ਕਾਮਿਆਂ ਨੂੰ ਤਨਖਾਹਾਂ ਸਮੇਤ ਛੁੱਟੀਆਂ ਦੇਵੇਗਾ ਟਰਾਈਡੈਂਟ ਗਰੁੱਪ

ਨੋਵਲ ਕੋਰੋਨਾ ਵਾਇਰਸ ਦੇ ਚਲਦਿਆਂ ਲੋਕ ਹਿੱਤ ‘ਚ ਲਿਆ ਸ਼ਲਾਘਾਯੋਗ ਫੈਸਲਾ

ਮੌਜੂਦਾ ਸੰਕਟ ‘ਚ ਸਰਕਾਰਾਂ ਤੇ ਲੋਕਾਂ ਦੇ ਨਾਲ ਹਾਂ: ਚੇਅਰਮੈਨ ਗੁਪਤਾ

ਬਰਨਾਲਾ, (ਜਸਵੀਰ ਸਿੰਘ) ਨੋਵਲ ਕੋਰੋਨਾ ਵਾਇਰਸ ਨੇ ਸਮੁੱਚੇ ਸੰਸਾਰ ਨੂੰ ਇਸ ਸਮੇਂ ਚਿੰਤਾ ‘ਚ ਪਾ ਰੱਖਿਆ ਹੈ। ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰਾਂ ਤੇ ਲੋਕ ਆਪਣੀ ਪੂਰੀ ਵਾਹ ਲਾ ਰਹੇ ਹਨ। ਜਿਸ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਹਜ਼ਾਰਾਂ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਨਾਮਵਰ ਟਰਾਈਡੈਂਟ ਗਰੁੱਪ ਨੇ ਦੇਸ਼ ਤੇ ਪੰਜਾਬ ਦੀਆਂ ਸਰਕਾਰਾਂ ਤੋਂ ਇਲਾਵਾ ਲੋਕਾਂ ਨਾਲ ਹਰ ਸਹਿਯੋਗ ਲਈ ਡਟ ਕੇ ਖੜਨ ਦਾ ਐਲਾਨ ਕਰ ਦਿੱਤਾ ਹੈ। ਗਰੁੱਪ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਨੇ 35 ਹਜ਼ਾਰ ਪਰਿਵਾਰਾਂ ਦਾ ਜਿੰਮਾਂ ਲੈਂਦਿਆਂ ਕਾਮਿਆਂ ਨੂੰ ਤਨਖਾਹਾਂ ਸਮੇਤ ਛੁੱਟੀਆਂ ਦੇਣ ਦਾ ਵੀ ਵੱਡਾ ਐਲਾਨ ਕੀਤਾ ਹੈ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਗਰੁੱਪ ਦੇ ਐਮਡੀ ਦੀਪਕ ਨੰਦਾ ਨੇ ਦੱਸਿਆ ਕਿ ਗਰੁੱਪ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਦੇ ਦਿਸ਼ਾ- ਨਿਰਦੇਸਾਂ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚੁੱਕੇ ਜਾ ਰਹੇ ਕਦਮਾਂ ‘ਤੇ ਪਹਿਰਾ ਦੇਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੀ ਸੂਬਾ ਸਰਕਾਰ ਦੇ ਨਾਲ ਡਟ ਕੇ ਖੜ੍ਹਾ ਹੈ। ਸ੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਘਰਾਂ ਤੋਂ ਹੀ ਦਫ਼ਤਰੀ ਕੰਮ ਕਰਨ ਲਈ ਕਹਿ ਦਿੱਤਾ ਹੈ ਜਿਸ ਨਾਲ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਥਰਮਲ ਲੇਜ਼ਰ ਗੰਨ ਦਾ ਵੀ ਪ੍ਰਬੰਧ ਕੀਤਾ ਜਾ ਚੁੱਕਾ ਹੈ, ਸਾਰੇ ਵਰਕਰਾਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਸਾਬਣ ਆਦਿ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਅਦਾਰੇ ਦੀ ਪੈਦਾਵਾਰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਚੇਅਰਮੈਨ ਗੁਪਤਾ ਨੇ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਕਾਮਿਆਂ ਨੂੰ  ਛੁੱਟੀਆਂ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ, ਕਾਮਿਆਂ ਨੂੰ ਪੂਰੀ ਤਨਖਾਹ ਵੀ ਗਰੁੱਪ ਵੱਲੋਂ ਦਿੱਤੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਗਰੁੱਪ ਨਾਲ ਜੁੜੀਆਂ ਔਰਤਾਂ, ਬੱਚਿਆਂ ਜਾਂ ਪਰਿਵਾਰਾਂ ਨੂੰ ਬਾਹਰ ਰਹਿਣ ਜਾਂ ਖਾਣ- ਪੀਣ ਦੀ ਸਮੱਸਿਆ ਹੈ ਤਾਂ ਉਨ੍ਹਾਂ ਦੀ ਵੀ ਪੂਰੀ ਮੱਦਦ ਕਰਦਿਆਂ ਰਿਹਾਇਸ਼, ਖਾਣ- ਪੀਣ ਤੋਂ ਇਲਾਵਾ ਮੈਡੀਕਲ ਸਹਾਇਤਾ ਵੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਸ ਦੌਰਾਨ ਬਰਨਾਲਾ ਇਲਾਕੇ ਦੇ ਲੋਕਾਂ ਲਈ ਆਪਣੇ ਗਰੁੱਪ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹੋਣ ਦੀ ਵੀ ਗੱਲ ਆਖੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।