ਧੜਾ-ਧੜ ਪੰਜਾਬ ਨੂੰ ਛੱਡ ਰਹੇ ਨੇ ਪ੍ਰਵਾਸੀ ਮਜ਼ਦੂਰ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਹਰ ਕੰਮ ਵਿੱਚ ਹਿੱਸੇਦਾਰ ਬਣੇ ਪ੍ਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਵਿੱਚੋਂ ਧੜਾ ਧੜ ਪਲਾਇਨ ਕਰ ਰਹੇ ਹਨ ਪ੍ਰਵਾਸੀਆਂ ਦੇ ਸੂਬਾ ਛੱਡਣ ਦੇ ਪੰਜਾਬ ਨੂੰ ਨਤੀਜੇ ਛੇਤੀ ਹੀ ਵੇਖਣ ਨੂੰ ਮਿਲ ਸਕਦੇ ਹਨ ਕਿਉਂਕਿ ਪ੍ਰਵਾਸੀਆਂ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ ‘ਤੇ ਅਜਿਹੇ ਕੰਮ ਧੰਦੇ ਤੋਰ ਰੱਖੇ ਸੀ, ਜਿਨ੍ਹਾਂ ਨਾਲ ਜਿੱਥੇ ਪੰਜਾਬੀਆਂ ਨੂੰ ਵੀ ਵੱਡਾ ਫਾਇਦਾ ਹੋ ਰਿਹਾ ਸੀ ਉੱਥੇ ਉਨ੍ਹਾਂ ਦਾ ਆਪਣਾ ਵੀ ਗੁਜ਼ਾਰਾ ਕਰ ਚੱਲ ਰਿਹਾ ਸੀ
ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਖੇਤੀ ਦੇ ਕੰਮ ਪ੍ਰਵਾਸੀ ਮਜ਼ਦੂਰਾਂ ਦੇ ਸਿਰ ‘ਤੇ ਹੁੰਦੇ ਸਨ, ਉਥੇ ਸ਼ਹਿਰਾਂ ਵਿੱਚ ਕੰਮ ਧੰਦੇ ‘ਚ ਪ੍ਰਵਾਸੀਆਂ ਨੇ ਆਪਣਾ ਤਕੜਾ ਆਧਾਰ ਬਣਾ ਲਿਆ ਸੀ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਸੰਦ ਤਿਆਰ ਕਰਨ ਵਾਲੀਆਂ ਦੁਕਾਨਾਂ ਪ੍ਰਵਾਸੀਆਂ ਦੇ ਪ੍ਰਭਾਵ ਹੇਠ ਆ ਚੁੱਕੀਆਂ ਸਨ, ਜਿਸ ਕਾਰਨ ਮਜ਼ਦੂਰਾਂ ਦਾ ਆਪਣੀ ਤੋਰੀ ਫੁਲਕਾ ਵਧੀਆ ਤਰੀਕੇ ਨਾਲ ਚੱਲਣ ਲੱਗ ਪਿਆ ਸੀ ਸੰਗਰੂਰ, ਬਰਨਾਲਾ ਤੇ ਕਈ ਜ਼ਿਲ੍ਹਿਆਂ ਵਿੱਚ ਕੁਲਚਿਆਂ, ਬਰਗਰਾਂ, ਨਾਨ ਆਦਿ ਦੇ ਕੰਮ ਵਿੱਚ ਮੁਹਾਰਤ ਹਾਸਲ ਇਨ੍ਹਾਂ ਪ੍ਰਵਾਸੀਆਂ ਨੇ ਆਪਣਾ ਦਬਦਬਾ ਕਾਇਮ ਕਰ ਰੱਖਿਆ ਸੀ
ਸੰਗਰੂਰ ਵਿੱਚ ਇੱਕ-ਦੋ ਥਾਈਂ ਕੁਲਚਾ ਰੇਹੜੀਆਂ ਲਾਈ ਬੈਠੇ ਇਹਨਾਂ ਪ੍ਰਵਾਸੀਆਂ ਦੀ ਰੋਜ਼ਾਨਾ ਦੀ ਆਮਦਨ ਹਜ਼ਾਰਾਂ ਵਿੱਚ ਸੀ ਸ਼ਹਿਰ ਵਾਸੀ ਵੀ ਇਨ੍ਹਾਂ ਦੇ ਸੁਆਦਲੇ ਪਕਵਾਨਾਂ ਦੇ ਕਾਇਲ ਬਣ ਚੁੱਕੇ ਸਨ
ਪ੍ਰਵਾਸੀਆਂ ਮਜ਼ਦੂਰਾਂ ਦੇ ਪਲਾਇਨ ਤੋਂ ਬਾਅਦ ਸ਼ਹਿਰਾਂ ਵਿੱਚ ਆਮ ਘਰਾਂ ਦੇ ਲੋਕ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਰਾਏ ‘ਤੇ ਬਿਠਾ ਕੇ ਉਨ੍ਹਾਂ ਤੋਂ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੇ ਸਨ, ਨੂੰ ਵੀ ਇਕਦਮ ਝਟਕਾ ਲੱਗਿਆ ਹੈ ਮਜ਼ਦੂਰਾਂ ਵੱਲੋਂ ਸਾਮਾਨ ਚੁੱਕ ਕੇ ਲਿਜਾਣ ਕਾਰਨ ਵੱਡੀ ਗਿਣਤੀ ਘਰ ਭਾਂ-ਭਾਂ ਕਰਨ ਲੱਗੇ ਹਨ ਸ਼ਹਿਰ ਵਾਸੀ ਗਿਆਨ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਭਾਵੇਂ ਛੋਟਾ ਜਿਹਾ ਹੈ ਪਰ ਉਸ ਨੇ ਦੋ ਕਮਰੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਰਾਏ ‘ਤੇ ਦਿੱਤੇ ਹੋਏ ਸਨ
ਜਿਸ ਕਾਰਨ ਉਸ ਨੂੰ ਹਰ ਮਹੀਨੇ 3000 ਹਜ਼ਾਰ ਰੁਪਏ ਕਿਰਾਇਆ ਆ ਜਾਂਦਾ ਸੀ ਪਰ ਹੁਣ ਉਹ ਆਪਣੇ ਗਰਾਂ ਨੂੰ ਜਾਣ ਕਾਰਨ ਉਨ੍ਹਾਂ ਦਾ ਘਰ ਖਾਲੀ ਹੋ ਗਿਆ ਹੈ ਸ਼ਹਿਰ ਦੀ ਇੱਕ ਔਰਤ ਇੰਦਰਾ ਰਾਣੀ (ਵਿਧਵਾ) ਨੇ ਵੀ ਆਪਣੇ ਦੋ ਕਮਰੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੇ ਹੋਏ ਸਨ ਪਰ ਉਹ ਵੀ ਖਾਲੀ ਹੋਣ ਕਾਰਨ ਉਸ ਦਾ ਵਿੱਤੀ ਤਵਾਜ਼ਨ ਵਿਗੜ ਗਿਆ ਹੈ ਇਸ ਤਰ੍ਹਾਂ ਸ਼ਹਿਰਾਂ ਵਿੱਚ ਵੱਡੀ ਗਿਣਤੀ ਇਲਾਕਿਆਂ ਵਿੱਚੋਂ ਪ੍ਰਵਾਸ ਪਲਾਇਨ ਕਰਨ ਕਰਕੇ ਵੱਡੀ ਗਿਣਤੀ ਮਕਾਨ ਖਾਲੀ ਹੋ ਗਏ ਹਨ
‘ਜੱਟਾਂ’ ਨੂੰ ਆਪਣੇ ਲਾਡਲਿਆਂ ਦੇ ਜਾਣ ਦਾ ਲੱਗਿਆ ਝੋਰਾ
ਪੰਜਾਬ ਵਿੱਚ ਹੁੰਦੀ ਚੌਲਾਂ ਦੀ ਖੇਤੀ ਦਾ ਆਧਾਰ ਹਰ ਸਾਲ ਪ੍ਰਵਾਸੀ ਮਜ਼ਦੂਰ ਹੀ ਬਣਦੇ ਰਹੇ ਹਨ ਪਰ ਇਸ ਵਾਰ ਕਿਸਾਨਾਂ ਨੂੰ ਬਹੁਤ ਹੀ ਘੱਟ ਆਸ ਹੈ ਕਿ ਇਸ ਵਾਰ ਮਜ਼ਦੂਰ ਉਨ੍ਹਾਂ ਦੇ ਖੇਤਾਂ ਵਿੱਚ ਚੌਲ ਲਾਉਣਗੇ ਕਿਸਾਨ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਚੌਲ ਲਵਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਟੋਲੀਆਂ ਇੱਕ ਤਾਂ ਬਹੁਤ ਘੱਟ ਸਮੇਂ ਵਿੱਚ ਚੌਲ ਲਾਉਣ ਦਾ ਕੰਮ ਨੇਪਰੇ ਚਾੜ੍ਹ ਦਿੰਦੀਆਂ ਸਨ, ਉਥੇ ਉਹ ਘੱਟ ਦਿਹਾੜੀ ਤੇ ਵੀ ਕੰਮ ਕਰ ਲੈਂਦੇ ਸਨ ਇਸ ਦੇ ਉਲਟ ਲੋਕਲ ਮਜ਼ਦੂਰਾਂ ਤੋਂ ਉਹੀ ਕੰਮ ਵੱਧ ਪੈਸੇ ਦੇ ਕੇ ਕਰਵਾਉਣਾ ਪਵੇਗਾ ਉਨ੍ਹਾਂ ਕਿਹਾ ਕਿ ਸੱਚ ਮੁੱਚ ਹੀ ਪ੍ਰਵਾਸੀਆਂ ਦੇ ਜਾਣ ਦਾ ਸਭ ਤੋਂ ਵੱਡਾ ਦੁੱਖ ਕਿਸਾਨਾਂ ਨੂੰ ਹੀ ਹੋ ਰਿਹਾ ਹੈ
‘ਇਕਾਂਤਵਾਸ’ ਝੱਲਣਾ ਔਖਾ : ਪ੍ਰਵਾਸੀ
ਇਸ ਸਬੰਧੀ ਗੱਲਬਾਤ ਕਰਦਿਆਂ ਯੂਪੀ ਦੇ ਪ੍ਰਵਾਸੀ ਮਜ਼ਦੂਰ ਰਾਜੂ ਕੁਮਾਰ ਨੇ ਦੱਸਿਆ ਕਿ ਉਹ ਵਾਪਸ ਆਪਣੇ ਪਿੰਡ ਜਾ ਰਹੇ ਹਨ ਉਸ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਛੇਤੀ ਛੇਤੀ ਮੁੜਨਾ ਬਹੁਤ ਮੁਸ਼ਕਲ ਜਾਪਦਾ ਹੈ ਕਿਉਂਕਿ ਕੋਰੋਨਾ ਬਿਮਾਰੀ ਕਾਰਨ ਜਿਹੜੀਆਂ ਬੰਦਸ਼ਾਂ ਸਰਕਾਰ ਵੱਲੋਂ ਬਣਾਈਆਂ ਗਈਆਂ ਹਨ, ਉਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਇੱਧਰ ਕੰਮ ਛੁੱਟਣ ਕਾਰਨ ਵਾਪਿਸ ਜਾ ਰਹੇ ਹਨ ਪਹਿਲਾਂ ਤਾਂ ਇੱਥੋਂ ਮੁਸ਼ਕਲ ਨਾਲ ਜਾਣ ਦਾ ਕੋਈ ਹੱਲ ਹੋਇਆ ਹੈ, ਫਿਰ ਉੱਧਰ ਜਾ ਕੇ ਘੱਟ ਤੋਂ ਘੱਟ 21 ਦਿਨ ਇਕਾਂਤਵਾਸ ਰਹਿਣਾ ਪਵੇਗਾ ਇਸ ਪਿੱਛੋਂ ਜੇਕਰੇ ਉੱਧਰੋਂ ਵਾਪਸ ਪੰਜਾਬ ਆਈਏ ਤਾਂ ਫਿਰ 21 ਦਿਨ ਇਕਾਂਤਵਾਸ ‘ਚ ਰਹਿਣਾ ਪਵੇਗਾ ਅਤੇ ਇਹ 42 ਦਿਨ ਬਿਨਾ ਗੱਲ ਤੋਂ ਕੱਟਣੇ ਉਨ੍ਹਾਂ ਦੇ ਵੱਸੋਂ ਬਾਹਰ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।