ਪਟਿਆਲਾ ਪੁਲਿਸ ਵੱਲੋਂ ਕਰੋੜਾਂ ਰੁਪਏ ਦੀ ਇੱਕ ਕਿੱਲੋ ਹੈਰੋਇਨ ਸਮੇਤ 2 ਜਣੇ ਕਾਬੂ

ਸੰਪੂਰਨਾ ਫੀਡ ਫੈਕਟਰੀ ਵਿੱਚ ਕਰਦੇ ਨੇ ਕੰਮ, ਨਾਈਜੀਰੀਅਨ ਵਿਅਕਤੀ ਦੇ ਸੰਪਰਕ ‘ਚ ਆਏ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ ਜਿਸਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਡੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਤਸਕਰਾਂ ਦੀ ਪਛਾਣ ਗੌਰਵ ਸੋਨੀ ਉਰਫ ਨਨੂੰ ਪੁੱਤਰ ਵਿਸ਼ਵਾ ਮਿੱਤਰ ਸੋਨੀ ਵਾਸੀ 6 ਬੀ-ਅਰੋੜਾ ਸੈਕਟਰ 2 ਬਿਲਾਸਪੁਰ ਜਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਅਤੇ ਕਪਤਾਨ ਸਿੰਘ ਉਰਫ ਮਿੱਠੂ ਪੁੱਤਰ ਰਜਿੰਦਰ ਵਾਸੀ ਬਰੋੜਾ ਥਾਣਾ ਨੂਰਪੁਰ ਜਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ ਵਜੋਂ ਹੋਈ।

ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਅੱਜ ਐਸ.ਆਈ. ਲਖਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਭਾਦਸੋਂ-ਪਟਿਆਲਾ ਰੋਡ ਨੇੜੇ ਬੱਸ ਅੱਡਾ ਲਚਕਾਣੀ ਵਿਖੇ ਮੌਜੂਦ ਸੀ ਤਾਂ ਗੁਪਤ ਸੂਚਨਾ ਦੇ ਅਧਾਰ ‘ਤੇ ਇਨ੍ਹਾਂ ਦੋਵਾਂ ਨੂੰ ਸ਼ੱਕੀ ਹਲਾਤ ਵਿੱਚ ਕਾਬੂ ਕੀਤਾ ਗਿਆ। ਇਸੇ ਦੌਰਾਨ ਡੀ.ਐਸ.ਪੀ. ਸੌਰਵ ਜਿੰਦਲ ਦੀ ਨਿਗਰਾਨੀ ਹੇਠ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ 23 ਸਾਲਾ ਗੌਰਵ ਸੋਨੀ ਉਰਫ ਨਨੂੰ ਦਸਵੀਂ ਪਾਸ ਹੈ ਅਤੇ 24 ਸਾਲਾ ਕਪਤਾਨ ਸਿੰਘ ਉਰਫ ਮਿੱਠੂ 12ਵੀਂ ਪਾਸ ਹੈ, ਇਨ੍ਹਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸੰਪੂਰਨਾ ਫੀਡ ਪ੍ਰਾਈਵੇਟ ਲਿਮਟਿਡ ਵਿੱਚ ਨੌਕਰੀ ਕਰਦੇ ਹਨ, ਜਿਹਨਾਂ ਦਾ ਮੁੱਖ ਦਫਤਰ ਫਗਵਾੜਾ ਵਿਖੇ ਹੈ ਤੇ ਇਸ ਕੰਪਨੀ ਨੂੰ ਵੈਕਸੀਨੇਸਨ (ਦਵਾਈਆਂ) ਅਤੇ ਫੀਡ ਦਿੱਲੀ ਵਗੈਰਾ ਤੋਂ ਆਉਦੀ ਹੈ। ਉਹ ਦੋਵੇਂ ਪੰਜਾਬ ਭਰ ਵਿੱਚ ਪੋਲਟਰੀ ਫਾਰਮਾਂ ਨੂੰ ਫੀਡ ਤੇ ਵੈਕਸੀਨੇਸਨ ਸਪਲਾਈ ਕਰਨ ਦੇ ਨਾਲ ਨਾਲ ਪੋਲਟਰੀ ਫਾਰਮਾਂ ਵਿੱਚੋਂ ਵਪਾਰੀਆਂ ਨੂੰ ਮਾਲ ਚੁਕਾਉਣ ਦਾ ਕੰਮ ਵੀ ਕਰਦੇ ਹਨ।

ਇਸ ਦੌਰਾਨ ਉਹ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵੱਖ-ਵੱਖ ਥਾਵਾਂ ‘ਤੇ ਜਾਂਦੇ ਰਹਿੰਦੇ ਹਨ।ਹੁੰਦਲ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਤਫ਼ਤੀਸ ਕਰ ਰਹੀ ਹੈ ਕਿ ਇਹ ਹੈਰੋਇਨ ਇਨ੍ਹਾਂ ਨੇ ਕਿੱਥੇ ਕਿੱਥੇ ਸਪਲਾਈ ਕਰਨੀ ਸੀ। ਐਸ.ਪੀ. ਨੇ ਦੱਸਿਆ ਕਿ ਇਹ ਦੋਵੇਂ ਜਣੇ ਨਸ਼ੇ ਕਰਨ ਦੇ ਵੀ ਆਦੀ ਹਨ ਜਿੰਨ੍ਹਾ ਦਾ ਸੰਪਰਕ ਫਰੈਕੀ ਨਾਮ ਦੇ ਦਿੱਲੀ ਰਹਿੰਦੇ ਨਾਈਜੀਰੀਅਨ ਵਿਅਕਤੀ ਨਾਲ ਵੀ ਹੋ ਗਿਆ ਸੀ ਜਿਸ ਨਾਲ ਇਹ ਸੰਪਰਕ ਕਰਕੇ ਹੈਰੋਇਨ ਲੈਕੇ ਆਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਕਿਸ ਕੋਲੋਂ ਹੈਰੋਇਨ ਖਰੀਦੀ ਅਤੇ ਕਿਸ ਨੂੰ ਵੇਚੀ ਜਾਂਦੀ ਰਹੀ ਹੈ, ਬਾਰੇ ਵੀ ਡੂੰਘਾਈ ਨਾਲ ਤਫਤੀਸ ਜਾਰੀ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।