ਨਵੇਂ ਵਿਚਾਰਾਂ ਦਾ ਸਿਰਜਕ : ਗੁਰਬਖ਼ਸ ਸਿੰਘ ਪ੍ਰੀਤਲੜੀ
ਪੰਜਾਬੀ ਸਾਹਿਤ ਦੇ ਖੇਤਰ ਵਿਚ ਗੁਰਬਖ਼ਸ ਸਿੰਘ ਪ੍ਰੀਤਲੜੀ ਦਾ ਇੱਕ ਵਿਸ਼ੇਸ਼ ਸਥਾਨ ਹੈ। ਉਸ ਦੇ ਸਾਹਿਤ ਵਿਚ ਪ੍ਰਵੇਸ਼ ਨਾਲ ਆਧੁਨਿਕ ਪੰਜਾਬੀ ਵਾਰਤਕ ਵਿਚ ਇੱਕ ਨਵੇਂ ਯੁੱਗ ਦਾ ਆਗ਼ਾਜ਼ ਹੁੰਦਾ ਹੈ। ਉਸ ਤੋਂ ਪਹਿਲਾਂ ਪੰਜਾਬੀ ਵਾਰਤਕ ਮੁੱਖ ਤੌਰ ‘ਤੇ ਮੱਧਕਾਲੀਨ ਸਰੋਕਾਰਾਂ ਨਾਲ ਜੁੜੀ ਹੋਈ ਸੀ, ਪਰ ਉਸ ਨੇ ਹੁਸੀਨ ਵਾਰਤਕ ਰਚ ਕੇ ਪੰਜਾਬੀ ਸਾਹਿਤ ਦੀ ਜੁਆਨੀ ਨੂੰ ਉਭਾਰਿਆ, ਨਿਖਾਰਿਆ।
ਉਸ ਦੀ ਰੰਗੀਨ ਬਿਆਨੀ ਤੇ ਪਾਰਸ ਕਵੀ ਰੂਹ ਨੇ ਪੰਜਾਬੀ ਰਚਨਾ ਨੂੰ ਸੋਨਾ ਬਣਾ ਦਿੱਤਾ ਤੇ ਕਈ ਥਾਂ ਇਹ ਸੁਨਹਿਰੀ ਵਾਰਤਕ ਗੀਤ ਬਣ ਕੇ ਵੀ ਗੂੰਜ ਉੱਠੀ। ਗੁਰਬਖ਼ਸ ਸਿੰਘ ਦਾ ਜਨਮ 26 ਅਪਰੈਲ, 1895 ਈ. ਨੂੰ ਸ. ਪਸ਼ੌਰਾ ਸਿੰਘ ਦੇ ਘਰ ਮਾਤਾ ਮਾਲਣੀ ਦੀ ਕੁੱਖੋਂ ਸਿਆਲਕੋਟ (ਪਾਕਿਸਤਾਨ) ਵਿਚ ਹੋਇਆ।
ਉਸ ਦਾ ਪਿਤਾ ਰੇਲਵੇ ਵਿਚ ਕਰਮਚਾਰੀ ਸੀ। ਉਹ ਅਜੇ ਸਿਰਫ਼ ਸੱਤ ਵਰਿਆਂ ਦਾ ਹੀ ਸੀ ਕਿ ਪਿਤਾ ਦਾ ਦੇਹਾਂਤ ਹੋ ਗਿਆ। ਦਸਵੀਂ ਦੀ ਪ੍ਰੀਖਿਆ ਉਸ ਨੇ ਸਿਆਲਕੋਟ ਤੋਂ ਪਾਸ ਕੀਤੀ। ਕੁਝ ਸਮਾਂ ਉਸ ਨੇ ਐੱਫ਼.ਸੀ. ਕਾਲਜ ਲਾਹੌਰ ਵਿਖੇ ਵੀ ਲਾਇਆ, ਪਰੰਤੂ ਆਪਣੀ ਕਮਜ਼ੋਰ ਆਰਥਿਕਤਾ ਕਾਰਨ ਉਸ ਨੂੰ ਕਾਲਜ ਦੀ ਪੜ੍ਹਾਈ ਅੱਧ-ਵਿਚਕਾਰ ਛੱਡਣੀ ਪਈ। ਕੁਝ ਸਮਾਂ ਕਲਰਕ ਵਜੋਂ ਕੰਮ ਕੀਤਾ, ਪਰ ਇੱਥੇ ਮਨ ਨਾ ਲੱਗਣ ਕਾਰਨ ਥਾਮਸਨ ਇੰਜੀਨੀਅਰਿੰਗ ਕਾਲਜ ਰੁੜਕੀ ਵਿਚ ਦਾਖਲਾ ਲੈ ਲਿਆ ਅਤੇ 1914 ਈ. ਵਿਚ ਇਹ ਵਿੱਦਿਆ ਸੰਪੂਰਨ ਕਰਕੇ ਉਹ ਫ਼ੌਜ ਵਿਚ ਇੰਜੀਨੀਅਰਿੰਗ ਦੀ ਨੌਕਰੀ ਕਰਨ ਲਈ ਇਰਾਨ ਪਹੁੰਚ ਗਿਆ ਅਤੇ ਇੱਥੇ 1918 ਈ. ਤੱਕ ਨੌਕਰੀ ਕਰਦਾ ਹੈ।
ਇੱਥੇ ਹੀ ਉਸ ਦਾ ਲਾਟ ਪਾਦਰੀ ਮਿਸਟਰ ਸਟੈਡ ਨਾਲ ਮੇਲ ਹੋਇਆ, ਜਿਸ ਨੇ ਆਪ ਨੂੰ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਵਿਚ ਇੰਜੀਨੀਅਰਿੰਗ ਦੀ ਉਚੇਰੀ ਪੜ੍ਹਾਈ ਲਈ ਪ੍ਰੇਰਿਆ ਤੇ ਮੱਦਦ ਵੀ ਕੀਤੀ। ਫ਼ੌਜ ਦੀ ਨੌਕਰੀ ਛੱਡ ਕੇ ਅਮਰੀਕਾ ਚੱਲਿਆ ਗਿਆ ਤੇ ਉੱਥੇ ਸਿਵਲ ਇੰਜੀਨੀਅਰਿੰਗ ਦਾ ਕੋਰਸ ਪਾਸ ਕਰਨ ਉਪਰੰਤ ਕੁਝ ਸਾਲ ਇੱਕ ਸਟੀਲ ਕੰਪਨੀ ਵਿਚ ਨੌਕਰੀ ਕੀਤੀ, ਪਰ ਆਪਣੇ ਦੇਸ਼ ਦਾ ਮੋਹ ਉਸ ਨੂੰ ਬਹੁਤੀ ਦੇਰ ਉੱਥੇ ਰਹਿਣ ਨਹੀਂ ਦਿੰਦਾ ਤੇ ਵਾਪਸ ਹਿੰਦੁਸਤਾਨ ਪਰਤ ਆਉਂਦਾ ਹੈ।
ਹਿੰਦੁਸਤਾਨ ਆ ਕੇ ਗੁਰਬਖ਼ਸ ਸਿੰਘ 1924 ਤੋਂ ਲੈ ਕੇ 1932 ਤੱਕ ਭਾਰਤੀ ਰੇਲ ਵਿਭਾਗ ਵਿਚ ਬਤੌਰ ਇੰਜੀਨੀਅਰਿੰਗ ਦਾ ਕਾਰਜ ਕਰਦਾ ਹੈ। 28 ਕੁ ਸਾਲ ਦੀ ਉਮਰ ਵਿਚ ਬੀਬੀ ਜਗਜੀਤ ਕੌਰ ਉਰਫ਼ ਜੀਤਾ ਨਾਲ ਸ਼ਾਦੀ ਹੋਣ ਪਿੱਛੋਂ ਉਸ ਦੇ ਘਰ ਛੇ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਵਿਚ ਦੋ ਲੜਕੇ ਅਤੇ ਚਾਰ ਲੜਕੀਆਂ ਹਨ।
ਅਮਰੀਕਾ ਵਿਖੇ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤੀ ਸਮੇਂ ਗੁਰਬਖ਼ਸ ਸਿੰਘ ਨੇ ਅਮਰੀਕੀ ਸਮਾਜ ਤੇ ਸੱਭਿਆਚਾਰ ਨੂੰ ਬੜੇ ਨਜ਼ਦੀਕ ਹੋ ਕੇ ਵੇਖਿਆ ਹੀ ਨਹੀਂ ਬਲਕਿ ਸਮਝਿਆ ਵੀ ਸੀ। ਉਸ ਸਮੇਂ ਦੇ ਉੱਘੇ ਵਿਦਵਾਨਾਂ ਜਿਨ੍ਹਾਂ ਵਿਚੋਂ ਐਮਰਮਨ ਅਤੇ ਵਿਟਮੈਨ ਦਾ ਨਾਂਅ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ, ਨੇ ਗੁਰਬਖ਼ਸ ਸਿੰਘ ਦੀ ਸੋਚ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਕੀਤਾ।
ਅਮਰੀਕਾ ਦੇ ਆਜ਼ਾਦ ਪੌਣ-ਪਾਣੀਆਂ ਵਿਚ ਤਾਰੀਆਂ ਲਾ ਕੇ ਅਨੁਭਵ ਕਰ ਲਿਆ ਸੀ ਕਿ ਆਜ਼ਾਦੀ ਤੋਂ ਬਿਨਾ ਜ਼ਿੰਦਗੀ ਕੁਝ ਵੀ ਨਹੀਂ। ਇਸੇ ਕਰਕੇ ਬਾਵਜੂਦ ਪਰਦੇਸੀਂ ਬੈਠੇ ਹੋਣ ਦੇ ਬਾਵਜ਼ੂਦ ਉਸਦਾ ਦਾ ਮਨ ਦੇਸ਼ ਵਿਚ ਹੋ ਰਹੇ ਸੁਤੰਤਰਤਾ ਸੰਗਰਾਮ ਵਿਚ ਜੁੜਿਆ ਹੋਇਆ ਸੀ। ਅਖ਼ਬਾਰਾਂ ਵਿਚ ਗੁਰੂ ਕੇ ਬਾਗ ਦੇ ਸਾਕੇ ਦੀਆਂ ਖ਼ਬਰਾਂ ਤੇ ਤਸਵੀਰਾਂ ਵੇਖ ਕੇ ਉਨ੍ਹਾਂ ਦਾ ਮਨ ਤੜਪ ਉੱਠਿਆ ਅਤੇ ਇਸ ਦਰਦਨਾਕ ਘਟਨਾ ‘ਤੇ ਇੱਕ ਕਵਿਤਾ ਲਿਖ ਕੇ ‘ਅਕਾਲੀ’ ਅਖ਼ਬਾਰ ਵਿਚ ਛਪਣ ਲਈ ਭੇਜੀ।
ਇਸ ਦੀਆਂ ਕੁਝ ਸਤਰਾਂ ਇਉਂ ਸਨ :
ਭਾਵੇਂ, ਦੇਹ ਸਮੁੰਦਰੋਂ ਪਾਰ ਬੈਠੀ, ਤੇਰੀ ਪੀੜ ਨਾਲ ਦਿਲ ਫ਼ਿਗਾਰ ਮੇਰਾ।
ਪਿੰਡੇ ਲਾਸ ਨ ਡਾਂਗ ਦੀ ਕੋਈ ਭਾਵੇਂ, ਹਿਰਦੇ ਵੇਖ ਲੈ ਟੁਕੜੇ ਚਾਰ ਮੇਰਾ।
ਤੇਰੇ ਫੱਟਾਂ ‘ਤੇ ਪੱਟੀ ਨ ਬੰਨ੍ਹ ਵੇਖੀ, ਫਟ ਫਟ ਕਲੇਜੜਾ ਜਾਰ ਮੇਰਾ।
ਅਮਰੀਕਾ ਵਿਚ ਬਿਤਾਏ ਸਮੇਂ ਨੇ ਗੁਰਬਖ਼ਸ ਸਿੰਘ ਦੀ ਸੋਚ ਨੂੰ ਇੱਕ ਖ਼ਾਸ ਦਿਸ਼ਾ ਪ੍ਰਦਾਨ ਕੀਤੀ। ਅਮਰੀਕਾ ਵਿਖੇ ਹੋ ਰਹੇ ਵਿਕਾਸ ਦੇ ਕਾਰਜਾਂ ਨੂੰ ਸਮਝ ਕੇ ਉਹ ਉਸੇ ਹੀ ਤਰਜ਼ ‘ਤੇ ਹਿੰਦੁਸਤਾਨ ਵਿਚ ਵੀ ਕਾਰਜ ਕਰਨਾ ਚਾਹੁੰਦਾ ਸੀ। ਇਸ ਲਈ ਉਹ ਬਹੁਤੀ ਦੇਰ ਨੌਕਰੀ ਨਾ ਕਰ ਸਕਿਆ ਅਤੇ 1933 ਵਿਚ ਨੌਸ਼ਹਿਰਾ ਵਿਖੇ ਅਕਾਲੀ ਫੂਲਾ ਸਿੰਘ ਦੀ ਸਮਾਧ ਦੇ ਨਾਲ ਲੱਗਦੀ ਜ਼ਮੀਨ ਨੂੰ ਠੇਕੇ ‘ਤੇ ਲੈ ਕੇ ਵਿਗਿਆਨਿਕ ਲੀਹਾਂ ‘ਤੇ ਖੇਤੀ ਦਾ ਕੰਮ ਆਰੰਭ ਕਰਦਾ ਹੈ।
ਇਸ ਲਈ ਉਹ ਟਰੈਕਟਰ ਨਾਲ ਖੇਤੀ ਕਰਨ ਦਾ ਕੰਮ ਸ਼ੁਰੂ ਕਰਦਾ ਹੈ ਅਤੇ ਨਾਲ ਹੀ ਪੰਜਾਬੀ ਵਿਚ ਇੱਕ ਮਹੱਤਵਪੂਰਨ ਮਾਸਿਕ ਰਸਾਲਾ ‘ਪ੍ਰੀਤਲੜੀ’ ਵੀ ਕੱਢਣਾ ਸ਼ੁਰੂ ਕਰ ਦਿੰਦਾ ਹੈ। ਇਹ ਸਮਾਂ 1933 ਦਾ ਸੀ।
ਇਸ ਮਾਸਿਕ ਰਸਾਲੇ ਦੇ ਸਰਵਰਕ ‘ਤੇ ਲਿਖਿਆ ਸੀ:-
ਕਿਸੇ ਦਿਲ ਸਾਂਝੇ ਦੀ ਧੜਕਨ, ਕਿਸੇ ਪ੍ਰੀਤ ਗੀਤ ਦੀ ਲੈਅ,
ਪੱਤੇ ਪ੍ਰੀਤਲੜੀ ਦੇ ਦੱਸਣ, ਜਿਸ ਵਿਚ ਪ੍ਰੋਤੀ ਸਭੋ ਸ਼ੈਅ।
ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਲੋਪੋਕੇ, ਜੋ ਕਿ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ ਪਾਸ ਪੰਦਰਾਂ ਏਕੜਾ ਜ਼ਮੀਨ ਲੈ ਕੇ ‘ਪ੍ਰੀਤਨਗਰ’ ਦੀ ਸਥਾਪਨਾ ਕਰਦਾ ਹੈ। ਉਸ ਦੇ ਸਿਰਜੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਵਾਸਤੇ ਪੰਜਾਬੀ ਦੇ ਹੋਰ ਕਈ ਸਾਹਿਤਕਾਰ ਤੇ ਵਿਦਵਾਨ ਗੁਰਬਖ਼ਸ ਸਿੰਘ ਦਾ ਸਾਥ ਦਿੰਦੇ ਹਨ ਜਿਨ੍ਹਾਂ ਵਿਚੋਂ ਨਾਵਲਕਾਰ ਨਾਨਕ ਸਿੰਘ, ਬਲਰਾਜ ਸਾਹਨੀ, ਡਾ. ਮਹਿੰਦਰ ਸਿੰਘ ਰੰਧਾਵਾ, ਸੋਭਾ ਸਿੰਘ ਚਿੱਤਰਕਾਰ, ਬਲਵੰਤ ਗਾਰਗੀ, ਦਵਿੰਦਰ ਸੱਤਿਆਰਥੀ ਆਦਿ ਅਜਿਹੇ ਵਿਅਕਤੀ ਸਨ ਜੋ ਪ੍ਰੀਤਨਗਰ ਵਿਚ ਉਸ ਦੇ ਨਾਲ ਰਹਿਣ ਦਾ ਫ਼ੈਸਲਾ ਕਰਦੇ ਹਨ।
ਇਸ ਪ੍ਰੀਤਨਗਰ ਵਿਚ ਪ੍ਰੀਤ ਲੰਗਰ, ਪ੍ਰੀਤ ਸੈਨਾ, ਪ੍ਰੀਤ ਕਲੱਬ ਅਤੇ ਪ੍ਰੀਤ ਐਕਟੀਵਿਟੀ ਸਕੂਲ ਆਦਿ ਦੀ ਸਥਾਪਨਾ ਕੀਤੀ ਗਈ। ਇੱਥੇ ਹਰ ਕਾਰਜ ਇਕੱਠਿਆਂ ਹੀ ਕੀਤਾ ਜਾਂਦਾ ਸੀ ਅਤੇ ਇਉਂ ਪ੍ਰੀਤ ਨਗਰ ਹਰ ਬੁੱਧੀਜੀਵੀ ਤੇ ਕਲਾਕਾਰ ਲਈ ਆਕਰਸ਼ਣ ਦਾ ਕੇਂਦਰ ਬਣ ਗਿਆ। ਸਾਲ 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਹੋ ਗਈ ਅਤੇ ਪ੍ਰੀਤਨਗਰ ਬਿਲਕੁਲ ਸੀਮਾ ਦੇ ਨਜ਼ਦੀਕ ਆ ਗਿਆ। ਬੁੱਧੀਜੀਵੀ ਤੇ ਕਲਾਕਾਰਾਂ ਨੂੰ ਪ੍ਰੀਤਨਗਰ ਛੱਡ ਕੇ ਜਾਣਾ ਪਿਆ।
ਗੁਰਬਖ਼ਸ਼ ਸਿੰਘ ਨੇ ਇਸ ਸਮੇਂ ਆਪਣਾ ਟਿਕਾਣਾ ਮਹਿਰੋਲੀ ਦਿੱਲੀ ਵਿਖੇ ਬਣਾ ਲਿਆ ਅਤੇ ਦੁਬਾਰਾ ਤੋਂ ਸਰਗਰਮੀਆਂ ਕਰਨ ਦੀ ਹਿੰਮਤ ਜੁਟਾਈ ਪਰ ਬਹੁਤੀ ਦੇਰ ਦਿੱਲੀ ਨਾ ਰਹਿ ਸਕਿਆ ਤੇ ਫਿਰ ਦੁਬਾਰਾ ਪ੍ਰੀਤਨਗਰ ਆ ਕੇ ਵੱਸ ਗਿਆ। 1933 ਵਿਚ ਗੁਰਬਖ਼ਸ ਸਿੰਘ ਨੇ ਮਾਸਿਕ ‘ਪ੍ਰੀਤਲੜੀ’ ਦੀ ਸ਼ੁਰੂਆਤ ਕੀਤੀ, ਜਿਸ ਨੂੰ ਉਸ ਨੇ 1977 ਤੱਕ ਆਪਣੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤਾ, ਪਿੱਛੋਂ 1981 ਤੱਕ ਨਵਤੇਜ ਸਿੰਘ ਨੇ ਇਸ ਨੂੰ ਬੜੀ ਸੂਝ-ਬੂਝ ਨਾਲ ਸੰਭਾਲਿਆ, ਬਾਅਦ ਵਿਚ ਨਵਤੇਜ ਸਿੰਘ ਦੇ ਲੜਕੇ ਸੁਮੀਤ ਸਿੰਘ ਨੇ ਇਸ ਦੇ ਸੰਪਾਦਨ ਦੀ ਜ਼ਿੰਮੇਵਾਰੀ ਸੰਭਾਲੀ ਪਰ ਅਚਾਨਕ ਮੌਤ ਹੋਣ ‘ਤੇ ਸੁਮੀਤ ਦੀ ਪਤਨੀ ਪੂਨਮ ਸਿੰਘ ਇਸ ਪੱਤ੍ਰਿਕਾ ਨੂੰ ਚੰਡੀਗੜ੍ਹ ਤੋਂ ਜਾਰੀ ਰੱਖਣ ਵਿਚ ਕਾਮਯਾਬ ਹੋ ਰਹੀ ਹੈ।
ਗੁਰਬਖ਼ਸ ਸਿੰਘ ਜਿਸ ਨੂੰ ‘ਸ਼ਬਦਾਂ ਦਾ ਜਾਦੂਗਾਰ’ ਵੀ ਕਿਹਾ ਜਾਂਦਾ ਹੈ, ਉਹ ਆਪਣੀ ਰਚਨਾ ਵਿਚ ਜਿਨ੍ਹਾਂ ਵੀ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ, ਉਹ ਬਾ-ਅਰਥ ਹੁੰਦੇ ਹਨ। ਉਹ ਸਾਧਾਰਨ ਸ਼ਬਦਾਂ ਨੂੰ ਵੀ ਅਸਾਧਾਰਨ ਰੂਪ ਵਿਚ ਵਰਤਣ ਦੀ ਸਮਰੱਥਾ ਰੱਖਦਾ ਹੈ। ਉਸ ਦੀ ਵਾਰਤਕ ਵਿਚ ਸ਼ਬਦ ਜੜਤ ਇਸ ਤਰ੍ਹਾਂ ਪ੍ਰਾਪਤ ਹੁੰਦੀ ਹੈ ਕਿ ਉਨ੍ਹਾਂ ਵਿਚ ਕਾਵਿਕਤਾ ਵਾਲਾ ਅੰਸ਼ ਵਾਰ-ਵਾਰ ਦੇਖਣ ਨੂੰ ਮਿਲਦਾ ਹੈ। ਕੁਝ ਵਾਕ ਤਾਂ ਅਜਿਹੇ ਵੀ ਉਸ ਦੀਆਂ ਰਚਨਾਵਾਂ ਵਿਚ ਪਛਾਣੇ ਜਾ ਸਕਦੇ ਹਨ ਜੋ ਅਖਾਣ ਜਾਂ ਮੁਹਾਵਰੇ ਵਾਂਗ ਵਰਤੇ ਜਾ ਸਕਦੇ ਹਨ।
ਮਿਸਾਲ ਦੇ ਤੌਰ ‘ਤੇ ‘ਜ਼ਿੰਦਗੀ ਦੀ ਰਾਸ’ ਪੁਸਤਕ ਵਿਚ ਪ੍ਰਾਪਤ ਉਸ ਦੇ ਨਿਬੰਪ ਬੋਲੀ ਵਿਚ ਇਹ ਵਾਕ ਵੇਖੇ ਜਾ ਸਕਦੇ ਹਨ ਕਿ ‘ਬੋਲੀ ਨਾ ਸਿਰਫ਼ ਕਾਮਯਾਬੀ ਦੀ ਖੋਲੀ ਹੈ ਇਹ ਜ਼ਿੰਦਗੀ ਦੇ ਹੁਸਨਾਂ ਤੇ ਸੁਆਦਾਂ ਦਾ ਜਾਦੂ ਹੈ’। ਉਸ ਦੀਆਂ ਪੁਸਤਕਾਂ ਦੇ ਸਿਰਲੇਖ ਵਿਸ਼ੇਸ਼ ਆਕਰਸ਼ਣ ਵਾਲੇ ਹੁੰਦੇ ਹਨ। ਗੁਰਬਖ਼ਸ ਸਿੰਘ ਪ੍ਰੀਤਲੜੀ ਨੇ ਸਾਹਿਤ ਦੇ ਖੇਤਰ ਵਿਚ ਬੜਾ ਉੱਚ ਕੋਟੀ ਦਾ ਯੋਗਦਾਨ ਦਿੱਤਾ ਹੈ। ਉਸ ਨੇ ਸਾਹਿਤ ਦੇ ਲਗਭਗ ਹਰ ਰੂਪ ਉੱਤੇ ਕਲਮ ਚਲਾਈ ਅਤੇ ਸਫ਼ਲਤਾ ਹਾਸਲ ਕੀਤੀ। ਉਸ ਦੀਆਂ ਸਾਹਿਤਕ ਰਚਨਾਵਾਂ ਦੇ ਕਈ-ਕਈ ਐਡੀਸ਼ਨ ਪ੍ਰਕਾਸ਼ਿਤ ਹੋਏ।
ਉਸ ਦੀਆਂ ਕਈ ਰਚਨਾਵਾਂ ਦੇ ਹਿੰਦੀ ਅਤੇ ਉਰਦੂ ਅਨੁਵਾਦ ਵੀ ਪ੍ਰਕਾਸ਼ਿਤ ਹੋਏ, ਜਿਸ ਤੋਂ ਲੇਖਕ ਦੀ ਮਕਬੂਲੀਅਤ ਦਾ ਪਤਾ ਲੱਗਦਾ ਹੈ। ਸਾਹਿਤ ਦਾ ਇਹ ਮਹਾਨ ਯੋਧਾ 20 ਅਗਸਤ, 1977 ਨੂੰ 82 ਵਰ੍ਹਿਆਂ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਿਆ, ਪਰ ਆਪਣੀ ਵਿਲੱਖਣ ਸ਼ੈਲੀ ਅਤੇ ਸ਼ਬਦਾਵਲੀ ਸਦਕਾ ਉਹ ਨਿਰੰਤਰ ਪਾਠਕਾਂ ਦੇ ਅੰਗ-ਸੰਗ ਹੈ ਅਤੇ ਰਹੇਗਾ।
ਡਾ. ਚਰਨਜੀਤ ਕੌਰ
ਪੰਜਾਬੀ ਵਿਭਾਗ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਰਸਾ (ਹਰਿਆਣਾ)
ਮੋ. 98784-47758
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।