ਡਰਾਈਵਿੰਗ ਸਕਿਲਜ਼ ਮਾਹੂਆਣਾ 31 ਮਾਰਚ ਤੱਕ ਬੰਦ, ਡਰਾਈਵਰਾਂ ਮੁੱਖ ਮਾਰਗ ਕੀਤਾ ਜਾਮ

ਪਿੰਡ ਵਾਸੀਆਂ ਪੁਲਿਸ ਦੇ ਸਹਿਯੋਗ ਨਾਲ ਧਰਨਾਕਾਰੀਆਂ ਨੂੰ ਭਜਾਕੇ ਟਰੇਫਿਕ ਚਾਲੂ ਕਰਾਇਆ

ਸਰਕਾਰ ਦੇ ਹਕਮਾਂ ਦੀ ਕੀਤੀ ਜਾ ਰਹੀ ਹੈ ਪਾਲਣਾ : ਪ੍ਰਿੰਸੀਪਲ ਸੇਖੋਂ

ਲੰਬੀ/ਮੰਡੀ ਕਿੱਲਿਆਂਵਾਲੀ, (ਮੇਵਾ ਸਿੰਘ) ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿਲ਼ਜ ਮਾਹੂਆਣਾ ਵਿਖੇ 2 ਦਿਨਾਂ ਡਰਾਈਵਿੰਗ ਕੋਰਸ ਕਰਨ ਆਉਂਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਰਾਈਵਰਾਂ ਵੱਲੋਂ ਅੱਜ ਅਚਾਨਕ ਹੀ ਸੰਸਥਾ ਦੇ ਮੁੱਖ ਗੇਟ ਦੇ ਮੂਹਰੇ ਰਾਸ਼ਟਰੀ ਮਾਰਗ ਨੰ: 9 ਮਲੋਟ-ਲੰਬੀ-ਡੱਬਵਾਲੀ ਉਪਰ ਟਰੇਫਿਕ ਆਵਾਜਾਈ ਠੱਪ ਕਰ ਦਿੱਤੀ। ਡਰਾਈਵਰਾਂ ਦਾ ਆਖਣਾ ਸੀ ਕਿ ਉਨ੍ਹਾਂ ਨੂੰ ਅੱਜ ਸੰਸਥਾ ‘ਚ ਟਰੇਨਿੰਗ ਨਹੀਂ ਦਿੱਤੀ ਜਾ ਰਹੀ

ਉਹ ਆਪਣਾ ਕੀਮਤੀ ਸਮਾਂ ਤੇ ਹਜਾਰਾਂ ਰੁਪਏ ਖਰਚ ਕਰਕੇ ਇੱਥੇ ਪਹੁੰਚੇ ਹਨ। ਪਰ ਦੂਸਰੇ ਪਾਸੇ ਸੰਸਥਾ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਸੇਖੋਂ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਵਿੰਦ ਦੇ ਆਏ ਹੁਕਮਾਂ ਦੀ ਪਾਲਨਾ ਕਰਦਿਆਂ ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿਲਜ਼ ਮਾਹੂਆਣਾ ਵੱਲੋਂ ਸੰਸਥਾ ਵਿਚ ਹੋਣ ਵਾਲੀ ਡਰਾਈਵਰਾਂ ਦੀ ਦੋ ਦਿਨਾ ਟਰੇਨਿੰਗ 31 ਮਾਰਚ 2020 ਤੱਕ ਬੰਦ ਕੀਤੀ ਗਈ ਹੈ।

ਇਸ ਦੇ ਨਾਲ ਹੀ ਸ੍ਰੀ ਸੇਖੋਂ ਨੇ ਦੱਸਿਆ ਕਿ ਜਿਹੜੇ ਡਰਾਈਵਰ ਅੱਜ ਇੱਥੇ ਪਹੁੰਚੇ ਹਨ, ਉਨ੍ਹਾਂ ਦੀ ਰਜਿਸ਼ਟਰੇਸਨ ਕਰਕੇ ਉਨ੍ਹਾਂ ਨੂੰ ਟੋਕਨ ਦੇ ਦਿੱਤੇ ਗਏ ਹਨ, ਜੇਕਰ 31 ਮਾਰਚ ਤੋਂ ਬਾਅਦ ਸੰਸਥਾ ਵਿਚ ਟਰੇਨਿੰਗ ਨੂੰ ਬੰਦ ਕਰਨ ਦਾ ਕੋਈ ਨਵਾਂ ਹੁਕਮ ਸਰਕਾਰ ਵੱਲੋਂ ਨਾ ਆਇਆ ਤਾਂ ਫਿਰ ਅੱਜ ਪਹੁੰਚੇ ਡਰਾਈਵਰਾਂ ਨੂੰ 1 ਅਪਰੈਲ 2020 ਨੂੰ ਇੱਕ ਦਿਨਾਂ ਟਰੇਨਿੰਗ ਤੋਂ ਬਾਅਦ ਸਰਟੀਫਿਕੇਟ ਦਿੱਤੇ ਜਾਣਗੇ ਤੇ ਜੋ ਡਰਾਈਵਰ ਬੀਤੇ ਸ਼ੁੱਕਰਵਾਰ 13 ਮਾਰਚ 2020 ਨੂੰ ਇੱਕ ਦਿਨ ਦੀ ਟਰੇਨਿੰਗ ਕਰਕੇ ਗਏ ਸਨ,ਉਨ੍ਹਾਂ ਸਾਰਿਆਂ ਨੂੰ ਅੱਜ ਸਰਟੀਫਿਕੇਟ ਦੇ ਦਿੱਤੇ ਜਾਣਗੇ। ਪਰੰਤੂ ਸੰਸਥਾ ਵੱਲੋਂ ਇਹ ਜਾਣਕਾਰੀ ਦੇਣ ਤੋਂ ਬਾਅਦ ਵੀ ਮੁੱਖ ਮਾਰਗ ‘ਤੇ ਬੈਠੇ ਡਰਾਈਵਰਾਂ ਨੇ ਰੋਸ ਧਰਨਾ ਸਮਾਪਿਤ ਨਹੀਂ ਕੀਤਾ।

ਫਿਰ ਅਚਾਨਕ ਹੀ ਪਿੰਡ ਮਾਹੂਆਣਾ ਦੇ ਦੋ ਵਿਅਕਤੀ ਜਦੋਂ ਕਾਰ ਲੈ ਕੇ ਧਰਨੇ ਵਾਲੀ ਜਗਾ ਕੋਲ ਪਹੁੰਚੇ, ਉਨ੍ਹਾਂ ਕਿਸੇ ਜ਼ਰੂਰੀ ਕੰਮ ਧੰਦੇ ਸਬੰਧੀ ਮਲੋਟ ਜਾਣਾ ਸੀ, ਪਰੰਤੂ ਧਰਨਾਕਾਰੀਆਂ ਨੇ ਜਬਰਦਸਤੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ, ਇਸ ਤੋਂ ਬਾਅਦ ਹੋਏ ਤਰਕਾਰ ਕਾਰਨ ਅਤੇ ਹੋਰ ਪਿੰਡ ਵਾਸੀਆਂ ਨੇ ਬਲਪੂਰਵਕ ਧਰਨਾਕਾਰੀਆਂ ਨੂੰ ਉਥੋਂ ਭਜਾ ਦਿੱਤਾ ਅਤੇ ਟਰੇਟਿਫ ਆਵਾਜਾਈ ਆਮ ਵਾਂਗ ਚੱਲਣ ਲੱਗ ਪਈ। ਇਸ ਮੌਕੇ ਥਾਣਾ ਲੰਬੀ ਤੋਂ ਐਸ.ਐਚ.ਓ. ਜਤਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਫੋਰਸ ਦੇ ਕਾਫੀ ਜਵਾਨ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।