ਚੁੱਪ ਰਹਿਣਾ ਆਪਣੇ-ਆਪ ‘ਚ ਇੱਕ ਕਲਾ
ਇੱਕ ਚੁੱਪ ਸੌ ਸੁਖ ਕਹਾਵਤ ਆਪਣੇ-ਆਪ ‘ਚ ਬੜੀ ਅਹਿਮੀਅਤ ਰੱਖਦੀ ਹੈ ਜੋ ਇਨਸਾਨ ਇਸ ਕਹਾਵਤ ‘ਤੇ ਅਮਲ ਕਰਨਾ ਸਿੱਖ ਗਿਆ ਸਮਝੋ ਉਸ ਨੇ ਜਿੰਦਗੀ ਦਾ ਅਸਲੀ ਰਾਜ਼ ਜਾਣ ਲਿਆ ਬੋਲਣ ਦੀ ਤਰ੍ਹਾਂ ਚੁੱਪ ਰਹਿਣਾ ਵੀ ਇੱਕ ਕਲਾ ਜਾਂ ਹੁਨਰ ਹੈ, ਜੋ ਬਹੁਤ ਤਾਕਤਵਾਰ ਹੈ ਕਿਉਂਕਿ ਜਿੰਨਾ ਸਮਾਂ ਤੁਸੀਂ ਚੁੱਪ ਹੋ, ਕੋਈ ਬੰਦਾ ਤੁਹਾਡੇ ਵਿਅਕਤੀਤਵ ਬਾਰੇ ਜਾਣ ਨਹੀਂ ਸਕਦਾ ਤੁਸੀਂ ਕਿਹੋ-ਜਿਹੀ ਸੋਚ ਰੱਖਦੇ ਹੋ ਪਹਿਚਾਣ ਨਹੀਂ ਸਕਦਾ ਪਰ ਜਦੋਂ ਤੁਸੀਂ ਚੁੱਪ ਤੋੜ ਦਿੱਤੀ ਅਤੇ ਮੂੰਹ ‘ਚੋਂ ਸ਼ਬਦ ਕੱਢ ਦਿੱਤੇ ਤਾਂ ਸਾਹਮਣੇ ਵਾਲੇ ਨੂੰ ਝੱਟ, ਤੁਹਾਡੇ ਬਾਰੇ ਸਭ ਕੁਝ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਸ ਸ਼ਖਸੀਅਤ ਦੇ ਮਾਲਕ ਹੋ ਤੁਹਾਡੀ ਸੋਚ ਕੀ ਹੈ! ਤਾਂ ਹੀ ਕਿਸੇ ਨੇ ਠੀਕ ਹੀ ਕਿਹਾ ਹੈ ਕਿ ‘ਇੱਕ ਚੁੱਪ ਸੌ ਸੁਖ!’ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਬਹੁਤਾ ਬੋਲਣਾ ਕਈ ਵਾਰ ਨੁਕਸਾਨ ਦਾ ਇਕ ਸਾਬਤ ਹੁੰਦਾ ਹੈ
ਪਰ ਕਈ ਬੰਦਿਆਂ ‘ਚ ਚੁੱਪ ਰਹਿਣ ਦੀ ਬੜੀ ਵੱਡੀ ਕਲਾ ਹੁੰਦੀ ਹੈ ਤੇ ਉਹ ਚੁੱਪ ਰਹਿ ਕੇ ਹੀ ਆਪਣਾ ਸਾਰਾ ਕੰਮ ਕਰ ਜਾਂਦੇ ਹਨ ਜੋ ਦੂਜਾ ਬੰਦਾ ਨਹੀਂ ਕਰ ਸਕਦਾ ਬਹੁਤਾ ਬੋਲਣ ਵਾਲਾ ਬੰਦਾ ਕਈ ਵਾਰ ਆਪਣਾ ਨੁਕਸਾਨ ਕਰ ਬਹਿੰਦਾ ਹੈ ਕਿਉਂਕਿ ਬੋਲਦੇ ਵਕਤ ਕੁਝ ਨਾ ਕੁਝ ਵੱਧ-ਘੱਟ ਬੋਲਿਆ ਜਾਂਦਾ ਹੈ ਕਈ ਵਾਰ ਬੋਲਣ ਸਦਕਾ ਹੀ ਬਣਦੀ ਬਣਦੀ ਗੱਲ ਵਿਗੜ ਜਾਂਦੀ ਹੈ ਅਤੇ ਸਾਰੀ ਕੀਤੀ ਕਰਾਈ ਮਿਹਨਤ ‘ਤੇ ਸਿਰਫ ਏਸੇ ਕਰਕੇ ਪਾਣੀ ਫਿਰ ਜਾਂਦਾ ਹੈ ਕਿ ਕੋਈ ਕੌੜਾ-ਕੁਸੈਲਾ ਸ਼ਬਦ ਬੰਦੇ ਤੋਂ ਬੋਲਿਆ ਜਾਂਦਾ ਹੈ ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਜੋ ਤਾਕਤ ਚੁੱਪ ਰਹਿਣ ‘ਚ ਹੈ ਉਹ ਹਥਿਆਰ ‘ਚ ਵੀ ਨਹੀਂ
ਮੈਂ ਆਪਣੀ ਜਿੰਦਗੀ ‘ਚ ਅਨੇਕਾਂ ਕੰਮ ਚੁੱਪ ਰਹਿ ਕੇ ਕੀਤੇ ਜੋ ਬੜੇ ਅਰਾਮ ਨਾਲ ਨੇਪਰੇ ਚਾੜ੍ਹੇ ਪਰ ਜਦੋਂ ਕਿਤੇ ਮੇਰੇ ਤੋਂ ਮਾੜਾ-ਮੋਟਾ ਬੋਲਿਆ ਗਿਆ, ਫਿਰ ਜਾਂ ਤਾਂ ਉਹ ਕੰਮ ਸਿਰੇ ਹੀ ਨਹੀਂ ਚੜ੍ਹਿਆ ਤੇ ਜਾਂ ਫਿਰ ਦੁੱਗਣਾ-ਤਿਗੱਣਾ ਜ਼ੋਰ ਲੱਗਾ, ਕੰਮ ਨੂੰ ਨੇਪਰੇ ਚਾੜ੍ਹਨ ਵਾਸਤੇ ਚੁੱਪ ਰਹਿ ਕੇ ਮੈਂ ਬਹੁਤ ਵੱਡੇ-ਵੱਡੇ ਕੰਮਾਂ ਨੂੰ ਅਸਾਨੀ ਨਾਲ ਸਿਰੇ ਚਾੜ੍ਹਿਆ ਹੈ
ਇਹ ਆਮ ਵੇਖਿਆ ਗਿਆ ਹੈ ਕਿ ਸਾਡਾ ਸਮਾਜ ਵੀ ਬਹੁਤਾ ਬੋਲਣ ਵਾਲੇ ਲੋਕਾਂ ਨੂੰ ਪਸੰਦ ਨਹੀਂ ਕਰਦਾ ਬਹੁਤਾ ਬੋਲਣ ਵਾਲੇ ਬੰਦੇ ਤੋਂ ਹਰ ਬੰਦਾ ਪਾਸਾ ਵੱਟਦਾ ਹੈ ਜਦਕਿ ਚੁੱਪ ਰਹਿਣ ਵਾਲੇ ਬੰਦੇ ਦੀ ਹਰ ਬੰਦਾ ਇਹ ਕਹਿ ਕੇ ਸਿਫਤ ਕਰਦਾ ਹੈ ਕਿ ਭਾਈ ਇਸ ਦੇ ਮੂੰਹ ‘ਚ ਤਾਂ ਜ਼ੁਬਾਨ ਨਹੀਂ ਸਿਆਣੇ ਬੰਦੇ ਹਮੇਸ਼ਾ ਆਪ ਘੱਟ ਬੋਲਦੇ ਹਨ ਤੇ ਸਾਹਮਣੇ ਵਾਲੇ ਦੀ ਗੱਲ ਜ਼ਿਆਦਾ ਸੁਣਦੇ ਹਨ ਜਿਸ ਨਾਲ ਸਾਹਮਣੇ ਵਾਲੇ ਬੰਦੇ ਨੂੰ ਹੁੰਦਾ ਹੈ ਕਿ ਇਹ ਬੰਦਾ ਮੇਰੀ ਗੱਲ ਧਿਆਨ ਨਾਲ ਸੁਣ ਰਿਹਾ ਹੈ ਇਸ ਲਈ ਉਹ ਤੁਹਾਡੀ ਕਿਸੇ ਮਾੜੀ-ਮੋਟੀ ਕੀਤੀ ਗਲਤੀ ਨੂੰ ਮਾਫ ਵੀ ਕਰ ਦਿੰਦਾ ਹੈ ਪਰ ਜੇਕਰ ਅਸੀਂ ਖਾਹ-ਮਖਾਹ ਬੇਲੋੜਾ ਬੋਲੀ ਜਾਵਾਂਗੇ ਤਾਂ ਉਹ ਖਿਝ ਕੇ ਤੁਹਾਡੀ ਚੰਗੀ ਤੇ ਸੱਚੀ ਗੱਲ ਨੂੰ ਵੀ ਮੰਨਣ ਤੋਂ ਇਨਕਾਰ ਕਰ ਸਕਦਾ ਹੈ ਇਹ ਹਕੀਕਤ ਹੈ ਕਿ ਚੁੱਪ ਰਹਿਣ ਵਾਲਾ ਬੰਦਾ ਘੱਟ ਐਨਰਜੀ ਲਾ ਕੇ ਵਧੇਰੇ ਆਊਟਪੁਟ ਕੱਢਦਾ ਹੈ ਵਾਹਯਾਤ ਬੋਲਣਾ ਚੰਗਾ ਗੁਣ ਨਹੀਂ ਬਲਕਿ ਘਾਟੇਵੰਦ ਸਾਬਤ ਹੁੰਦਾ ਹੈ
ਹਾਂ ਕਈਆਂ ਨੂੰ ਚੁੱਪ ਰਹਿਣਾ ਪਸੰਦ ਨਹੀਂ ਉਹ ਚੁੱਪ ਰਹਿ ਹੀ ਨਹੀਂ ਸਕਦੇ ਕਈਆਂ ਨੂੰ ਅਜਿਹੀ ਆਦਤ ਹੈ ਕਿ ਉਹ ਦੋ ਬੰਦਿਆਂ ਦੀ ਚੱਲ ਰਹੀ ਗੱਲ ‘ਚ ਧੱਕੇ ਨਾਲ ਦਖਲਅੰਦਾਜੀ ਕਰਨ ਲੱਗ ਪੈਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਕਈ ਵਾਰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜੋ ਤੁਹਾਡੀ ਸ਼ਖਸੀਅਤ ਦੇ ਚੰਗੇ ਪੱਖ ਨੂੰ ਨਹੀਂ ਦਰਸਾਉਂਦਾ ਸੋ ਇਸ ਤੋਂ ਸਦਾ ਬਚਣਾ ਚਾਹੀਦਾ ਹੈ
ਸਾਨੂੰ ਬੋਲਣ ਸਮੇਂ ਹਮੇਸ਼ਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਸ਼ਬਦ ਮੂੰਹ ‘ਚੋਂ ਬੋਲੀਏ, ਉਹ ਨਾਪ ਤੋਲ ਕੇ ਬੋਲੀਏ ਵੱਧ-ਘੱਟ ਬੋਲਿਆ ਸ਼ਬਦ ਕਈ ਵਾਰ ਮੁਸੀਬਤ ਬਣ ਜਾਂਦਾ ਹੈ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਬਹੁਤਾ ਬੋਲਣ ਵਾਲਾ ਬੰਦਾ ਜ਼ਿਆਦਾ ਬੋਲਣ ਕਰਕੇ ਅਜਿਹਾ ਕਸੂਤਾ ਫਸ ਜਾਂਦਾ ਹੈ ਕਿ ਉਸ ਨੂੰ ਸਾਹਮਣੇ ਵਾਲੇ ਬੰਦੇ ਤੋਂ ਖਹਿੜਾ ਛੁਡਾਉਣਾ ਮੁਸ਼ਕਲ ਹੋ ਜਾਂਦਾ ਹੈ ਜਾਂ ਇੰਝ ਆਖ ਲਵੋ ਕਿ ਉਸ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਨੇ ਸਿਰਫ ਬੋਲਣ ਕਰਕੇ
ਬੇਲੋੜਾ ਬੋਲਣ ਦੀਆਂ ਕਈ ਉਦਾਹਰਨਾਂ ਅਸੀਂ ਖ਼ਬਰਾਂ/ਅਖ਼ਬਾਰਾਂ ਆਦਿ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਰੋਜ਼ ਵਾਂਗ ਵੇਖ ਰਹੇ ਹਾਂ ਸਿਆਸੀ ਲੋਕ, ਜਿਨ੍ਹਾਂ ਨੂੰ ਅਸੀਂ ਆਪਣੇ ਨੁਮਾਇੰਦੇ ਬਣਾ ਕੇ ਸਾਡੇ ਮੁੱਦੇ ਅੱਗੇ ਪਹੁੰਚਾਉਣ ਲਈ ਚੁਣਦੇ ਹਾਂ, ਉਹ ਵੀ ਬਿਨਾ ਤੋਲੇ ਕਈ ਕੁਝ ਬੋਲ ਦਿੰਦੇ ਹਨ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪੈਂਦੀ ਹੈ ਜਾਂ ਫਿਰ ਆਪਣੇ ਬੋਲਾਂ ਨੂੰ ਲੁਕੋਣ ਲਈ ਹੋਰ ਬੋਲਣਾ ਪੈਂਦਾ ਹੈ
ਸੋ ਬੰਦੇ ਦੀ ਜਿੰਦਗੀ ਵਿਚ ਚੁੱਪ ਵੀ ਇੱਕ ਤਾਕਤਵਾਰ ਹਥਿਆਰ ਹੈ ਜਿਸ ਨੂੰ ਵਰਤ ਕੇ ਬੰਦਾ ਉੱਚੀਆਂ ਮੰਜਲਾਂ ਹਾਸਲ ਕਰ ਸਕਦਾ ਹੈ ਵਿਰੋਧੀਆਂ ਨੂੰ ਪਛਾੜ ਸਕਦਾ ਹੈ ਦੁਸ਼ਮਣਾਂ ਨੂੰ ਠਿੱਬੀ ਲਾ ਸਕਦਾ ਹੈ ਆਪਣੀ ਜਿੱਤ ਦੇ ਡੰਕੇ ਵਜਾ ਸਕਦਾ ਹੈ ਸਭ ਤੋਂ ਵੱਡੀ ਗੱਲ ਚੁੱਪ ਮਨੁੱਖ ਦੇ ਮਨ ਨੂੰ ਸਕੂਨ ਦਿੰਦੀ ਹੈ, ਸ਼ਾਂਤੀ ਦਿੰਦੀ ਹੈ, ਬੇਲੋੜੇ ਵਿਵਾਦਾਂ ਤੋਂ ਬਚਾਉਂਦੀ ਹੈ ਅਤੇ ਮਨੁੱਖੀ ਸ਼ਖਸੀਅਤ ਦੇ ਭੇਦ ਨੂੰ ਛੁਪਾ ਕੇ ਰੱਖਦੀ ਹੈ ਮੁੱਕਦੀ ਗੱਲ, ਚੁੱਪ ਰਹਿਣਾ ਇੱਕ ਕਲਾ ਹੈ, ਇੱਕ ਹੁਨਰ ਹੈ, ਜੋ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ
ਮੋ.70095-29004
ਲੈ. ਅਜੀਤ ਸਿੰਘ ਖੰਨਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।