ਵਿੱਤੀ ਸੰਕਟ ਨੂੰ ਆਧਾਰ ਬਣਾ ਕੇ ਜਾਰੀ ਕੀਤਾ ਫਰਮਾਨ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਾਰ ਵਿੱਚ ਹੁਣ ਪੰਜਾਬ ਭਰ ਦੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਤਨਖ਼ਾਹ ਲਈ ਵੀ ਜੂਝਣਾ ਪਏਗਾ ਕਿਉਂਕਿ ਪੰਜਾਬ ਦੇ ਖਜ਼ਾਨਾ ਵਿਭਾਗ ਨੇ ਅਪਰੈਲ ਦੀ ਤਨਖ਼ਾਹ ਜਾਰੀ ਕਰਨ ‘ਤੇ ਹਾਲ ਦੀ ਘੜੀ ਪਾਬੰਦੀ ਲਾ ਦਿੱਤੀ ਹੈ। ਜਿਸ ਕਾਰਨ ਹੁਣ ਕੋਈ ਵੀ ਜਿਲਾ ਖਜਾਨਾ ਅਫ਼ਸਰ ਕਿਸੇ ਵੀ ਵਿਭਾਗ ਤੋਂ ਤਨਖ਼ਾਹ ਦੇ ਬਿੱਲ ਹੀ ਨਹੀਂ ਲਏਗਾ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਨਾਂ ਆਦੇਸ਼ਾਂ ਤੋਂ ਡਾਕਟਰਾਂ ਅਤੇ ਹਸਪਤਾਲ ਸਟਾਫ਼ ਸਣੇ ਪੁਲਿਸ ਕਰਮਚਾਰੀਆਂ ਨੂੰ ਵੀ ਬਾਹਰ ਨਹੀਂ ਰੱਖਿਆ ਗਿਆ ਹੈ ਅਤੇ ਕੋਰੋਨਾ ਦੀ ਜੰਗ ਵਿੱਚ ਸਾਰਿਆਂ ਤੋਂ ਜਿਆਦਾ ਅਹੂਤੀ ਦੇਣ ਵਾਲੇ ਇਨਾਂ ਯੋਧਿਆਂ ਨੂੰ ਤਨਖ਼ਾਹ ਨਹੀਂ ਮਿਲੇਗੀ। ਇਸ ਪਿੱਛੇ ਮੌਜੂਦਾ ਮਾੜੇ ਵਿੱਤੀ ਹਾਲਾਤ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਕੋਰੋਨਾ ਦੀ ਮਾਰ ਦੇ ਕਾਰਨ ਸੂਬੇ ਵਿੱਚ ਪਿਛਲੇ 40 ਦਿਨਾਂ ਤੋਂ ਮੁਕੰਮਲ ਤੌਰ ‘ਤੇ ਕਰਫਿਊ ਲੱਗੇ ਹੋਣ ਕਰਕੇ ਹਰ ਤਰਾਂ ਦੀਆਂ ਵਪਾਰਕ ਗਤੀਵਿਧੀਆਂ ਬੰਦ ਪਈਆਂ ਹਨ। ਜਿਸ ਕਾਰਨ ਸੂਬਾ ਸਰਕਾਰ ਨੂੰ ਟੈਕਸ ਅਤੇ ਸੈੱਸ ਨਾ ਆਉਣ ਦੇ ਕਾਰਨ ਸਰਕਾਰ ਦੇ ਖਜ਼ਾਨੇ ਦੀ ਹਾਲਤ ਕਾਫ਼ੀ ਜਿਆਦਾ ਖਰਾਬ ਹੋਈ ਪਈ ਹੈ।
ਜਿਸ ਕਾਰਨ ਹੀ ਹੁਣ ਸੂਬਾ ਸਰਕਾਰ ਵਲੋਂ ਬੀਤੇ ਦਿਨੀਂ ਸਾਰੇ ਸਰਕਾਰੀ ਵਿਭਾਗਾਂ ਦੇ ਖਰਚੇ ‘ਤੇ 25 ਫੀਸਦੀ ਦਾ ਕੱਟ ਲਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਦੇ ਬਾਵਜੂਦ ਸਰਕਾਰ ਦੀ ਵਿੱਤੀ ਹਾਲਾਤ ਵਿੱਚ ਸੁਧਾਰ ਹੋਣ ਦੀ ਕੋਈ ਉਮੀਦ ਨਹੀਂ ਲਗਾਈ ਜਾ ਰਹੀਂ ਹੈ। ਜੀਐਸਟੀ ਅਤੇ ਐਕਸਾਈਜ਼ ਡਿਊਟੀ ਨਾ ਆਉਣ ਦੇ ਕਾਰਨ ਹੀ ਹੁਣ ਸਰਕਾਰ ਨੇ ਆਪਣੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਅਪਰੈਲ ਮਹੀਨੇ ਦੀ ਤਨਖ਼ਾਹ ਦੇਣ ਤੋਂ ਆਪਣੇ ਹੱਥ ਖੜੇ ਕਰ ਦਿੱਤੇ ਹਨ।
ਸੂਬਾ ਸਰਕਾਰ ਦੇ ਖਜਾਨਾ ਵਿਭਾਗ ਵਲੋਂ ਸੋਮਵਾਰ ਨੂੰ ਇੱਕ ਗੁਪਤ ਆਦੇਸ਼ ਰਾਹੀਂ ਸਾਰੇ ਜਿਲਾ ਖਜਾਨਾ ਦਫ਼ਤਰਾਂ ਨੂੰ ਤਨਖ਼ਾਹ ਦੇ ਬਿੱਲ ਪਾਸ ਕਰਨਾ ਤਾਂ ਦੂਰ ਦੀ ਗਲ, ਉਨਾਂ ਤਨਖ਼ਾਹ ਬਿਲ ਨੂੰ ਫੜਨ ‘ਤੇ ਹੀ ਪਾਬੰਦੀ ਲਗਾ ਦਿੱਤੀ ਹੈ। ਇਸ ਲਈ ਕੋਈ ਵੀ ਜਿਲਾ ਅਧਿਕਾਰੀ ਹੁਣ ਕਿਸੇ ਵੀ ਤਰਾਂ ਦਾ ਤਨਖ਼ਾਹ ਬਿਲ ਆਨਲਾਇਨ ਜਾਂ ਫਿਰ ਆਫ਼ ਲਾਇਨ ਨਹੀਂ ਲੈਂਦੇ ਹੋਏ ਤਨਖ਼ਾਹ ਨੂੰ ਪਾਸ ਨਹੀਂ ਕਰੇਗਾ।
ਇਨਾਂ ਆਦੇਸ਼ਾਂ ਵਿੱਚ ਕਿਸੇ ਵੀ ਵਿਭਾਗ ਨੂੰ ਬਾਹਰ ਨਹੀਂ ਰੱਖਿਆ ਗਿਆ ਹੈ, ਜਿਸ ਕਾਰਨ ਕੋਰੋਨਾ ਦੀ ਜੰਮ ਵਿੱਚ ਮੂਹਰੇ ਹੋ ਕੇ ਲੜ ਰਹੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਸਣੇ ਪੁਲਿਸ ਕਰਮਚਾਰੀਆਂ ਦੀ ਤਨਖ਼ਾਹ ਵੀ ਨਹੀਂ ਆਏਗੀ।ਜਿਸ ਕਾਰਨ ਹੁਣ ਪੰਜਾਬ ਭਰ ਦੇ ਸਰਕਾਰੀ ਕਰਮਚਾਰੀਆਂ ਨੂੰ ਅਗਲੇ ਆਦੇਸ਼ਾਂ ਤੱਕ ਤਨਖ਼ਾਹ ਦਾ ਇੰਤਜ਼ਾਰ ਕਰਨਾ ਪਏਗਾ, ਉਮੀਦ ਲਗਾਈ ਜਾ ਰਹੀਂ ਹੈ ਕਿ ਸਰਕਾਰ ਦੇ ਅਗਲੇ ਆਦੇਸ਼ ਜੂਨ ਤੱਕ ਨਹੀਂ ਆ ਸਕਦੇ
ਇਸ ਸਬੰਧੀ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਗੱਲਬਾਤ ਕਰਨ ਦੀ ਕੋਸ਼ਸ਼ ਕੀਤੀ ਤਾਂ ਉਨਾਂ ਦਾ ਮੋਬਾਇਲ ਫੋਨ ਲਗਾਤਾਰ ਹੀ ਬੰਦ ਆ ਰਿਹਾ ਸੀ। ਖਜਾਨਾ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨਿਰੁੱਧ ਤਿਵਾੜੀ ਫੋਨ ਨਹੀਂ ਚੁੱਕ ਰਹੇ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।