ਜਿਓ ‘ਚ 43574 ਕਰੋੜ ਦਾ ਨਿਵੇਸ਼ ਕਰੇਗਾ ਫੇਸਬੁੱਕ
ਮੁੰਬਈ। ਸੋਸ਼ਲ ਮੀਡੀਆ ਦੀ ਦਿੱਗਜ ਬਹੁਰਾਸ਼ਟਰੀ ਕੰਪਨੀ ਫੇਸਬੁੱਕ ਨੇ ਭਾਰਤ ਦੀ ਦਿੱਗਜ ਟੈਲੀਕਾਮ ਕੰਪਨੀ ਰਿਲਾਇੰਸ ਜਿਓ ‘ਚ 9.9 ਫੀਸਦੀ ਹਿੱਸੇਦਾਰੀ ਖਰੀਦਣ ਦਾ ਵੱਡਾ ਐਲਾਨ ਕੀਤਾ ਹੈ। ਇਹ ਡੀਲ 5.7 ਬਿਲੀਅਨ ਡਾਲਰ (43,574 ਕਰੋੜ ਰੁਪਏ) ‘ਚ ਹੋਈ ਹੈ। ਰਿਲਾਇੰਸ ਜਿਓ ਦਾ ਭਾਰਤ ‘ਚ 30 ਕਰੋੜ ਤੋਂ ਵੱਧ ਗਾਹਕਾਂ ਦਾ ਆਧਾਰ ਹੈ। ਬੁੱਧਵਾਰ ਨੂੰ ਹੋਈ ਇਸ ਡੀਲ ਤੋਂ ਬਾਅਦ ਫੇਸਬੁੱਕ ਹੁਣ ਜਿਓ ਕੰਪਨੀ ਦੀ ਸਭ ਤੋਂ ਵੱਡੀ ਸ਼ੇਅਰ ਹੋਲਡਰ ਬਣ ਗਈ ਹੈ।
ਇਸ ਨਿਵੇਸ਼ ਤੋਂ ਬਾਅਦ ਜਿਓ ਪਲੇਟਫਾਰਮ ਦੀ ਇੰਟਰਪ੍ਰਾਈਜ਼ ਵੈਲਿਊ 4.62 ਲੱਖ ਕਰੋੜ ਰੁਪਏ ਹੋ ਗਈ ਹੈ। ਫੇਸਬੁੱਕ ਲਈ ਭਾਰਤ ਹਾਲ ਹੀ ਦੇ ਸਾਲਾਂ ‘ਚ ਇਕ ਮਹੱਤਵਪੂਰਨ ਬਾਜ਼ਾਰ ਦੇ ਰੂਪ ‘ਚ ਉਭਰਿਆ ਹੈ। ਕੰਪਨੀ ਦੇ ਭਾਰਤ ‘ਚ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ‘ਚ ਸਭ ਤੋਂ ਵੱਧ ਯੂਜ਼ਰਸ ਹਨ। ਫੇਸਬੁੱਕ ਡੀਲ ਨਾਲ ਪੈਸਾ ਰਿਲਾਇੰਸ ਉੱਦਮ ‘ਚ ਜਾ ਰਿਹਾ ਹੈ, ਜਿਸ ਨਾਲ ਕੰਪਨੀ ਨੂੰ ਕਰਜ਼ ਘਟਾਉਣ ‘ਚ ਸਹਾਇਤਾ ਮਿਲੇਗੀ। ਭਾਰਤੀ ਤਕਨਾਲੋਜੀ ਸੈਕਟਰ ‘ਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਹੈ। ਇਕ ਬਿਆਨ ‘ਚ ਫੇਸਬੁੱਕ ਦੇ ਬਾਨੀ ਮਾਰਕ ਜ਼ੁਕਰਬਰਗ ਨੇ ਕਿਹਾ, ”ਇਸ ਸਮੇਂ ਦੁਨੀਆ ‘ਚ ਬਹੁਤ ਕੁਝ ਹੋ ਰਿਹਾ ਹੈ ਪਰ ਮੈਂ ਭਾਰਤ ‘ਚ ਸਾਡੇ ਕੰਮ ਬਾਰੇ ਇਕ ਅਪਡੇਟ ਸਾਂਝੀ ਕਰਨਾ ਚਾਹੁੰਦਾ ਹਾਂ।
ਫੇਸਬੁੱਕ ਜਿਓ ਪਲੇਟਫਾਰਮ ਨਾਲ ਜੁੜ ਰਿਹਾ ਹੈ, ਅਸੀਂ ਇਕ ਵਿੱਤੀ ਨਿਵੇਸ਼ ਕਰ ਰਹੇ ਹਾਂ ਅਤੇ ਇਸ ਤੋਂ ਇਲਾਵਾ ਅਸੀਂ ਕੁਝ ਵੱਡੇ ਪ੍ਰਾਜੈਕਟਾਂ ‘ਤੇ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ ਜੋ ਪੂਰੇ ਭਾਰਤ ਦੇ ਲੋਕਾਂ ਲਈ ਵਪਾਰ ਦੇ ਮੌਕੇ ਖੋਲ੍ਹਣਗੇ।”। ਉੱਥੇ ਹੀ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਨੇ ਕਿਹਾ, ”ਜਿਓ ਤੇ ਫੇਸਬੁੱਕ ਵਿਚਕਾਰ ਸਾਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਡਿਜੀਟਲ ਇੰਡੀਆ’ ਮਿਸ਼ਨ ਦੇ ਦੋ ਅਭਿਲਾਸ਼ੀ ਟੀਚਿਆਂ- ‘ਈਜ਼ ਆਫ ਲਿਵਿੰਗ’ ਅਤੇ ‘ਈਜ਼ ਆਫ ਡੂਇੰਗ’ ਨੂੰ ਸਾਕਾਰ ਕਰਨ ‘ਚ ਮਦਦ ਕਰੇਗੀ”।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।