ਸਰਕਾਰੀ ਪੱਧਰ ‘ਤੇ ਕੀਤੇ ਜਾਣ ਅੰਤਿਮ ਸਸਕਾਰ ਦੇ ਪ੍ਰਬੰਧ

ਸਰਕਾਰੀ ਪੱਧਰ ‘ਤੇ ਕੀਤੇ ਜਾਣ ਅੰਤਿਮ ਸਸਕਾਰ ਦੇ ਪ੍ਰਬੰਧ

ਸਮੁੱਚੀ ਮਨੁੱਖਤਾ ‘ਤੇ ਕਹਿਰ ਬਣ ਕੇ ਮੰਡਰਾ ਰਹੇ ਕੋਰੋਨਾ ਤੋਂ ਹਾਲੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸਾਡੇ ਮੁਲਕ ‘ਚ ਵੀ ਕੋਰੋਨਾ ਦੇ ਕਹਿਰ ‘ਚ ਦਿਨ-ਪ੍ਰਤੀਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਪੀੜਤ ਲੋਕਾਂ ਅਤੇ ਮੌਤਾਂ ਦਾ ਅੰਕੜਾ ਰੋਜ਼ਾਨਾ ਵਧ ਰਿਹਾ ਹੈ। ਇਸਲਾਮਿਕ ਜਮਾਤ ਦੀ ਗਲਤੀ ਕੋਰੋਨਾ ਨੂੰ ਹੈਰਾਨੀਜਨਕ ਫੀਸਦੀ ਨਾਲ ਵਧਾਉਣ ਦਾ ਸਬੱਬ ਬਣੀ ਹੈ।

ਜਮਾਤ ‘ਚ ਸ਼ਾਮਿਲ ਲੋਕ ਕਈ ਮੁਲਕਾਂ ਤੋਂ ਇੱਥੇ ਪਹੁੰਚੇ ਸਨ। ਜਮਾਤ ਦੀ ਸਮਾਪਤੀ ਤੋਂ ਬਾਅਦ ਇਹ ਲੋਕ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਪੁੱਜ ਕੇ ਕੋਰੋਨਾ ਦਾ ਕਹਿਰ ਵਰਸਾਉਣ ਦਾ ਸਬੱਬ ਬਣ ਰਹੇ ਹਨ।ਬੇਸ਼ੱਕ ਸਾਡੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਜਮਾਤ ਦੇ ਲੋਕਾਂ ਦੀ ਤਲਾਸ਼ ਕਰਕੇ ਇਹਨਾਂ ਨੂੰ ਆਈਸੋਲੇਸ਼ਨ ਕੇਦਰਾਂ ਵਿੱਚ ਭੇਜ ਕੇ ਕੋਰੋਨਾ ਦੀ ਚੇਨ ਨੂੰ ਤੋੜਨ ਦੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਸਾਡੇ ਮੁਲਕ ਲਈ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਹੈ ਅਤੇ ਕੋਰੋਨਾ ਚੇਨ ਨੂੰ ਤੋੜਨ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੀਆਂ ਸਰਕਾਰਾਂ ਅਤੇ ਆਮ ਲੋਕਾਂ ਲਈ ਇਹ ਬਹੁਤ ਵੱਡਾ ਝਟਕਾ ਵੀ ਹੈ।

ਕੋਰੋਨਾ ਦੇ ਸਮਾਜਿਕ ਮੇਲਜੋਲ ਜ਼ਰੀਏ ਪਸਾਰੇ ਨੇ ਆਮ ਲੋਕਾਂ ਦਾ ਜੀਵਨ ਦੁੱਭਰ ਕਰਕੇ ਰੱਖ ਦਿੱਤਾ ਹੈ।ਲੋਕ ਘਰਾਂ ‘ਚ ਕੈਦ ਹੋਣ ਲਈ ਮਜ਼ਬੂਰ ਹਨ। ਸਮਾਜਿਕ ਮੇਲਜੋਲ ਦੇ ਖਾਤਮੇ ਲਈ ਪਿੰਡਾਂ ਦੇ ਲੋਕਾਂ ਵੱਲੋਂ ਆਪੋ-ਆਪਣੇ ਪਿੰਡਾਂ ‘ਚ ਬਾਹਰੀ ਵਿਅਕਤੀਆਂ ਦੇ ਦਾਖਲੇ ‘ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ।

ਕੋਰੋਨਾ ਖੌਫ ਨੇ ਆਪਣਿਆਂ ਲਈ ਆਪਣਿਆਂ ਦੇ ਦਰਵਾਜ਼ੇ ਬੰਦ ਹੋਣ ਦੀ ਨੌਬਤ ਪੈਦਾ ਕਰ ਦਿੱਤੀ ਹੈ। ਆਪੋ-ਆਪਣੇ ਪਿੰਡਾਂ ਨੂੰ ਸਵੈਇੱਛਾ ਨਾਲ ਲਾ ਕਡਾਊਨ ਕਰਨ ਵਾਲੇ ਪਿੰਡ ਵਾਸੀ ਪਿੰਡ ‘ਚ ਆਮਦ ਦੇ ਸਾਰੇ ਰਸਤਿਆਂ ਦੀ ਘੇਰਾਬੰਦੀ ਕਰਕੇ ਹਰ ਆਉਣ-ਜਾਣ ਵਾਲੇ ਦੀ ਪੁੱਛ-ਗਿੱਛ ਕਰ ਰਹੇ ਹਨ।

ਸਮੇਂ ਦੀ ਨਜਾਕਤ ਅਨੁਸਾਰ ਇਹ ਫੈਸਲਾ ਸਹੀ ਅਤੇ ਦਰੁਸਤ ਵੀ ਹੈ। ਜੇ ਜਿੰਦਗੀਆਂ ਰਹੀਆਂ ਤਾਂ ਮੇਲਜੋਲ ਦੁਬਾਰਾ ਪੈਦਾ ਹੋ ਜਾਵੇਗਾ ਪਰ ਜੇਕਰ ਅਣਗਹਿਲੀ ਜਿੰਦਗੀਆਂ ‘ਤੇ ਹੀ ਭਾਰੂ ਪੈ ਗਈ ਤਾਂ ਮੇਲਜੋਲ ਕੀ ਕਰੇਗਾ? ਪਿੰਡਾਂ ਨੂੰ ਸਵੈ-ਇੱਛਾ ਨਾਲ ਲਾਕ ਡਾਊਨ ਦੀਆਂ ਗਤੀਵਿਧੀਆਂ ਨਾਲ ਪ੍ਰਸ਼ਾਸਨ ਦੀਆਂ ਮੁਸ਼ਕਲਾਂ ‘ਚ ਵੀ ਕਮੀ ਆਉਂਦੀ ਹੈ। ਪਿੰਡਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਆਪੋ-ਆਪਣੇ ਪਿੰਡਾਂ ਦੀ ਤਾਲਾਬੰਦੀ ਕਰਨ ਦੇ ਨਾਲ-ਨਾਲ ਪਿੰਡ ਦੇ ਵਿੱਚ ਵੀ ਟੋਲੀਆਂ ਬਣਾ ਕੇ ਘੁੰਮਣ ਜਾਂ ਸੱਥਾਂ ‘ਚ ਬੈਠਣ ਦੀਆਂ ਗਤੀਵਿਧੀਆਂ ਨੂੰ ਜ਼ਰੂਰ ਨਕੇਲ ਪਾਈ ਜਾਵੇ ਤਾਂ ਕਿ ਆਪਾਂ ਕੋਰੋਨਾ ਦੀ ਚੇਨ ਨੂੰ ਤੋੜਨ ‘ਚ ਸੌ ਫੀਸਦੀ ਕਾਮਯਾਬੀ ਹਾਸਲ ਕਰ ਸਕੀਏ।

ਕੋਰੋਨਾ ਕਹਿਰ ਦੇ ਚੱਲਦਿਆਂ ਸਮਾਜਿਕ ਤੌਰ ‘ਤੇ ਵੀ ਬੜੀਆਂ ਨਮੋਸ਼ੀਜਨਕ ਸਥਿਤੀਆਂ ਪੈਦਾ ਹੋਣ ਲੱਗੀਆਂ ਹਨ। ਕੋਰੋਨਾ ਮਰੀਜ ਦੇ ਇਲਾਜ ਦੀ ਸ਼ੁਰੂਆਤ ਹੀ ਬੜੀ ਅਜੀਬੋ-ਗਰੀਬ ਅਤੇ ਸਬੰਧਿਤ ਨੂੰ ਮਾਨਸਿਕ ਤੌਰ ‘ਤੇ ਤੋੜਨ ਵਾਲੇ ਤਰੀਕੇ ਨਾਲ ਕਰਨੀ ਪੈਂਦੀ ਹੈ। ਕੋਰੋਨਾ ਦੇ ਮਰੀਜ ਦਾ ਆਪਣੇ ਪਰਿਵਾਰ ਨਾਲੋਂ ਪੂਰੀ ਤਰ੍ਹਾਂ ਸੰਪਰਕ ਟੁੱਟ ਜਾਂਦਾ ਹੈ। ਜਿੱਥੇ ਹੋਰ ਬਿਮਾਰੀਆਂ ‘ਚ ਮਰੀਜ਼ ਦਾ ਹੌਂਸਲਾ ਵਧਾਉਣ ਲਈ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਬਹੁੜਦੇ ਹਨ, ਉੱਥੇ ਕੋਰੋਨਾ ਮਰੀਜ ਨੂੰ ਇਹਤਿਆਤ ਵਜੋਂ ਕਿਸੇ ਨੂੰ ਮਿਲਣ ਦੀ ਇਜ਼ਾਜਤ ਹੀ ਨਹੀਂ ਹੁੰਦੀ ਅਤੇ ਨਾ ਹੀ ਕੋਈ ਮਿਲਣ ਦਾ ਖਤਰਾ ਮੁੱਲ ਲੈਂਦਾ ਹੈ।ਕੋਰੋਨਾ ਦੇ ਮਰੀਜ਼ ਨੂੰ ਮਿਲਣ ਤੋਂ ਹੀ ਨਹੀਂ ਹੁਣ ਤਾਂ ਕੋਰੋਨਾ ਮਰੀਜ ਦੇ ਸਸਕਾਰ ਦੀ ਵੀ ਸਮੱਸਿਆ ਪੈਦਾ ਹੋਣ ਲੱਗੀ ਹੈ। ਪਿਛਲੇ ਦਿਨੀਂ ਇੱਕ ਪ੍ਰਸਿੱਧ ਰਾਗੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

ਇਸ ਦਾ ਪਤਾ ਲੱਗਣ ‘ਤੇ ਉਹਨਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਪਰ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ। ਉਹਨਾਂ ਦੀ ਮ੍ਰਿਤਕ ਦੇਹ ਨੂੰ ਸਸਕਾਰ ਲਈ ਉਹਨਾਂ ਦੇ ਪਿੰਡ ਲਿਆਂਦਾ ਗਿਆ ਤਾਂ ਪਿੰਡ ਵਾਸੀਆਂ ਨੇ ਸ਼ਮਸ਼ਾਨਘਾਟ ਨੂੰ ਜਿੰਦਰੇ ਲਾ ਕੇ ਉਹਨਾਂ ਦਾ ਅੰਤਿਮ ਸਸਕਾਰ ਕਰਨ ਦੀ ਇਜਾਜਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਸਸਕਾਰ ਨੂੰ ਲੈ ਕੇ ਇਸ ਤਰ੍ਹਾਂ ਰੁਲਦੀ ਰਹੀ ਸੀ।

ਪਹਿਲਾਂ ਤਾਂ ਉਸ ਨੌਜਵਾਨ ਦਾ ਸਸਕਾਰ ਕਰਨ ਲਈ ਹੀ ਕੋਈ ਤਿਆਰ ਨਹੀਂ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਸ ਅਭਾਗੇ ਨੌਜਵਾਨ ਦੇ ਪਰਿਵਾਰ ਵਾਲੇ ਵੀ ਪਾਸਾ ਵੱਟ ਗਏ ਸਨ। ਫਿਰ ਜਦ ਉਸ ਦੀ ਮ੍ਰਿਤਕ ਦੇਹ ਨੂੰ ਸਸਕਾਰ ਲਈ ਸ਼ਮਸ਼ਾਨ ਘਾਟ ਲਿਆਂਦਾ ਗਿਆ ਤਾਂ ਲੋਕਾਂ ਨੇ ਵਿਰੋਧ ਕਰ ਦਿੱਤਾ।ਫਿਰ ਨਜਦੀਕੀ ਸ਼ਮਸ਼ਾਨ ਘਾਟ ‘ਚ ਸਸਕਾਰ ਦੀ ਸੋਚੀ ਤਾਂ ਉੱਥੇ ਵੀ ਲੋਕਾਂ ਵੱਲੋਂ ਵਿਰੋਧ ਪ੍ਰਗਟਾ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਕਈ ਥਾਵਾਂ ‘ਤੇ ਇਸ ਨੌਜਵਾਨ ਦੀ ਮ੍ਰਿਤਕ ਦੇਹ ਸਸਕਾਰ ਲਈ ਤਰਸਦੀ ਰਹੀ।ਇੱਥੇ ਦੁੱਖ ਭਰੀ ਗੱਲ ਇਹ ਰਹੀ ਕਿ ਇਹ ਨੌਜਵਾਨ ਕੋਰੋਨਾ ਪੀੜਤ ਹੈ ਹੀ ਨਹੀਂ ਸੀ।

ਇਸੇ ਤਰ੍ਹਾਂ ਹੀ ਇੱਕ ਹੋਰ ਮ੍ਰਿਤਕ ਸਰੀਰ ਨੂੰ ਅੰਤਿਮ ਸਮੇਂ ਚਾਰ ਬੰਦੇ ਵੀ ਨਾ ਨਸੀਬ ਹੋਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਲੋਕ ਖੜ੍ਹੇ ਵੇਖਦੇ ਰਹੇ ਪਰ ਕਿਸੇ ਨੇ ਵੀ ਇਸ ਅਰਥੀ ਨੂੰ ਮੋਢਾ ਦੇਣ ਦੀ ਜੁਰਅਤ ਨਹੀਂ ਵਿਖਾਈ। ਮ੍ਰਿਤਕ ਦੇ ਬੇਟੇ ਨੇ ਮਿੰਨਤਾਂ ਕਰਕੇ ਸ਼ਮਸ਼ਾਨ ਘਾਟ ‘ਚ ਕੰਮ ਕਰਦੇ ਦੋ ਬੰਦਿਆਂ ਨੂੰ ਅੱਗੇ ਲਾਇਆ ਅਤੇ ਪਿਛਲੇ ਪਾਸਿਓਂ ਖੁਦ ਇਕੱਲੇ ਨੇ ਆਪਣੇ ਮ੍ਰਿਤਕ ਪਿਤਾ ਦੀ ਅਰਥੀ ਸਸਕਾਰ ਅਸਥਾਨ ‘ਤੇ ਪਹੁੰਚਾਈ। ਜ਼ਰਾ ਸੋਚੋ ਇਹ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਗ੍ਰਹਿਣ ਨਹੀਂ ਲੱਗਿਆ ਤਾਂ ਹੋਰ ਕੀ ਹੋਇਆ ਹੈ ਕਿ ਗੁਰੂਆਂ-ਪੀਰਾਂ ਦੀ ਧਰਤੀ ‘ਤੇ ਮ੍ਰਿਤਕ ਸਰੀਰਾਂ ਨੂੰ ਅੰਤਿਮ ਸਮੇਂ ਚਾਰ ਬੰਦੇ ਵੀ ਨਸੀਬ ਨਾ ਹੋਣ।

ਮ੍ਰਿਤਕ ਸਰੀਰਾਂ ਦਾ ਅੰਤਿਮ ਸਸਕਾਰ ਲਈ ਇਸ ਤਰ੍ਹਾਂ ਰੁਲਣਾ ਸਾਡੀਆਂ ਸਰਕਾਰਾਂ ਅਤੇ ਸਾਡੇ ਸਭ ਦੇ ਮੱਥੇ ‘ਤੇ ਕਲੰਕ ਹੈ। ਬੇਸ਼ੱਕ ਇਹ ਸਾਰਾ ਵਰਤਾਰਾ ਮਜ਼ਬੂਰੀ ਵੱਸ ਵਾਪਰ ਰਿਹਾ ਹੈ ਪਰ ਇੱਥੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ ਮ੍ਰਿਤਕ ਸਰੀਰਾਂ ਦੇ ਸਸਕਾਰ ਲਈ ਸਰਕਾਰੀ ਪੱਧਰ ‘ਤੇ ਕੋਈ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਕਿ ਮ੍ਰਿਤਕ ਨੂੰ ਘੱਟੋ-ਘੱਟ ਅੰਤਿਮ ਸਸਕਾਰ ਲਈ ਤਾਂ ਇਸ ਤਰ੍ਹਾਂ ਨਾ ਰੋਲਿਆ ਜਾਵੇ।

ਮੀਡੀਆ ਰਿਪੋਰਟਾਂ ਅਨੁਸਾਰ ਆਪਣੇ ਨਾਲੋਂ ਪਹਿਲਾਂ ਕੋਰੋਨਾ ਦਾ ਕਹਿਰ ਹੰਢਾ ਰਹੇ ਮੁਲਕਾਂ ‘ਚ ਵੀ ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸਸਕਾਰ ਦੀ ਜਿੰਮੇਵਾਰੀ ਸਰਕਾਰਾਂ ਵੱਲੋਂ ਸੰਭਾਲੇ ਜਾਣ ਦੀਆਂ ਖਬਰਾਂ ਹਨ। ਕਿਹਾ ਤਾਂ ਇਹ ਜਾ ਰਿਹਾ ਹੈ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਤਾਂ ਆਮ ਲੋਕਾਂ ਨੂੰ ਕੋਰੋਨਾ ਮ੍ਰਿਤਕ ਦੇ ਨੇੜੇ-ਤੇੜੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਬਕਾਇਦਾ ਪੂਰੀ ਸਾਵਧਾਨੀ ਨਾਲ ਡਾਕਟਰਾਂ ਅਤੇ ਪ੍ਰਸ਼ਾਸਨ ਵੱਲੋਂ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ ਜਾਂਦਾ ਹੈ।

ਸਰਕਾਰਾਂ ਅਤੇ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਕੋਰੋਨਾ ਪੀੜਤ ਦੇ ਮ੍ਰਿਤਕ ਸਰੀਰ ਨੂੰ ਇਸ ਤਰ੍ਹਾਂ ਰੁਲਣ ਤੋਂ ਬਚਾਉਣ ਲਈ ਸੁਰੱਖਿਅਤ ਤਰੀਕੇ ਨਾਲ ਅੰਤਿਮ ਸਸਕਾਰ ਦੇ ਬਕਾਇਦਾ ਸਰਕਾਰੀ ਪੱਧਰ ‘ਤੇ ਪ੍ਰਬੰਧ ਕੀਤੇ ਜਾਣ। ਕਾਮਨਾ ਕਰਦੇ ਹਾਂ ਕਿ ਕੋਰੋਨਾ ਨਾਲ ਕਿਸੇ ਵੀ ਇਨਸਾਨ ਦੀ ਜਾਨ ਨਾ ਜਾਵੇ ਅਤੇ ਨਾ ਹੀ ਪੈਦਾ ਹੋਵੇ ਅਜਿਹੀ ਸਥਿਤੀ।
ਸ਼ਕਤੀ ਨਗਰ,ਬਰਨਾਲਾ।
ਮੋ.98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।