਦਰੁਸਤ ਹੋ ਚੁੱਕੇ ਹਨਤੇ 5 ਮਰੀਜ਼ ਐਕਟਿਵ ਹਨ। ਜਿਕਰਯੋਗ ਹੈ ਕਿ ਮਹਿਲ ਕਲਾਂ ਥਾਣੇ ਨਾਲ ਸਬੰਧਿਤ 3 ਪੁਲੀਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।