ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਪੀਪੀਈ ਕਿੱਟਾਂ ਨੂੰ ਤਿਆਰ ਕਰਨ ਲਈ 56 ਇੰਡਸਟਰੀਆਂ ਕੀਤੀਆਂ ਗਈਆਂ ਸਥਾਪਿਤ
ਚੰਡੀਗੜ੍ਹ (ਅਸ਼ਵਨੀ ਚਾਵਲਾ) ਕੋਰੋਨਾ ਦੀ ਮਹਾਂਮਾਰੀ ਦੌਰਾਨ ਜਦੋਂ ਦੇਸ਼ ਭਰ ਵਿੱਚ ਪੀਪੀਈ ਕਿੱਟਾਂ ਦੀ ਘਾਟ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀ ਸੀ ਤਾਂ ਉਸੇ ਦੌਰਾਨ ਹੀ ਪੰਜਾਬ ਸਰਕਾਰ ਨੇ ਲੁਧਿਆਣਾ ਵਿਖੇ ਇੱਕ ਤੋਂ ਬਾਅਦ ਇੱਕ 56 ਇੰਡਸਟਰੀਆਂ ਸਥਾਪਤ ਕਰਕੇ ਪੀਪੀਈ ਕਿੱਟਾਂ ਤਿਆਰ ਕਰਨ ਲਈ ਇਜਾਜ਼ਤ ਤਾਂ ਦੇ ਦਿੱਤੀ ਪਰ ਉਨ੍ਹਾਂ ਕੰਪਨੀ ਮਾਲਕਾਂ ਨੂੰ ਹੁਣ ਪੀਪੀਈ ਕਿੱਟਾਂ ਦੇ ਆਰਡਰ ਹੀ ਨਹੀਂ ਮਿਲ ਰਹੇ ਹਨ।
ਸਿਰਫ਼ ਲੁਧਿਆਣਾ ਹੀ ਨਹੀਂ ਸਗੋਂ ਜਲੰਧਰ ਵਿਖੇ ਵੀ ਇਨ੍ਹਾਂ ਪੀਪੀਈ ਕਿੱਟਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਸਿਰਫ਼ 18 ਕੰਪਨੀਆਂ ਨੂੰ ਹੀ ਪੀਪੀਈ ਕਿੱਟਾਂ ਦੇ ਆਰਡਰ ਮਿਲੇ ਹਨ, ਜਦੋਂ ਕਿ ਬਾਕੀ ਕੰਪਨੀਆਂ ਨੂੰ ਅਜੇ ਜ਼ਿਆਦਾ ਸਮਾਂ ਵਿਹਲੇ ਬੈਠ ਕੇ ਹੀ ਕੰਮ ਚਲਾਉਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਵਪਾਰਕ ਰਾਜਧਾਨੀ ਦੇ ਤੌਰ ‘ਤੇ ਪਛਾਣ ਬਣਾ ਚੁੱਕੇ ਲੁਧਿਆਣਾ ਵਿਖੇ ਵੱਡੇ ਪੱਧਰ ‘ਤੇ ਰੈਡੀਮੇਡ ਗਾਰਮੈਂਟਸ ਦਾ ਕੰਮ ਕੀਤਾ ਜਾਂਦਾ ਹੈ। ਇਸੇ ਲੁਧਿਆਣਾ ਤੋਂ ਹੀ ਦੇਸ਼ ਅਤੇ ਵਿਦੇਸ਼ਾਂ ਵਿੱਚ ਗਾਰਮੈਂਟਸ ਸਪਲਾਈ ਕੀਤਾ ਜਾਂਦਾ ਰਿਹਾ ਹੈ। ਕੋਰੋਨਾ ਦੀ ਮਹਾਂਮਾਰੀ ਦੌਰਾਨ ਜਦੋਂ ਦੇਸ਼ ਭਰ ਵਿੱਚ ਲਾਕ ਡਾਊਨ ਲੱਗਿਆ ਹੋਇਆ ਤਾਂ ਗਾਰਮੈਂਟਸ ਕੰਪਨੀਆਂ ਵੀ ਵੱਡੇ ਪੱਧਰ ‘ਤੇ ਬੰਦ ਹੋਣ ਦੇ ਕੰਢੇ ਪੁੱਜ ਰਹੀਆਂ।
ਇਸੇ ਦੌਰਾਨ ਦੇਸ਼ ਵਿੱਚ ਪੀਪੀਈ ਕਿੱਟਾਂ ਦੀ ਭਾਰੀ ਘਾਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕਾਫ਼ੀ ਜ਼ਿਆਦਾ ਕੋਸ਼ਸ਼ ਕਰਦੇ ਹੋਏ ਜ਼ਿਆਦਾਤਰ ਇੰਡਸਟਰੀ ਨੂੰ ਪੀਪੀਈ ਕਿੱਟਾਂ ਤਿਆਰ ਕਰਨ ਲਈ ਰਾਜ਼ੀ ਕਰ ਲਿਆ । ਲੁਧਿਆਣਾ ਵਿਖੇ ਇੱਕ ਤੋਂ ਬਾਅਦ ਇੱਕ ਕੰਪਨੀ ਵੱਲੋਂ ਪੀਪੀਈ ਕਿੱਟ ਨੂੰ ਤਿਆਰ ਕਰਨ ਲਈ ਢਾਂਚਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਬਕਾਇਦਾ ਅਧਿਕਾਰਤ ਤੌਰ ‘ਤੇ ਉਨ੍ਹਾਂ ਨੂੰ ਇਜਾਜ਼ਤ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ।
ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਿਰਫ਼ ਲੁਧਿਆਣਾ ਵਿਖੇ ਹੀ 54 ਕੰਪਨੀਆਂ ਨੂੰ ਪੀਪੀਈ ਕਿੱਟ ਬਣਾਉਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਕੰਪਨੀਆਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਜਲਦ ਹੀ ਆਰਡਰ ਵੀ ਮਿਲਣੇ ਸ਼ੁਰੂ ਹੋ ਜਾਣਗੇ, ਜਿਸ ਕਾਰਨ ਉਨ੍ਹਾਂ ਵੱਲੋਂ ਥੋੜ੍ਹਾ-ਥੋੜ੍ਹਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਆਰਡਰ ਆਉਣ ਤੋਂ ਬਾਅਦ ਤੁਰੰਤ ਉਹ ਸਪਲਾਈ ਕਰਨ ਲਈ ਵੀ ਤਿਆਰ ਰਹਿਣ, ਜਦੋਂ ਕਿ ਹੁਣ ਇਸ ਤੋਂ ਉਲਟ ਹੋ ਰਿਹਾ ਹੈ।
ਪੰਜਾਬ ਵਿੱਚ ਇਸ ਸਮੇਂ 56 ਪੀਪੀਈ ਕਿੱਟਾਂ ਬਣਾਉਣ ਵਾਲੀਆਂ ਕੰਪਨੀਆਂ ਵਿੱਚੋਂ ਸਿਰਫ਼ 18 ਕੰਪਨੀਆਂ ਨੂੰ ਹੀ ਆਰਡਰ ਮਿਲੇ ਹਨ, ਜਦੋਂ ਕਿ ਬਾਕੀ 38 ਕੰਪਨੀਆਂ ਨੂੰ ਹੁਣ ਤੱਕ ਇੱਕ ਵੀ ਆਰਡਰ ਨਹੀਂ ਮਿਲਿਆ ਹੈ। ਰੋਬਿਨ ਇੰਟਰਨੈਸ਼ਨਲ ਦੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੂੰ ਪੀਪੀਈ ਕਿੱਟ ਬਣਾਉਣ ਦੀ ਇਜਾਜ਼ਤ ਮਿਲੇ ਕਾਫ਼ੀ ਦਿਨ ਹੋ ਗਏ ਹਨ ਪਰ ਹੁਣ ਤੱਕ ਇੱਕ ਵੀ ਆਰਡਰ ਸਰਕਾਰ ਜਾਂ ਫਿਰ ਗੈਰ ਸਰਕਾਰੀ ਸੰਸਥਾ ਵੱਲੋਂ ਉਨ੍ਹਾਂ ਕੋਲ ਨਹੀਂ ਪਹੁੰਚਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਜਾ ਰਹੀਂ ਹੈ, ਸਗੋਂ ਉਨ੍ਹਾਂ ਵੱਲੋਂ ਹੀ ਦੂਜੇ ਸੂਬਿਆਂ ਦੀਆਂ ਸਰਕਾਰਾਂ ਨਾਲ ਸੰਪਰਕ ਕਰਕੇ ਆਰਡਰ ਲੈਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਥੋੜ੍ਹੀਆਂ ਥੋੜ੍ਹੀਆਂ ਪੀਪੀਈ ਕਿੱਟਾਂ ਉਹ ਰੋਜ਼ਾਨਾ ਤਿਆਰ ਕਰ ਰਹੇ ਹਨ ਤਾਂ ਕਿ ਭਵਿੱਖ ਵਿੱਚ ਆਰਡਰ ਮਿਲਣ ‘ਤੇ ਉਹ ਤੁਰੰਤ ਸਪਲਾਈ ਕਰ ਸਕਣ।
ਉਦਯੋਗ ਮੰਤਰੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ, ਪੰਜਾਬ ਤੋਂ ਵਾਜਬ ਕੀਮਤਾਂ ‘ਤੇ ਖਰੀਦਣ ਪੀਪੀਈ ਕਿੱਟਾਂ
ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਆਪਣੇ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਜਦੋਂ ਲੋੜ ਹੋਵੇ ਤਾਂ ਉਹ ਪੰਜਾਬ ਵਿੱਚੋਂ ਪੀਪੀਈ ਕਿੱਟਾਂ ਦੀ ਖਰੀਦ ਕਰਨ।
ਆਪਣੇ ਪੱਤਰ ਵਿੱਚ ਅਰੋੜਾ ਨੇ ਜ਼ਿਕਰ ਕੀਤਾ ਕਿ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਕਰਮਚਾਰੀਆਂ ਨੂੰ ਚੰਗੀ ਗੁਣਵੱਤਾ ਦੇ ਪਰਸਨਲ ਪ੍ਰੋਟੈਕਸ਼ਨ ਉਪਕਰਨ (ਪੀਪੀਈ) ਦੇਣਾ ਜ਼ਰੂਰੀ ਹੈ। ਮੰਤਰੀ ਨੇ ਉਨਾਂ ਨੂੰ ਆਪਣੇ ਪੱਤਰ ਵਿੱਚ ਦੱਸਿਆ ਕਿ ਸਰਕਾਰੀ ਏਜੰਸੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ, ਉਹ ਵਾਜਬ ਰੇਟਾਂ ‘ਤੇ ਪੀਪੀਈ ਕਿੱਟਾਂ ਸਪਲਾਈ ਕਰਨ ਲਈ ਸਹਿਮਤ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।