ਕਰਫਿਊ ਦੌਰਾਨ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਕਾਹਲੀ

Tamil Nadu

ਸਰਕਾਰ ਨੇ ਇਸ ਸਾਲ 6250 ਕਰੋੜ ਰੁਪਏ ਸ਼ਰਾਬ ਤੋਂ ਕਮਾਉਣ ਦਾ ਰੱਖਿਆ ਸੀ ਟੀਚਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੋਰੋਨਾ ਦੇ ਸੰਕਟ ਕਾਰਨ ਲੱਗੇ ਕਰਫਿਊ ‘ਚ ਕੈਪਟਨ ਸਰਕਾਰ ਨੂੰ ਆਮ ਲੋਕਾਂ ਨੂੰ ਮਿਲਣ ਵਾਲੀਆਂ ਰੋਜਮਰਾਂ ਦੀਆਂ ਵਸਤੂਆਂ ਦੀ ਥਾਂ ਸ਼ਰਾਬ ਦੇ ਠੇਕਿਆਂ (liquor contracts) ਨੂੰ ਖੋਲ੍ਹਣ ਦੀ ਜਿਆਦਾ ਕਾਹਲ ਹੈ। ਸਰਕਾਰ ਵੱਲੋਂ ਇਸ ਸਾਲ ਸ਼ਰਾਬ ਦੀ ਖਪਤ ‘ਚੋਂ  6250 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦੀ ਤਜ਼ਵੀਜ ਸੀ, ਜਿਸਦੀ ਕੈਪਟਨ ਸਰਕਾਰ ਨੂੰ ਜਿਆਦਾ ਚਿੰਤਾ ਹੈ।  ਉਂਜ ਭਾਵੇਂ ਕਰਫਿਊ ‘ਚ ਸਰਕਾਰ ਤੇ ਪੁਲਿਸ ਸ਼ਰਾਬ ਦੇ ਠੇਕਿਆਂ ‘ਤੇ ਜਿਆਦਾ ਮਿਹਰਨਬਾਨ ਰਹੀ ਹੈ। ਠੇਕਿਆਂ ‘ਚੋਂ ਚੋਰ ਮੋਰੀਆਂ ਰਾਹੀਂ ਸ਼ਰੇਆਮ ਸ਼ਰਾਬ ਦੀ ਵਿਕਰੀ ਹੋ ਰਹੀ ਹੈ। ਇੱਧਰ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸ਼ਰਾਬ ਕਾਰਨ ਘਰਾਂ ‘ਚ ਬੰਦ ਲੋਕਾਂ ਦਾ ਮਹੌਲ ਬਿਗੜ ਸਕਦਾ ਹੈ।

ਇਸ ਸਾਲ ਵੀ ਗਿਣਤੀ ਘਟਾਉਣ ਦੀ ਕੋਈ ਵਿਊਂਤਬੰਦੀ ਨਹੀਂ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਕੇਂਦਰ ਸਰਕਾਰ ਨੂੰ ਸੂਬੇ ਅੰਦਰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਹਾਮੀ ਲੈਣ ਸਬੰਧੀ ਪੱਤਰ ਭੇਜਿਆ ਗਿਆ ਸੀ। ਸਰਕਾਰ ਦਾ ਤਰਕ ਸੀ ਕਿ ਸ਼ਰਾਬ ਤੋਂ ਪੰਜਾਬ ਦੇ ਖਜ਼ਾਨੇ ਨੂੰ ਸਭ ਤੋਂ ਵੱਧ ਮਾਲੀਆ ਇਕੱਤਰ ਹੁੰਦਾ ਹੈ ਅਤੇ ਇਸ ਸਮੇਂ ਪੰਜਾਬ ਦੀ ਵਿੱਤੀ ਹਾਲਤ ਵੱਸ ਤੋਂ ਬਾਹਰ ਹੋ ਗਈ ਹੈ। ਇਸ ਲਈ ਕੇਂਦਰ ਪੰਜਾਬ ਨੂੰ ਕਰਫਿਊ ਦੌਰਾਨ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਇਜ਼ਾਜਤ ਦੇਵੇ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਲ 2020-21 ਸਬੰਧੀ ਸ਼ਰਾਬ ਦੇ ਠੇਕਿਆਂ ਤੋਂ 6250 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਸੀ, ਜੋ ਕਿ ਕੋਰੋਨਾ ਤੇ ਕਰਫਿਊ ਕਾਰਨ ਗੜਬੜਾ ਗਿਆ ਹੈ। ਸੂਬੇ ਅੰਦਰ 5835 ਸ਼ਰਾਬ ਦੇ ਠੇਕੇ ਸਰਕਾਰ ਲਈ ਵੱਡੇ ਮਾਲੀਏ ਦਾ ਸ੍ਰੋਤ ਬਣੇ ਹੋਏ ਹਨ ਅਤੇ ਇਸ ਸਾਲ ਵੀ ਇਨ੍ਹਾਂ ਦੀ ਗਿਣਤੀ ਘਟਾਉਣ ਦੀ ਕੋਈ ਵਿਊਂਤਬੰਦੀ ਨਹੀਂ ਸੀ।

ਘਰ ਘਰ ਸ਼ਰਾਬ ਪਹੁੰਚਾਉਣ ਦੀ ਜਿਆਦਾ ਚਿੰਤਾ ਹੈ

ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਵੱਲੋਂ ਚੋਣ ਵਾਅਦਾ ਕੀਤਾ ਗਿਆ ਸੀ ਕਿ ਉਹ ਸੂਬੇ ਅੰਦਰ ਆਏ ਸਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਘਟਾਉਣਗੇ, ਪਰ ਅਜਿਹਾ ਕੁਝ ਨਹੀਂ ਹੋਇਆ, ਸਗੋਂ ਸ਼ਰਾਬ ਦੀ ਖਪਤ ਵਿੱਚ ਵਾਧਾ ਹੋ ਰਿਹਾ ਹੈ। ਕਰਫਿਊ ਦੌਰਾਨ ਜਿੱਥੇ ਲੋਕ ਰੋਜਮਰਾਂ ਦੀਆਂ ਚੀਜਾਂ ਲਈ ਤਰਸ ਰਹੇ ਹਨ, ਉਨ੍ਹਾਂ ਦੀ ਸਪਲਾਈ ‘ਚ ਵਾਧਾ ਕਰਨ ਦੀ ਬਜਾਏ ਘਰ ਘਰ ਸ਼ਰਾਬ ਪਹੁੰਚਾਉਣ ਦੀ ਜਿਆਦਾ ਚਿੰਤਾ ਹੈ। ਜੇਕਰ ਕਰਫਿਊ ਦੌਰਾਨ ਠੇਕਿਆਂ ਦੀ ਗੱਲ ਕੀਤੀ ਜਾਵੇ ਤਾਂ ਠੇਕਿਆਂ ਦੇ ਖੁੱਲ੍ਹੇ ਰਹਿਣ ਦੀਆਂ ਜਿਆਦਾ ਖ਼ਬਰਾਂ ਨਸਰ ਹੋਈਆਂ ਹਨ। ਜੇਕਰ ਸਖਤੀ ਕਾਰਨ ਠੇਕੇ ਕੁਝ ਬੰਦ ਹੋਏ ਹਨ ਤਾਂ ਉਨ੍ਹਾਂ ‘ਚ ਬੈਂਕ ਸਾਇਡ ਤੋਂ ਸ਼ਰਾਬ ਦੀ ਵਿੱਕਰੀ ਖੁੱਲ੍ਹੇਆਮ ਚੱਲ ਰਹੀ ਹੈ। ਗੱਡੀਆਂ ‘ਚ ਸ਼ਰਾਬ ਦੀ ਸਪਲਾਈ ਦੇ ਮਾਮਲੇ ਸਾਹਮਣੇ ਆਏ ਹਨ।

ਬੁੱਧੀਜੀਵੀਆਂ ‘ਚ ਰੋਸ਼, ਜੇਕਰ ਠੇਕੇ ਖੁੱਲ੍ਹੇ ਤਾਂ ਘਰਾਂ ‘ਚ ਵਿਗੜੇਗਾ ਮਹੌਲ

ਇੱਧਰ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸਰਕਾਰ ਸ਼ਰਾਬ ਦੀ ਕਮਾਈ ਤੋਂ ਪੰਜਾਬ ਦਾ ਖਜ਼ਾਨਾ ਭਰਨ ਦਾ ਮੋਹ ਤਿਆਗੇ, ਕਿਉਂਕਿ ਜੇਕਰ ਠੇਕੇ ਖੋਲ੍ਹ ਦਿੱਤੇ ਗਏ ਤਾ ਘਰਾਂ ‘ਚ ਲੜਾਈ ਝਗੜੇ ਵਾਲੇ ਮਹੌਲ ਪੈਦਾ ਹੋਣਗੇ। ਲੋਕਾਂ ਦੇ ਕੰਮ ਧੰਦੇ ਚੌਂਪਟ ਹੋਣ ਕਾਰਨ ਪਹਿਲਾਂ ਹੀ ਘਰਾਂ ‘ਚ ਤਨਾਅ ਭਰਿਆ ਮਹੌਲ ਹੈ ਅਤੇ ਸ਼ਰਾਬ ਦੀ ਸਪਲਾਈ ਨਾਲ ਘਰਾਂ ‘ਚ ਕੈਦ ਲੋਕ ਕਰਫਿਊ ਦੀ ਉਲੰਘਣਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਜਿਸ ਕਾਰਨ ਪੁਲਿਸ਼ ਪ੍ਰਸ਼ਾਸਨ ਲਈ ਸਥਿਤੀ ਔਖੀ ਹੋ ਸਕਦੀ ਹੈ।

ਸਰਕਾਰ ਆਪਣੇ ਖਰਚੇ ਘਟਾਵੇ, ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆਂ ਕਰਵਾਏ: ਕੁਲਵਿੰਦਰ ਸਿੰਘ

ਪੰਜਾਬ ਸਟੂਡੈਂਟ ਵੈੱਲਫੇਅਰ ਐਸੋਸੀਏਸਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਬੰਦ ਕਰਨ ਦੀ ਸਹੁੰ ਖਾਣ ਵਾਲੀ ਕੈਪਟਨ ਸਰਕਾਰ ਨੂੰ ਠੇਕਿਆਂ ਤੋਂ ਮਾਲੀਏ ਦੀ ਵੱਧ ਫਿਕਰ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਰਾਜਾਂ ‘ਚ ਹੀ ਕਰਫਿਊ ਕਾਰਨ ਸਰਕਾਰਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ ਤਾਂ ਫਿਰ ਪੰਜਾਬ ਸਰਕਾਰ ਠੇਕੇ ਖੋਲ੍ਹਣ ਲਈ ਕਿਉਂ ਬਜਿੱਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਫਾਲਤੂ ਖਰਚੇ ਘਟਾਕੇ ਇਸ ਕੋਰੋਨਾ ਸੰਕਟ ਨਾਲ ਨਜਿੱਠਣ ਦੀ ਵਿਊਂਤਬੰਦੀ ਘੜੇ, ਨਾ ਕਿ ਸ਼ਰਾਬ ਦੇ ਮਾਲੀਏ ‘ਤੇ ਜਿਆਦਾ ਤਵੱਜੋਂ ਰੱਖੇ।  ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀ, ਜਦਕਿ ਸ਼ਰਾਬ ਹੀ ਸਾਰੇ ਪੁਆੜੇ ਦੀ ਜੜ੍ਹ ਹੈ।

  • ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਜਿਆਦਾਤਾਰ ਲੋਕਾਂ ਨੂੰ ਸ਼ਰਾਬ ਨਾ ਮਿਲਣ ਕਾਰਨ ਕਈਆਂ ਨੇ ਸ਼ਰਾਬ ਤੋਂ ਕਿਨਾਰਾ ਕਰ ਲਿਆ ਹੈ,
  • ਪਰ ਸਰਕਾਰ ਅਜਿਹੇ ਲੋਕਾਂ ਨੂੰ ਮੁੜ ਪਿਆਕੜ ਬਣਾਉਣ ‘ਤੇ ਤੁਲੀ ਹੋਈ ਹੈ।
  • ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਰਫਿਊ ਦੌਰਾਨ ਆਮ ਲੋਕਾਂ ਲਈ ਜ਼ਰੂਰੀ ਵਸਤਾਂ ਦੀ ਵੱਧ ਸਪਲਾਈ ਕਰੇ
  • ਨਾ ਕਿ ਸ਼ਰਾਬ ਦੇ ਠੇਕਿਆਂ ਤੋਂ ਹੋਣ ਵਾਲੇ ਮਾਲੀਏ ਪਿੱਛੇ ਜਿਆਦਾ ਤਣੇ ਤੁੜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।