ਹਰਜੀਤ ਸਿੰਘ ਲਈ ਜੱਜ ਸਾਹਿਬਾਨ, ਰਾਜਨੀਤਿਕ ਆਗੂ, ਕਲਾਕਾਰ, ਅਫ਼ਸਰਾਂ ਸਮੇਤ ਅਨੇਕਾਂ ਹਸਤੀਆਂ ਦੇ ਮਿਲੇ ਸੁਨੇਹੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਐਸਆਈ ਹਰਜੀਤ ਸਿੰਘ ਨਾਲ ਵਾਪਰੇ ਹਾਦਸੇ ਤੋਂ ਬਾਅਦ ਭਾਰਤ ਹੀ ਨਹੀਂ ਸਗੋਂ ਦੇਸ਼-ਵਿਦੇਸ਼ਾਂ ‘ਚੋਂ ਵੀ ਹਰਜੀਤ ਸਿੰਘ ਦੀ ਸਲਾਮਤੀ ਅਤੇ ਤੰਦਰੁਸਤੀ ਲਈ ਅਨੇਕਾਂ ਸੁਨੇਹੇ ਪਰਿਵਾਰ ਨੂੰ ਮਿਲੇ। ਨਾ ਤਾਂ ਇਨ੍ਹਾਂ ਲੋਕਾਂ ਦਾ ਹਰਜੀਤ ਸਿੰਘ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਖੂਨ ਦਾ ਰਿਸ਼ਤਾ ਸੀ ਅਤੇ ਨਾ ਹੀ ਕੋਈ ਹੋਰ ਸਾਂਝ। ਦੂਜਾ ਹਰਜੀਤ ਸਿੰਘ ਦਾ ਪਰਿਵਾਰ ਵੀ ਹਰਜੀਤ ਸਿੰਘ ਵਾਂਗ ਹੀ ਬਹਾਦਰ ਅਤੇ ਹੌਸਲੇ ਵਾਲਾ ਨਿੱਕਲਿਆ ਹੈ।
ਹਰਜੀਤ ਸਿੰਘ ਦੇ ਪਰਿਵਾਰ ਨੂੰ ਹੱਥ ਕੱਟੇ ਜਾਣ ਮੌਕੇ ਕੁਝ ਨਹੀਂ ਦੱਸਿਆ ਗਿਆ ਸਗੋਂ ਮੀਡੀਆ ‘ਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੀ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਿਆ। ਹੱਥ ਕੱਟਣ ਦੇ ਬਾਵਜੂਦ ਪਰਿਵਾਰ ਵੱਲੋਂ ਕੋਈ ਹਾਲ ਦੁਹਾਈ ਨਹੀਂ ਕੀਤੀ ਗਈ ਸਗੋਂ ਹਰਜੀਤ ਸਿੰਘ ਦੇ ਇਲਾਜ ਨੂੰ ਪਹਿਲ ਦਿੱਤੀ ਗਈ।
ਇਸ ਘਟਨਾ ਦੌਰਾਨ ਹਰਜੀਤ ਸਿੰਘ ਨਾਲ ਪਰਛਾਵੇ ਵਾਂਗ ਰਹਿਣ ਵਾਲੇ ਉਨ੍ਹਾਂ ਦੇ ਭਰਾ ਗੁਰਜੀਤ ਸਿੰਘ ਨੇ ਕਈ ਅਜਿਹੀਆਂ ਗੱਲਾਂ ਸਾਂਝੀਆ ਕੀਤੀਆਂ ਜੋ ਅੱਜ ਤੱਕ ਸਾਹਮਣੇ ਨਹੀਂ ਆਈਆਂ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਹਰਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਮੌਕੇ ਉਹ ਹੀ ਹਸਪਤਾਲ ਪੁੱਜਿਆ ਸੀ ਅਤੇ ਚੰਡੀਗੜ੍ਹ ਪੀਜੀਆਈ ਉਸਦੇ ਨਾਲ ਹੀ ਗਿਆ।
ਉਨ੍ਹਾਂ ਦੱਸਿਆ ਕਿ ਘਟਨਾ ਬਾਅਦ ਦੁਪਹਿਰ ਸਮੇਂ ਮੀਡੀਆ ‘ਚ ਮਾਮਲਾ ਨਸਰ ਹੋਣ ਤੋਂ ਬਾਅਦ ਹੀ ਹਰਜੀਤ ਸਿੰਘ ਦੀ ਪਤਨੀ ਬਲਵਿੰਦਰ ਕੌਰ ਅਤੇ ਸਾਡੀ ਮਾਤਾ ਦਲੀਪ ਕੌਰ ਅਤੇ ਪਿਤਾ ਕਰਨੈਲ ਸਿੰਘ ਨੂੰ ਪਤਾ ਲੱਗਿਆ ਪਰ ਉਹਨਾਂ ਵੱਲੋਂ ਪੂਰਾ ਹੌਸਲਾ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਕੋਈ ਹਾਲ ਦੁਹਾਈ ਨਹੀਂ ਕੀਤੀ ਗਈ ਪਰ ਚਿੰਤਾ ਜ਼ਰੂਰ ਸੀ। ਉਨ੍ਹਾਂ ਦੱਸਿਆ ਕਿ ਅਸੀਂ ਸੋਚਿਆ ਜੋ ਘਟਨਾ ਹੋਣੀ ਸੀ, ਉਹ ਹੋ ਗਈ, ਹੁਣ ਤਾਂ ਸਿਰਫ਼ ਹਰਜੀਤ ਸਿੰਘ ਦਾ ਚੰਗਾ ਇਲਾਜ ਹੀ ਸਾਡਾ ਮਕਸਦ ਰਿਹਾ।
SI Harjeet Singh’s family | ਉਨ੍ਹਾਂ ਇੱਕ ਸੁਆਲ ਦੇ ਜਵਾਬ ‘ਚ ਦੱਸਿਆ ਕਿ ਸਾਨੂੰ ਇਸ ਘਟਨਾ ਤੋਂ ਬਾਅਦ ਜੋ ਸੁਨੇਹੇ ਮਿਲੇ ਉਨ੍ਹਾਂ ਵਿੱਚ ਜੱਜ ਸਹਿਬਾਨ ਤੋਂ ਲੈ ਕੇ ਰਾਜਨੀਤਿਕ ਆਗੂ, ਫਿਲਮੀ ਅਤੇ ਗਾਇਕ ਕਲਾਕਾਰ, ਸਿਵਲ ਅਧਿਕਾਰੀ, ਡਾਕਟਰ, ਗ੍ਰੇਡ ਵਨ ਅਫਸਰ, ਪੰਜਾਬ ਤੋਂ ਹੀ ਨਹੀਂ ਸਗੋਂ ਹਿਮਾਚਲ, ਮਹਾਰਾਸ਼ਟਰਾਂ, ਮੁੰਬਈ, ਗੁਜਰਾਤ, ਆਧਰਾ ਪ੍ਰਦੇਸ਼, ਪੱਛਮੀ ਬੰਗਾਲ ਤੋਂ ਲੋਕਾਂ ਨੇ ਫੋਨ ਕਰਕੇ ਜਾਂ ਵਸਟਸਐਪ ਤੇ ਮੈਸੇਜ਼ ਜ਼ਰੀਏ ਹਰਜੀਤ ਸਿੰਘ ਦੀ ਹਾਲਤ ਬਾਰੇ ਪੁੱਛਿਆ।
ਉਨ੍ਹਾਂ ਦੱਸਿਆ ਕਿ ਇੱਥੋਂ ਤੱਕ ਅਮਰੀਕਾ, ਕੈਨੇਡਾ, ਇੰਗਲੈਡ, ਨਿਊਜੀਲੈਂਡ, ਫਰਾਂਸ, ਆਸਟਰੇਲੀਆ ਆਦਿ ਤੋਂ ਵੀ ਅਨੇਕਾਂ ਲੋਕਾਂ ਦੇ ਹਰਜੀਤ ਸਿੰਘ ਦੀ ਤੰਦਰੁਸਤੀ ਅਤੇ ਸਲਾਮਤੀ ਲਈ ਸੁਨੇਹੇ ਮਿਲੇ। ਗੁਰਜੀਤ ਸਿੰਘ ਨੇ ਕਿਹਾ ਕਿ ਅਸੀਂ ਖੁਦ ਹੈਰਾਨ ਸੀ ਕਿ ਇਨ੍ਹਾਂ ਕੋਲ ਕਿੱਥੋਂ ਸਾਡੇ ਫੋਨ ਨੰਬਰ ਪੁੱਜੇ। ਉਨ੍ਹਾਂ ਇਨ੍ਹਾਂ ਸਾਰੇ ਦੇਸ-ਵਿਦੇਸ਼ ਦੇ ਲੋਕਾਂ ਸਮੇਤ ਸਾਰੇ ਭਾਰਤੀਆਂ ਦਾ ਸੱਚ ਕਹੂੰ ਜਰੀਏ ਧੰਨਵਾਦ ਕਰਦਿਆ ਆਖਿਆ ਕਿ ਇਨ੍ਹਾਂ ਦੀਆਂ ਦੁਆਵਾਂ ਸਦਕਾ ਹੀ ਅੱਜ ਹਰਜੀਤ ਸਿੰਘ ਨੌ-ਬਰ-ਨੌ ਹੋਕੇ ਘਰ ਪੁੱਜਿਆ ਹੈ।
ਡਾਕਟਰ ਵੀ ਹਰਜੀਤ ਸਿੰਘ ਦੇ ਹੌਸਲੇ ਦੇ ਹੋਏ ਮੁਰੀਦ
ਗੁਰਜੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਨੇ ਬਹਾਦਰੀ ਨਾਲ ਇਸ ਘਟਨਾ ਦਾ ਸਾਹਮਣਾ ਕੀਤਾ ਅਤੇ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਬਹਾਦਰੀ ਦੀ ਸਲਾਹੁਤਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਡਾਕਟਰ ਹਰਜੀਤ ਸਿੰਘ ਨੂੰ ਦਰਦ ਬਾਰੇ ਪੁੱਛਦੇ ਤਾਂ ਉਨ੍ਹਾਂ ਨੂੰ ਵੀ ਮੁਸਕਰਾ ਕੇ ਜਵਾਬ ਦਿੰਦਾ ਅਤੇ ਫਿਰ ਡਾਕਟਰਾਂ ਨੇ ਦਰਦ ਬਾਰੇ ਪੁੱਛਣਾ ਹੀ ਬੰਦ ਕਰ ਦਿੱਤਾ। ਉਨ੍ਹਾਂ ਪੀਜੀਆਈ ਦੇ ਡਾਕਟਰਾਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆ ਆਖਿਆ ਕਿ ਉਨ੍ਹਾਂ ਨੇ ਹਰਜੀਤ ਸਿੰਘ ਦਾ ਐਨਾ ਧਿਆਨ ਰੱਖਿਆ ਜੋ ਕਿ ਕਹਿਣ-ਸੁਣਨ ਤੋਂ ਪਰੇ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।