ਹੌਂਸਲੇ ਨਾਲ ਸੁਰਿੰਦਰ ਕੌਰ ਨੇ ਕੋਰੋਨਾ ਨੂੰ ਦਿੱਤੀ ਹਾਰ
ਲਗਾਤਾਰ 5ਵੇਂ ਦਿਨ ਵੀ ਲੁਧਿਆਣਾ ‘ਚ ਨਹੀਂ ਆਇਆ ਕੋਈ ਨਵਾਂ ਮਰੀਜ਼
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਲੁਧਿਆਣਾ ਸ਼ਹਿਰ ਦੇ ਅਮਰਪੁਰਾ ਦੀ ਇੱਕ 72 ਸਾਲਾ ਔਰਤ ਅੱਜ ਕਰੋਨਾ ਵਾਇਰਸ ਨੂੰ ਮਾਤ ਦੇ ਕੇ (Defeated Corona) ਆਪਣੇ ਘਰ ਚਲੀ ਗਈ ਹੈ। ਪਹਿਲੀ ਅਪਰੈਲ ਨੂੰ ਕੋਰੋਨਾ ਪਾਜ਼ਿਟਿਵ ਪਾਈ ਗਈ ਸੁਰਿੰਦਰ ਕੌਰ ਹੁਣ ਕਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹੋ ਗਈ ਹੈ ਤੇ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।
ਸੁਰਿੰਦਰ ਕੌਰ 30 ਮਾਰਚ ਨੂੰ ਕੋਰੋਨਾ ਵਾਇਰਸ ਨਾਲ ਦਮ ਤੋੜਨ ਵਾਲੀ ਉਮਰਪੁਰਾ ਦੀ 42 ਸਾਲਾਂ ਔਰਤ ਦੀ ਗੁਆਂਢਣ ਹੈ। ਜ਼ਿਆਦਾ ਉਮਰ ਹੋਣ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੀ ਇਸ ਬਜ਼ੁਰਗ ਔਰਤ ਦੇ ਜਜ਼ਬੇ ਦੀ ਸਿਵਲ ਹਸਪਤਾਲ ਦੇ ਡਾਕਟਰ, ਨਰਸਾਂ ਤੇ ਪੈਰਾ ਮੈਡੀਕਲ ਸਟਾਫ਼ ਭਰਪੂਰ ਸ਼ਲਾਘਾ ਕਰ ਰਿਹਾ ਹੈ। ਅੱਜ ਸੁਰਿੰਦਰ ਕੌਰ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਜਾਣ ਮੌਕੇ ਹਸਪਤਾਲ ਦੀ ਐਸਐਮਓ ਡਾ. ਗੀਤਾ, ਐਸਐਮਓ ਡਾ. ਸਤਿੰਦਰ ਕੌਰ, ਐਸਐਮਓ ਡਾ. ਮਾਲਾ, ਡਾ. ਹਰਪ੍ਰੀਤ ਸਿੰਘ, ਡਾ. ਹਰੀਸ਼ ਡਾ. ਕਿਰਪਾਲ, ਡਾ. ਕੁਲਵੰਤ ਸਿੰਘ ਤੇ ਡਾ. ਹਰਵਿੰਦਰ ਸਿੰਘ ਹਾਜ਼ਰ ਸਨ।
ਸੁਰਿੰਦਰ ਕੌਰ ਨੇ ਇਲਾਜ ਕਰ ਰਹੇ ਡਾਕਟਰਾਂ, ਨਰਸਿੰਗ ਸਟਾਫ ਤੇ ਪੈਰਾ ਮੈਡੀਕਲ ਸਟਾਫ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਦੀ ਪੂਰਨ ਸੰਭਾਲ ਕੀਤੀ ਤੇ ਉਸ ਨੂੰ ਕੋਈ ਤਕਲੀਫ ਨਹੀਂ ਹੋਣ ਦਿੱਤੀ। ਹਸਪਤਾਲ ਦੇ ਮਾਹੌਲ ਵਿੱਚ ਉਸ ਨੂੰ ਕੋਈ ਦਿੱਕਤ ਨਹੀਂ ਆਈ, ਡਾਕਟਰਾਂ ਤੇ ਨਰਸਾਂ ਦਾ ਵਤੀਰਾ ਦੋਸਤਾਨਾ ਸੀ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਨਵੀਂ ਜ਼ਿੰਦਗੀ ਬਖ਼ਸ਼ੀ ਹੈ।
5 ਵਿਅਕਤੀ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰਕੇ ਆਪਣੇ ਘਰ ਜਾ ਚੁੱਕੇ ਹਨ
ਜ਼ਿਕਰਯੋਗ ਹੈ ਲੁਧਿਆਣਾ ਵਿੱਚ ਜਲੰਧਰ ਦੀ ਸਵਰਨ ਲਤਾ ਸਮੇਤ 5 ਵਿਅਕਤੀ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰਕੇ ਆਪਣੇ ਘਰ ਜਾ ਚੁੱਕੇ ਹਨ, 4 ਵਿਅਕਤੀ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। ਸਭ ਤੋਂ ਪਹਿਲਾਂ ਲੁਧਿਆਣਾ ਦੇ ਗੁਰਦੇਵ ਨਗਰ ਦੀ ਰਹਿਣ ਵਾਲੀ 55 ਸਾਲਾ ਔਰਤ ਡੀਐੱਮਸੀ ਤੋਂ ਇਲਾਜ ਕਰਵਾ ਕੇ ਕਰੋਨਾ ਲਾਗ ਤੋਂ ਮੁਕਤ ਹੋਈ। ਉਸ ਤੋਂ ਬਾਅਦ ਮੰਗਲਵਾਰ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਰਹੇ ਦੋਰਾਹਾ ਬਲਾਕ ਦੇ ਰਾਜਗੜ ਦੇ ਰਹਿਣ ਵਾਲੇ 26 ਸਾਲਾ ਲਿਆਕਤ ਅਲੀ ਨੇ ਕਰੋਨਾ ਨੂੰ ਮਾਤ ਦਿੱਤੀ।
ਬੁੱਧਵਾਰ ਨੂੰ ਜਗਰਾਉਂ ਦੇ ਚੌਕੀਮਾਨ ਦੇ 55 ਸਾਲਾ ਅਲੀ ਹਸਨ ਨੇ ਕਰੋਨਾ ਨੂੰ ਹਰਾਇਆ ਤੇ ਹੁਣ ਉਮਰਪੁਰਾ ਦੀ 72 ਸਾਲਾ ਸੁਰਿੰਦਰ ਕੌਰ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤੀ ਹੈ। ਸ਼ਹਿਰ ਵਿੱਚ ਲਗਾਤਾਰ ਅੱਜ 5ਵੇਂ ਦਿਨ ਕੋਈ ਵੀ ਕਰੋਨਾ ਵਾਇਰਸ ਦਾ ਪਾਜ਼ਿਟਿਵ ਮਾਮਲਾ ਸਾਹਮਣੇ ਨਹੀਂ ਆਇਆ। ਨਵਾਂ ਮਾਮਲਾ ਸਾਹਮਣੇ ਨਾ ਆਉਣ ਤੇ ਸਿਹਤ ਵਿਭਾਗ ਦੇ ਨਾਲ ਨਾਲ ਜ਼ਿਲਾ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।