ਮੀਟਿੰਗ ਤੋਂ ਬਾਅਦ ਬਿਨਾਂ ਕੋਈ ਫੀਸ ਲਏ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕੀਤੀ
ਭੁੱਚੋ ਮੰਡੀ (ਗੁਰਜੀਤ) ਆਦੇਸ਼ ਯੂਨੀਵਰਸਿਟੀ ਭੁੱਚੋ ਖੁਰਦ ਵਿੱਚ ਇੱਕ ਵਿਦਿਆਰਥੀ ਨੇ ਦੂਜੇ ਦੇ ਨੁਕੀਲੀ ਚੀਜ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਜੋ ਆਦੇਸ਼ ਹਸਪਤਾਲ ਵਿਖੇ ਹੀ ਜੇਰੇ ਇਲਾਜ ਸੀ ਅਤੇ ਬੀਤੀ ਰਾਤ ਉਸ ਦੀ ਮੌਤ ਹੋ ਗਈ।ਹਸਪਤਾਲ ਦੇ ਪ੍ਰਬੰਧਕਾਂ ਵੱਲੋ ਫੀਸ ਭਰੇ ਬਿਨਾਂ ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕਰਨ ‘ਤੇ ਸੈਂਕੜੇ ਲੋਕ ਹਸਪਤਾਲ ਪੁੱਜੇ ਅਤੇ ਬਾਅਦ ਵਿੱਚ ਪ੍ਰਬੰਧਕਾ ਨੇ ਬਿਨਾਂ ਕੋਈ ਫੀਸ ਲਏ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕੀਤੀ।
ਜਾਣਕਾਰੀ ਅਨੁਸਾਰ ਕਿ 4 ਮਾਰਚ ਨੂੰ ਆਦੇਸ਼ ਹਸਪਤਾਲ ਭੁੱਚੋ ਵਿਖੇ ਨੌਕਰੀ ਕਰਦੇ ਬਾਜਾਖਾਨਾ ਦੇ ਨੌਜਵਾਨ ਜਸਕੁਲਵਿੰਦਰ ਸਿੰਘ ਨੂੰ ਪਿੰਡ ਭੁੱਚੋ ਕਲਾਂ ਦੇ ਇੱਕ ਨੌਜਵਾਨ ਨੇ ਨੁਕੀਲੀ ਚੀਜ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ।ਜਸਕੁਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਜਦ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਲੈਣ ਲਈ ਪਹੁੰਚੇ ਤਾਂ ਹਸਪਤਾਲ ਵਾਲਿਆਂ ਨੇ ਕਰੀਬ ਸਾਢੇ ਪੰਜ ਲੱਖ ਰੁਪਏ ਦਾ ਬਿੱਲ ਭਰਨ ਲਈ ਕਿਹਾ ਜਦੋਂਕਿ ਮ੍ਰਿਤਕ ਦੇ ਰਿਸ਼ਤੇਦਾਰ ਗੁਰਸੇਵਕ ਸਿੰਘ ਵਾਸੀ ਚੱਕ ਬੱਖਤੂ ਨੇ ਦੱਸਿਆ ਕਿ ਜਦ ਜਸਕੁਲਵਿੰਦਰ ਸਿੰਘ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ ਤਾਂ ਮੈਨੇਜਮੈਂਟ ਨੇ ਇਲਾਜ ਲਈ ਕੋਈ ਫੀਸ ਨਾ ਲੈਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਫੀਸ ਭਰੇ ਬਿਨ੍ਹਾਂ ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਦੀ ਜਾਣਕਾਰੀ ਮਿਲਦੇ ਹੀ ਆਸਪਾਸ ਦੇ ਪਿੰਡਾਂ ਅਤੇ ਮ੍ਰਿਤਕ ਦੇ ਪਿੰਡ ਬਾਜਾਖਾਨਾ ਅਤੇ ਕਿਸਾਨ ਜਥੇਬੰਦੀ ਸਿੱਧੂਪੁਰ ਫਰੀਦਕੋਟ ਦੇ ਆਗੂਆਂ ਸਮੇਤ ਸੈਂਕੜੇ ਲੋਕ ਹਸਪਤਾਲ ਵਿਖੇ ਪੁੱਜ ਗਏ। ਪਹਿਲਾਂ ਤਾਂ ਹਸਪਤਾਲ ਮੈਨੇਜਮੈਂਟ ਲਾਸ਼ ਦੇਣ ਤੋਂ ਇਨਕਾਰ ਕਰਦੀ ਰਹੀ ਪਰੰਤੂ ਹਾਲਾਤ ਵਿਗੜਦੇ ਦੇਖ ਕੇ ਅਵਤਾਰ ਸਿੰਘ ਮੈਡੀਕਲ ਸੁਪਰਡੈਂਟ ਅਤੇ ਸੀਤਲ ਸਿੰਘ ਚੀਫ਼ ਸਕਿਉਰਟੀ ਅਫ਼ਸਰ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਆਏ ਮੋਹਤਰ ਸੱਜਣਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਬਿਨਾਂ ਕੋਈ ਫੀਸ ਲਏ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।