ਬਰਨਾਲਾ ਜ਼ਿਲ੍ਹੇ ‘ਚ ਕੁੱਲ ਕਰੋਨਾ ਪਾਜਿਟਿਵ ਕੇਸ 2 ਸਮੇਤ ਇੱਕ ਦੀ ਮੌਤ
ਸੇਖਾ ਰੋਡ ਵਾਸੀ ਔਰਤ ਦੀ ਬੇਟੀ ਦੀ ਰਿਪੋਰਟ ਪੈਡਿੰਗ
ਬਰਨਾਲਾ,(ਜਸਵੀਰ ਸਿੰਘ) ਲੁਧਿਆਣਾ ਵਿਖੇ ਇਲਾਜ਼ ਦੌਰਾਨ ਮਹਿਲ ਕਲਾਂ ਕਸਬੇ ਨਾਲ ਸਬੰਧਿਤ ਔਰਤ ਦੀ ਮੌਤ ਪਿੱਛੋਂ ਆਈ ਰਿਪੋਰਟ ਵੀ ਕਰੋਨਾ ਪਾਜਿਟਿਵ ਆ ਗਈ ਹੈ । ਜਿਸ ਨਾਲ ਜ਼ਿਲ੍ਹਾ ਬਰਨਾਲਾ ਅੰਦਰ ਪਾਜਿਟਿਵ ਕੇਸਾਂ ਦੀ ਗਿਣਤੀ ਵਧ ਕੇ 2 ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸਥਾਨਕ ਸੇਖਾ ਰੋਡ ਵਾਸੀ ਔਰਤ ਦੀ ਰਿਪੋਰਟ ਕਰੋਨਾ ਪਾਜਿਟਿਵ ਆਉਣ ‘ਤੇ ਭੇਜੇ 11 ਸੈਂਪਲਾਂ ਵਿੱਚੋਂ ਕੁੱਲ 10 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਜਦਕਿ ਪੀੜਤ ਔਰਤ ਦੀ ਬੇਟੀ ਦੇ ਦੁਬਾਰਾ ਭੇਜੇ ਗਏ ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ।
ਲੰਘੀ 5 ਅਪਰੈਲ ਨੂੰ ਬਰਨਾਲਾ ਦੇ ਸੇਖਾ ਰੋਡ ਦੀ ਵਸਨੀਕ ਇੱਕ ਔਰਤ ਦੀ ਰਿਪੋਰਟ ਪਾਜਿਟਿਵ ਆਉਣ ਕਾਰਨ ਸੇਖਾ ਰੋਡ ਇਲਾਕੇ ਸਮੇਤ ਸਮੁੱਚੇ ਸ਼ਹਿਰ ‘ਚ ਦਹਿਸਤ ਦਾ ਮਾਹੌਲ ਪਾਇਆ ਜਾ ਰਿਹਾ ਸੀ।
ਜਿਸ ਪਿੱਛੋਂ ਔਰਤ ਦੇ ਪਰਿਵਾਰਕ ਮੈਂਬਰਾਂ, ਕਿਰਾਏ ਦਾਰਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿੰਨਾਂ ਵਿੱਚੋਂ ਲੰਘੇ ਕੱਲ 9 ਦੀ ਰਿਪੋਰਟ ਨੈਗੇਟਿਵ ਆਈਸੀ ਤੇ ਇੱਕ ਦੀ ਰਿਪੋਰਟ ਅੱਜ ਆਈ ਹੈ ਜੋ ਨੈਗੇਟਿਵ ਹੈ। ਇਸ ਤੋਂ ਇਲਾਵਾ ਸੇਖਾ ਰੋਡ ਵਾਸੀ ਔਰਤ ਦੀ ਬੇਟੀ ਦਾ ਸੈਂਪਲ ਦੁਬਾਰਾ ਭੇਜਿਆ ਗਿਆ ਹੈ ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਦੇ ਨਾਲ ਹੀ ਮਹਿਲ ਕਲਾਂ ਨਾਲ ਸਬੰਧਿਤ 52 ਸਾਲਾ ਇੱਕ ਔਰਤ ਨੂੰ ਤੇਜ਼ ਬੁਖਾਰ ਤੇ ਸਾਹ ਲੈਣ ‘ਚ ਦਿੱਕਤ ਆਉਣ ਕਾਰਨ 6 ਅਪਰੈਲ ਨੂੰ ਲੁਧਿਆਣਾ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਸੀ।
ਪਰ ਲੰਘੇ ਕੱਲ੍ਹ ਇਲਾਜ ਦੌਰਾਨ ਹੋਈ ਔਰਤ ਦੀ ਮੌਤ ਪਿੱਛੋਂ ਪ੍ਰਸ਼ਾਸਨ ਦੁਆਰਾ ਸ਼ੱਕ ਦੇ ਅਧਾਰ ‘ਤੇ ਭੇਜੇ ਗਏ ਸੈਂਪਲ ਦੀ ਰਿਪੋਰਟ ਪੌਜਿਟਿਵ ਆਉਣ ਕਾਰਨ ਇੱਕ ਵਾਰ ਫ਼ਿਰ ਜ਼ਿਲ੍ਹਾ ਵਾਸੀਆਂ ‘ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਕਰੋਨਾ ਪੌਜਿਟਿਵ ਕੇਸਾਂ ਦੀ ਗਿਣਤੀ ਵਧ ਕੇ 2 ਹੋਣ ਨਾਲ ਇੱਕ ਦੀ ਮੌਤ ਵੀ ਰਿਕਾਰਡ ਹੋ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਕਤ ਔਰਤ ਨੂੰ 5-6 ਦਿਨ ਪਹਿਲਾਂ ਬਿਮਾਰ ਹੋਣ ‘ਤੇ ਫੋਰਟਿਸ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਮੰਗਲਵਾਰ ਦੇਰ ਸ਼ਾਮ ਉਸਦੀ ਮੌਤ ਹੋ ਗਈ ਸੀ।
ਮਹਿਲ ਕਲਾਂ ਨਾਲ ਸਬੰਧਿਤ ਉਕਤ ਕੇਸ ਦੀ ਪੁਸ਼ਟੀ ਕਰਦਿਆਂ ਸੀਐਮਓ ਬਰਨਾਲਾ ਡਾ. ਗੁਰਿੰਦਰਵੀਰ ਸਿੰਘ ਨੇ ਕਿਹਾ ਕਿ ਮਹਿਲ ਕਲਾਂ ਦੀ ਉਕਤ ਔਰਤ ਦੀ ਮੌਤ ਕਰੋਨਾ ਵਾਇਰਸ ਕਾਰਨ ਹੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਮ੍ਰਿਤਕਾ ਦੀ ਟਰੈਵਲ ਹਿਸਟਰੀ ਤੇ ਉਸ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਫਿਲਹਾਲ ਸਾਵਧਾਨੀ ਦੇ ਤੌਰ ‘ਤੇ ਔਰਤ ਦਾ ਰਿਹਾਇਸ਼ੀ ਇਲਾਕਾ ਜਾਂਚ ਦੇ ਘੇਰੇ ‘ਚ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।