ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ ਡਾ. ਅੰਬੇਦਕਰ
ਅਜ਼ਾਦ ਭਾਰਤ ਦੇ ਸੰਵਿਧਾਨ ਨਿਰਮਾਤਾ, ਦਲਿਤਾਂ ਦੇ ਮਸੀਹਾ, ਸਮਾਜ ਸੁਧਾਰਕ ਤੇ ਰਾਸ਼ਟਰੀ ਨੇਤਾ ਡਾ: ਭੀਮ ਰਾਉ ਅੰਬੇਦਕਰ ਨੇ ਨੀਵੀਂ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਸਮਾਜਿਕ ਤੇ ਆਰਥਿਕ ਕਠਿਆਈਆਂ ਦਾ ਸਾਹਮਣਾ ਕਰਦੇ ਹੋਏ ਉੱਚ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦਾ ਜਨਮ 14 ਅਪਰੈਲ 1891 ਨੂੰ ਮਹੁ ਇੰਦੌਰ (ਮੱ:ਪ੍ਰ:) ਵਿਖੇ ਪਿਤਾ ਰਾਮ ਜੀ ਸਕਪਾਲ ਦੇ ਗ੍ਰਹਿ ਅਤੇ ਮਾਤਾ ਭੀਮਾ ਬਾਈ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂਅ ਭੀਮ ਸਕਪਾਲ ਸੀ। ਭੀਮ ਰਾਓ ਅੰਬੇਦਕਰ ਦਾ ਜਨਮ ਜਿਸ ਜਾਤੀ ਵਿਚ ਹੋਇਆ, ਉਸ ਨੂੰ ਸਮਾਜ ਵਿਚ ਛੋਟੀ ਜਾਤੀ ਆਖਿਆ ਜਾਂਦਾ ਸੀ। 5 ਸਾਲ ਦੀ ਉਮਰ ਮਾਤਾ ਦਾ ਦੇਹਾਂਤ ਹੋਣ ਤੋਂ ਬਾਅਦ ਪਾਲਣ-ਪੋਸ਼ਣ ਉਨ੍ਹਾਂ ਦੀ ਚਾਚੀ ਵੱਲੋਂ ਕੀਤਾ ਗਿਆ।
ਬਚਪਨ ਵਿਚ ਸ਼ੁਰੂਆਤੀ ਸਿੱਖਿਆ ਪ੍ਰਾਪਤੀ ਵਿਚ ਅੰਬੇਦਕਰ ਨੂੰ ਕਾਫੀ ਅਪਮਾਨ ਸਹਿਣ ਕਰਨਾ ਪਿਆ, ਅਧਿਆਪਕ ਉਨ੍ਹਾਂ ਦੀ ਕਿਤਾਬ ਨੂੰ ਹੱਥ ਨਹੀਂ ਲਾਉਂਦੇ ਸਨ। ਇੱਥੋਂ ਤੱਕ ਸਕੂਲ ਦੇ ਲੜਕੇ ਜਿੱਥੋਂ ਪਾਣੀ ਪੀਂਦੇ ਸਨ, ਉਨ੍ਹਾਂ ਨੂੰ ਉੱਥੇ ਜਾਣ ਦੀ ਇਜਾਜਤ ਨਹੀਂ ਸੀ, ਤੇ ਕਈ ਵਾਰ ਤਾਂ ਉਨ੍ਹਾਂ ਨੂੰ ਪਿਆਸੇ ਹੀ ਰਹਿਣਾ ਪੈਂਦਾ ਸੀ।
ਇਸ ਛੂਤ-ਛਾਤ ਦੀ ਭਾਵਨਾ ਕਰਕੇ ਉਹ ਬਹੁਤ ਦੁਖੀ ਰਹਿੰਦੇ ਸਨ। ਅਛੂਤ ਹੋਣ ਕਾਰਨ ਅਧਿਆਪਕ ਉਨ੍ਹਾਂ ਨੂੰ ਪੜ੍ਹਾਉਂਦੇ ਵੀ ਨਹੀਂ ਸਨ। ਪਿਤਾ ਦੀ ਮੌਤ ਤੋਂ ਬਾਅਦ ਬਾਲਕ ਭੀਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ। 1907 ਵਿਚ ਦਸਵੀਂ ਤੇ 1912 ਵਿਚ ਬੀਏ ਦੀ ਪੜ੍ਹਾਈ ਪੂਰੀ ਕਰਕੇ ਉਨ੍ਹਾਂ ਨੇ 1913 ਤੋਂ 1917 ਤੱਕ ਅਮਰੀਕਾ ਅਤੇ ਇੰਗਲੈਂਡ ਵਿਚ ਅਰਥ ਸ਼ਾਸਤਰ, ਰਾਜਨੀਤੀ ਅਤੇ ਕਾਨੂੰਨੀ ਪੜ੍ਹਾਈ ਪੂਰੀ ਕਰ ਲਈ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਐਮ.ਏ. ਤੇ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ।
ਪਰ ਅਚਾਨਕ ਵਜੀਫਾ ਬੰਦ ਹੋਣ ‘ਤੇ ਉਹ ਭਾਰਤ ਵਾਪਿਸ ਆਏ, ਤੇ ਬੜੌਦਾ ਦੀ ਅਛੂਤ ਯਾਨੀ ਦਲਿਤ ਫੌਜ ਵਿਚ ਸਕੱਤਰ ਦੇ ਆਹੁਦੇ ‘ਤੇ ਕੰਮ ਕਰਨ ਲੱਗੇ। ਪਰ ਰਿਆਸਤ ਦੀ ਸੇਵਾ ਵਿਚ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਨਾਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿਚ ਉਹ ਮੁੰਬਈ ਦੇ ਸਿਡਨੇਮ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ ਵਿਚ ਪ੍ਰੋਫੈਸਰ ਲੱਗ ਗਏ। ਸੰਨ 1920 ਵਿਚ ਕੋਲਹਾਪੁਰ ਦੇ ਮਹਾਰਾਜ ਪਾਸੋਂ ਵਜੀਫਾ ਹਾਸਲ ਕਰਕੇ ਆਪਣੀ ਅਧੂਰੀ ਪੜ੍ਹਾਈ ਪੂਰੀ ਕਰਨ ਲਈ ਲੰਦਨ ਚਲੇ ਗਏ। 1923 ਵਿਚ ਉਨ੍ਹਾਂ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਹਾਸਲ ਹੋਈ।
ਲੰਦਨ ਵਿਚ ਬਰੈਸਿਟਰੀ ਹਾਸਲ ਕਰਕੇ ਉਹ ਭਾਰਤ ਵਾਪਿਸ ਪਰਤ ਆਏ। ਇਸ ਤੋਂ ਬਾਅਦ ਉਹ ਮੁੰਬਈ ਹਾਈਕੋਰਟ ਵਿਚ ਵਕਾਲਤ ਕਰਨ ਲੱਗੇ ਤੇ ਮੁੰਬਈ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਚੁਣੇ ਗਏ। ਡਾ: ਅੰਬੇਦਕਰ ਨੇ ਸਮਾਜ ਸੁਧਾਰ ਦੇ ਅਨੇਕਾਂ ਕੰਮ ਕੀਤੇ। ਉਨ੍ਹਾਂ ਦੇ ਪ੍ਰੇਰਨਾ ਸਰੋਤ ਭਗਤ ਕਬੀਰ, ਮਹਾਤਮਾ ਫੂਲੇ ਅਤੇ ਮਹਾਤਮਾ ਬੁੱਧ ਸਨ।
Ambedkar Jyanti | ਉਨ੍ਹਾਂ ਨੇ ਆਪਣੀ ਪ੍ਰਸਿੱਧ ਕਿਤਾਬ ‘ਸ਼ੂਦਰ ਕੌਣ ਸਨ?’ ਨੂੰ ਮਹਾਤਮਾ ਫੂਲੇ ਨੂੰ ਭੇਂਟ ਕੀਤਾ। ਉਨ੍ਹਾਂ ਨੇ ਅਛੂਤਾਂ, ਗਰੀਬ ਕਿਸਾਨਾਂ, ਔਰਤਾਂ ਅਤੇ ਮਜ਼ਦੂਰਾਂ ਦੇ ਸਮਾਜਿਕ, ਰਾਜਨੀਤਕ ਤੇ ਆਰਥਿਕ ਮੁੱਦਿਆਂ ਨੂੰ ਚੁੱਕਿਆ। ਭਾਰਤੀ ਸਮਾਜ ਵਿਚ ਅਛੂਤਾਂ ਦੀ ਮਾੜੀ ਹਾਲਤ ਨੂੰ ਉਨ੍ਹਾਂ ਨੇ ਖੁਦ ਵੀ ਭੋਗਿਆ।ਇਸ ਲਈ ਉਨ੍ਹਾਂ ਨੇ ਧੱਕੇਸ਼ਾਹੀ ਅਤੇ ਸ਼ੋਸ਼ਣ ਖਿਲਾਫ ਕਈ ਅੰਦੋਲਨ ਕੀਤੇ।
ਉਨ੍ਹਾਂ ਨੇ ਅਛੂਤਾਂ ਤੇ ਦਲਿੱਤਾਂ ਦੇ ਕਲਿਆਣ ਲਈ 1917 ਤੋਂ ਹੀ ਅੰਦੋਲਨ ਸੁਰੂ ਕਰ ਦਿੱਤੇ ਸਨ। ਪਰ ਸੰਨ 1927 ਤੋਂ ਉਨ੍ਹਾਂ ਦੇ ਅੰਦੋਲਨਾਂ ਨੇ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਮੁੱਖ ਅੰਦੋਲਨਾਂ ਵਿਚ ਮਹਾੜ ਅੰਦੋਲਨ(1929), ਮੰਦਰ ਪ੍ਰਵੇਸ਼ ਅੰਦੋਲਨ(1929-30), ਲੇਬਰ ਪਾਰਟੀ ਦੀ ਸਥਾਪਨਾ (1936), ਨਾਗਾਪੁਰ ਸੰਮੇਲਨ(1942) ਧਰਮ ਪਰਿਵਰਤਨ ਅੰਦੋਲਨ(1956) ਆਦਿ ਅਹਿਮ ਅੰਦੋਲਨ ਸਨ।
ਉਨ੍ਹਾਂ ਨੇ ਮੂਕਨਾਇਕ ਤੇ ਜਨਤਾ ਨਾਮੀ ਅਖਬਾਰ ਵੀ ਕੱਢੇ। ਭੀਮ ਰਾਉ ਅੰਬੇਦਕਰ ਜਾਤ-ਪਾਤ ਦੀਆਂ ਜੰਜੀਰਾਂ ਤੋੜ ਕੇ ਇੱਕ ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ। ਉਹ ਜਾਤੀ ਪ੍ਰਥਾ ਅਤੇ ਇਸ ਤੋਂ ਪੈਦਾ ਹੋਣ ਵਾਲੀ ਛੂਤਛਾਤ ਤੋਂ ਬਹੁਤ ਦੁਖੀ ਰਹਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਤੱਕ ਸਮਾਜ ਅੰਦਰੋਂ ਜਾਤ-ਪਾਤ ਦਾ ਭੇਦਭਾਵ ਮਿਟ ਨਹੀਂ ਜਾਂਦਾ, ਉਦੋਂ ਤੱਕ ਅਸੀਂ ਮਾਨਸਿਕ ਤੇ ਆਰਥਿਕ ਤੌਰ ‘ਤੇ ਗੁਲਾਮ ਹੀ ਰਹਾਂਗੇ। ਉਨ੍ਹਾਂ ਨੇ ਲੜਕਿਆਂ ਦੀ ਸਿੱਖਿਆ ਦੇ ਨਾਲ-ਨਾਲ ਲੜਕੀਆਂ ਦੀ ਸਿੱਖਿਆ ਵੱਲ ਵੀ ਲੋਕਾਂ ਦਾ ਧਿਆਨ ਦਿਵਾਇਆ।
ਉਨ੍ਹਾਂ ਨੇ ਬਾਲ ਵਿਆਹ ਦਾ ਪ੍ਰਭਾਵੀ ਢੰਗ ਨਾਲ ਵਿਰੋਧ ਕੀਤਾ। ਨਾਲ ਹੀ ਹਿੰਦੂ ਕੋਡ ਬਿੱਲ (ਜਿਸ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੱਤੇ ਗਏ ਸਨ) ਨੂੰ ਪਾਸ ਕਰਵਾਉਣ ਲਈ ਮੰਤਰੀ ਮੰਡਲ ਤੋਂ ਅਸਤੀਫਾ ਤੱਕ ਦੇ ਦਿੱਤਾ ਸੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਵਿਧਾਨ ਵਿਚ ਬਰਾਬਰਤਾ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਮੰਨਿਆ ਗਿਆ। ਡਾ: ਅੰਬੇਦਕਰ ਲਈ ਆਪਣਾ ਦੇਸ਼ ਸਭ ਤੋਂ ਅਹਿਮ ਸੀ। ਸਭ ਤੋਂ ਪਹਿਲਾਂ ਉਹ ਆਪਣੇ-ਆਪ ਨੂੰ ਭਾਰਤਵਾਸੀ ਮੰਨਦੇ ਸਨ।
Ambedkar Jyanti | ਉਨ੍ਹਾਂ ਕਈ ਮੌਕਿਆਂ ‘ਤੇ ਆਖਿਆ ਸੀ ਕਿ ਇੱਕ ਚੰਗਾ ਸਮਾਜ ਅਜਾਦੀ, ਸਮਾਨਤਾ ਅਤੇ ਭਾਈਚਾਰੇ ‘ਤੇ ਅਧਾਰਤ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮਨ ਵਿਚ ਇੱਕਜੁਟਤਾ ਵਸਾਉਣ ਵਾਲਾ ਕੋਈ ਤੱਤ ਹੈ ਤਾਂ ਉਹ ਸਿਰਫ ਤੇ ਸਿਰਫ ਆਪਸੀ ਭਾਈਚਾਰਾ ਹੀ ਹੈ।
ਡਾ: ਭੀਮ ਰਾਓ ਅੰਬੇਦਕਰ ਕਹਿੰਦੇ ਸਨ, ਕਿ ਜਿਸ ਧਰਮ ਦਾ ਮੂਲ ਮਨੁੱਖ-ਮਨੁੱਖ ਵਿਚ ਫਰਕ ਪੈਦਾ ਕਰਨਾ ਹੈ, ਉਹ ਧਰਮ ਸੱਚਾ ਧਰਮ ਕਹਾਉਣ ਦੇ ਲਾਇਕ ਹੀ ਨਹੀਂ।
ਕਿਉਂਕਿ ਨੈਤਿਕਤਾ ‘ਤੇ ਅਧਾਰਤ ਧਰਮ ਹੀ ਸਮਾਜ ਲਈ ਲਾਹੇਵੰਦ ਸਿੱਧ ਹੋ ਸਕਦਾ। 15 ਅਗਸਤ 1947 ਨੂੰ ਜਦੋਂ ਦੇਸ ਅਜ਼ਾਦ ਹੋਇਆ ਤਾਂ ਡਾ: ਅੰਬੇਦਕਰ ਨੇ ਸਰਕਾਰ ਵਿਚ ਕਾਨੂੰਨ ਮੰਤਰੀ ਦਾ ਆਹੁੰਦਾ ਸੰਭਾਲਿਆ। ਇਸੇ ਤਰ੍ਹਾਂ 29 ਅਗਸਤ ਨੂੰ ਬਾਬਾ ਸਾਹਿਬ ਡਾ: ਅੰਬੇਦਕਰ ਨੂੰ ਸੰਵਿਧਾਨਕ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਬਾਬਾ ਸਾਹਿਬ ਨੇ ਕੀਤਾ। ਫਿਰ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਵਿਧਾਨ ਸਭਾ ਵੱਲੋਂ ਅਪਣਾ ਲਿਆ ਗਿਆ। ਜਦ ਕਿ 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਹੋ ਗਿਆ। ਡਾ: ਅੰਬੇਦਕਰ ਨੇ ਛੂਤ-ਛਾਤ ਦੇ ਖਿਲਾਫ ਲੋਕਾਂ ਨੂੰ ਇਕੱਤਰ ਕਰਨ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ।
Ambedkar Jyanti | ਉਨ੍ਹਾਂ ਸਮਾਜ ਦੇ ਛੋਟੀ ਜਾਤੀ ਵਰਗ ਅਤੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਗਰੀਬ ਲੋਕਾਂ ਨਾਲ ਸਰਮਾਏਦਾਰਾਂ ਵੱਲੋਂ ਜਾਨਵਰਾਂ ਵਰਗਾ ਵਿਹਾਰ ਕਰਨ ਦੀ ਗੱਲ ਵਿਦੇਸ਼ ਵਿਚ ਲੰਦਨ ਵਿਖੇ ਗੋਲ ਮੇਜ਼ ਸੰਮੇਲਨ ਵਿਚ ਵੀ ਆਖੀ ਸੀ। ਉਹ ਸਮਾਜ ਅੰਦਰ ਨੀਵੀਂ ਜਾਤੀ ਨਾਲ ਸਬੰਧਤ ਹੋਣ ਕਰਕੇ ਹੁੰਦੇ ਅਪਮਾਨ ਅੱਗੇ ਬਿਲਕੁਲ ਵੀ ਨਹੀਂ ਝੁਕੇ। ਉਨ੍ਹਾਂ ਨੇ ਆਪਣੇ ਦ੍ਰਿੜ ਸੰਕਲਪ ਇਰਾਦੇ ਨਾਲ ਸਮਾਜ ਅੰਦਰ ਅਛੂਤ ਕਹੇ ਜਾਣ ਵਾਲੇ ਲੋਕਾਂ ਨੂੰ ਕਾਨੂੰਨੀ ਢਾਂਚੇ ਰਾਹੀਂ ਨਵਾਂ ਜੀਵਨ ਤੇ ਸਨਮਾਨ ਦਿਵਾਇਆ।
ਜਿਸ ਕਰਕੇ ਉਨ੍ਹਾਂ ਨੂੰ ਭਾਰਤ ਦਾ ਆਧੁਨਿਕ ਮਨੂੰ ਵੀ ਆਖਿਆ ਜਾਂਦਾ। ਉਨ੍ਹਾਂ ਆਪਣੇ ਅੰਤਿਮ ਸੰਬੋਧਨ ਵਿਚ ਪੂਨਾ ਪੈਕਟ ਤੋਂ ਬਾਅਦ ਮਹਾਤਮਾ ਗਾਂਧੀ ਨੂੰ ਕਿਹਾ ਸੀ ਕਿ ਦੁਰਭਾਗ ਕਰਕੇ ਉਹ ਹਿੰਦੂ ਅਛੂਤ ਦੇ ਘਰ ਜਨਮੇ ਹਨ। ਪਰ ਉਹ ਹਿੰਦੂ ਅਛੂਤ ਹੋ ਕੇ ਨਹੀਂ ਮਰਨਗੇ।
ਇਸ ਲਈ ਉਨ੍ਹਾਂ ਨੇ 14 ਅਕਤੂਬਰ 1956 ਨੂੰ ਆਪਣੇ 2 ਲੱਖ ਹਮਾਇਤੀਆਂ ਨਾਲ ਨਾਗਪੁਰ ਦੇ ਮੈਦਾਨ ਵਿਚ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ। ਉਹ ਡਾਇਬਟੀਜ਼ ਦੇ ਰੋਗ ਤੋਂ ਪੀੜਤ ਸਨ। ਜੂਨ ਤੋਂ ਅਕਤੂਬਰ 1954 ਤੱਕ ਉਹ ਕਾਫੀ ਬਿਮਾਰ ਰਹੇ। ਰਾਜਨੀਤਿਕ ਮੁੱਦਿਆਂ ਤੋਂ ਪਰੇਸ਼ਾਨ ਰਹਿਣ ਕਰਕੇ ਉਨ੍ਹਾਂ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਗਈ ਅਤੇ ਸੰਨ 1955 ਵਿਚ ਲਗਾਤਾਰ ਕੀਤੇ ਕੰਮ ਅਤੇ ਬਿਮਾਰ ਹੋਣ ਕਰਕੇ ਉਨ੍ਹਾਂ ਦਾ ਸਰੀਰ ਬਹੁਤ ਜਿਆਦਾ ਕਮਜ਼ੋਰ ਹੋ ਗਿਆ ।
ਸਮਾਜ ਅੰਦਰ ਸਭ ਨੂੰ ਇਨਸਾਨੀਅਤ ਨਾਤੇ ਬਰਾਬਰ ਦੇ ਹੱਕ ਦਿਵਾਉਣ ਲਈ ਝੂਜਦੇ ਹੋਏ, ਅੰਤ ਉਹ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਅਸਥਾਨ ‘ਤੇ ਅਕਾਲ ਚਲਾਣਾ ਕਰ ਗਏ। ਭਾਰਤ ਸਰਕਾਰ ਵੱਲੋਂ ਡਾ: ਭੀਮ ਰਾਓ ਅੰਬੇਦਕਰ ਨੂੰ ਉਨ੍ਹਾਂ ਦੇ 99ਵੇਂ ਜਨਮ ਦਿਨ ਮੌਕੇ 14 ਅਪਰੈਲ 1990 ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ (ਭਾਰਤ ਰਤਨ) ਨਾਲ ਸਨਮਾਨਿਤ ਕੀਤਾ ਗਿਆ।
ਇੱਕ ਗਰੀਬ ਘਰ ਜਨਮ ਲੈਣ ਦੇ ਬਾਵਜੂਦ ਆਰਥਿਕ ਸੰਕਟ ਤੋਂ ਇਲਾਵਾ ਸਮਾਜ ਅੰਦਰ ਹੋਰ ਵੀ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਕੇ ਸਾਰੇ ਸੰਸਾਰ ਵਿਚ ਜੋ ਪ੍ਰਸਿੱਧੀ ਡਾ: ਭੀਮ ਰਾਓ ਅੰਬੇਦਕਰ ਨੇ ਹਾਸਲ ਕੀਤੀ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਅੱਜ ਦੇਸ ਅੰਦਰ ਚੱਲ ਰਹੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦੀਆਂ ਹਨ।
ਪ੍ਰਤੀਨਿਧ ਬਲਾਕ ਲੰਬੀ/ਮਲੋਟ, ਸ੍ਰੀ ਮੁਕਤਸਰ ਸਾਹਿਬ
ਮੋ. ਮੇਵਾ ਸਿੰਘ
9872600923
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।