ਛੇਵੀਂ ਟ੍ਰੇਨ ਮੁਜੱਫ਼ਰਪੁਰ ਤੇ ਸੱਤਵੀਂ ਰੇਲ ਗੱਡੀ ਸਹਰਸਾ ਜ਼ਿਲ੍ਹੇ ਨੂੰ ਭੇਜੀ
ਯਾਤਰੀਆਂ ਦੀ ਮੈਡੀਕਲ ਸਕਰੀਨਿੰਗ ਸਮੇਤ ਪੁਖ਼ਤਾ ਇੰਤਜਾਮ ਕੀਤੇ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਦੇਸ਼ ਵਿਆਪੀ ਲਾਕ ਡਾਊਨ ਕਰਕੇ ਫਸੇ ਬਾਹਰਲੇ ਰਾਜਾਂ ਦੇ ਮਜ਼ਦੂਰਾਂ ਅਤੇ ਹੋਰ ਵਸਨੀਕਾਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਨੂੰ ਵਾਪਸ ਭੇਜਣ ਲਈ ਕੀਤੀ ਵਿਸ਼ੇਸ ਪਹਿਲਕਦਮੀ ਤਹਿਤ ਅੱਜ ਦੋ ਰੇਲ ਗੱਡੀਆਂ ਪਟਿਆਲਾ ਦੇ ਰੇਲਵੇ ਸਟੇਸ਼ਨ ਤੋਂ ਬਿਹਾਰ ਦੇ 2400 ਦੇ ਕਰੀਬ ਵਸਨੀਕਾਂ ਨੂੰ ਲੈਕੇ ਰਵਾਨਾ ਹੋਈਆਂ। ਜਦੋਂਕਿ ਮਨੀਪੁਰ ਦੇ 44 ਵਸਨੀਕਾਂ ਨੂੰ ਸਰਹਿੰਦ ਦੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਵਿੱਚ ਚੜ੍ਹਾਉਣ ਲਈ ਪਟਿਆਲਾ ਤੋਂ ਦੋ ਬੱਸਾਂ ਰਾਹੀਂ ਭੇਜਿਆ ਗਿਆ।
ਦੁਪਹਿਰ 12 ਵਜੇ ਪਹਿਲੀ ਟ੍ਰੇਨ ਬਿਹਾਰ ਦੇ ਮੁਜੱਫ਼ਰਪੁਰ ਲਈ ਅਤੇ ਸ਼ਾਮ ਨੂੰ 5 ਵਜੇ ਦੂਸਰੀ ਟ੍ਰੇਨ ਸਹਰਸਾ ਜ਼ਿਲ੍ਹੇ ਲਈ ਰਵਾਨਾ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਯਾਤਰੀਆਂ ਦੀ ਮੈਡੀਕਲ ਸਕਰੀਨਿੰਗ ਸਮੇਤ ਖਾਣ ਲਈ ਭੋਜਨ ਅਤੇ ਪੀਣ ਲਈ ਪਾਣੀ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਸਨ। ਇਨ੍ਹਾਂ ਲਈ ਖਾਣਾ ਰਾਧਾ ਸੁਆਮੀ ਸੰਸਥਾ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਚਾਰ ਗੱਡੀਆਂ ਯੂ.ਪੀ. ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਭੇਜਣ ਸਮੇਤ ਇੱਕ ਗੱਡੀ ਬਿਹਾਰ ਲਈ ਜਾ ਚੁੱਕੀ ਹੈ।
ਪਹਿਲੀ ਰੇਲ ਗੱਡੀ ਨੂੰ ਰਵਾਨਾ ਕਰਨ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਹੋਰ ਅਧਿਕਾਰੀ ਹਾਜਰ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਪੰਜ ਗੱਡੀਆਂ ਰਾਹੀਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਭੇਜਿਆ ਜਾ ਚੁੱਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।