ਬਰਨਾਲਾ ਦੀਆਂ 16 ਹੋਣਹਾਰ ਲੜਕੀਆਂ ਰੋਜ਼ਾਨਾ ਲਗਾਉਂਦੀਆਂ ਨੇ ਸੈਮੀਨਾਰ
ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਪ੍ਰਤੀ ਕਰ ਰਹੀਆਂ ਨੇ ਜਾਗਰੂਕ
ਬਰਨਾਲਾ, (ਜਸਵੀਰ ਸਿੰਘ) ਅਜੋਕੇ ਦੌਰ ‘ਚ ਬੇਸ਼ੱਕ ਸਮਾਜ ਔਰਤਾਂ ਨੂੰ ਬਰਾਬਰ ਦਾ ਦਰਜ਼ਾ (International Women Day) ਦੇਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਹੈ ਪ੍ਰੰਤੂ ਹਕੀਕਤ ਇਹ ਹੈ ਕਿ ਮਰਦਾਂ ਦੁਆਰਾ ਔਰਤਾਂ ਨੂੰ ਬਰਾਬਰ ਦਾ ਦਰਜ਼ਾ ਸਿਰਫ਼ ਦਿਖਾਉਣ ‘ਚ ਨਜ਼ਰ ਆਉਂਦਾ ਹੈ। ਅੱਜ ਵੀ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਪਰ ਇਸ ਸਭ ਦੇ ਉਲਟ ਬਰਨਾਲਾ ਜ਼ਿਲ੍ਹੇ ਅੰਦਰ ਅਗਾਂਹਵਧੂ ਸੋਚ ਰੱਖਣ ਵਾਲੀਆਂ ਲੜਕੀਆਂ ਨੇ ਅਜਿਹੀ ਹੀ ਇੱਕ ਸੁਸਾਇਟੀ ਦਾ ਗਠਨ ਕੀਤਾ ਹੈ ਜੋ ਔਰਤਾਂ ਦੀ ਮੱਦਦ ਕਰਨ ਦੇ ਨਾਲ ਨਾਲ ਮਾੜੇ ਸਿਸਟਮ ਦੇ ਸ਼ਿਕਾਰ ਕਿਸਾਨਾਂ/ ਮਰਦਾਂ ਦੀ ਸਹਾਇਤਾ ਲਈ ਵੀ ਅੱਗੇ ਹੋ ਕੇ ਆਪਣਾ ਸਹਿਯੋਗ ਪਾ ਰਹੀ ਹੈ।
ਅੱਜ ਅੰਤਰਰਾਸ਼ਟਰੀ ਮਹਿਲ ਦਿਵਸ ਦੇ ਮੌਕੇ ‘ਤੇ ਅਜਿਹੀਆਂ ਹੋਣਹਾਰ ਲੜਕੀਆਂ ਨੂੰ ਸਲਾਮ ਹੈ। ਜਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਕਿਸਾਨਾਂ/ ਮਜ਼ਦੂਰਾਂ ਤੇ ਔਰਤਾਂ ਨੂੰ ਉਨ੍ਹਾਂ ਦੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਿੱਚ ‘ਫਾਰਮਰ ਲੀਗਲ ਏਡ ਸੁਸਾਇਟੀ’ ਤੇ ‘ਅਵਾਜ਼- ਏ ਜੱਗ ਜਨਣੀ’ ਸੁਸਾਇਟੀ ਬੇਹੱਦ ਸ਼ਲਾਘਾਯੋਗ ਕਦਮ ਪੁੱਟ ਰਹੀਆਂ ਹਨ ਜੋ ਨਾ ਸਿਰਫ਼ ਬੈਂਕਾਂ ਦੀਆਂ ਧੱਕੇਸ਼ਾਹੀਆਂ ਦੇ ਸ਼ਿਕਾਰ ਕਿਸਾਨ ਤੇ ਆਮ ਲੋਕਾਂ ਨੂੰ ਬੈਂਕਾਂ ਦੁਆਰਾ ਕੀਤੀਆਂ ਜਾਂਦੀਆਂ ਬੇਨਿਯਮੀਆਂ ਤੋਂ ਜਾਣੂੰ ਕਰਵਾ ਰਹੀਆਂ ਹਨ ਸਗੋਂ ਔਰਤਾਂ ਨੂੰ ਵੀ ਉਨ੍ਹਾਂ ਦੇ ਹੱਕਾਂ ਦੀ ਸਮਝ ਕਰਵਾ ਕੇ ਆਪਣੇ ਆਪ ਦੀ ਆਪ ਲੀਡਰ ਬਣਨ ਲਈ ਪ੍ਰੇਰਿਤ ਕਰ ਰਹੀਆਂ ਹਨ ਤੇ ਕਾਨੂੰਨੀ ਪ੍ਰਤੀਕਿਰਿਆ ਰਾਹੀਂ ਆਪਣੇ ਹੱਕ ਲਈ ਲੜਨਾ ਸਿਖਾਉਂਦੀਆਂ ਹਨ।
ਇਸ ਸੁਸਾਇਟੀ ਵਿੱਚ ਜ਼ਿਲ੍ਹੇ ਦੀਆਂ 22 ਤੋਂ ਲੈ ਕੇ 27 ਸਾਲ ਤੱਕ ਦੀ ਉਮਰ ਦੀਆਂ ਅਣਵਿਆਹੀਆਂ 16 ਲੜਕੀਆਂ ਤਨੋ- ਮਨੋ ਆਪਣੀ ਮਰਜ਼ੀ ਨਾਲ ਨਿਰੰਤਰ ਜੁਟੀਆਂ ਹੋਈਆਂ ਹਨ ਜੋ ਰੋਜਾਨਾਂ ਆਸ- ਪਾਸ ਦੇ ਪਿੰਡਾਂ ਅੰਦਰ ਲੋਕਾਂ ਨੂੰ ਇਕੱਠੇ ਕਰਕੇ ਸੈਮੀਨਾਰ ਲਗਾਉਂਦੀਆਂ ਹਨ ਤੇ ਮਾੜੇ ਸਿਸਟਮ ਦੀ ਬਦੌਲਤ ਆਮ ਲੋਕਾਂ/ ਕਿਸਾਨਾਂ ਤੇ ਧੀਆਂ/ ਔਰਤਾਂ ਨੂੰ ਆ ਰਹੀਆਂ ਸਮੱਸਿਆਵਾਂ/ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦੇ ਕਾਨੂੰਨੀ ਹੱਲ ਦਸਦੀਆਂ ਹਨ ਤੇ ਆਪਣੇ ਵੱਲੋਂ ਅਜਿਹੇ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਵੀ ਕਰਦੀਆਂ ਹਨ। ਇਸ ਦੇ ਨਾਲ ਹੀ ਧੀਆਂ ਲਈ ਹਰ ਸਾਲ ਇੱਕ ਮੇਲਾ ਵੀ ਕਰਵਾਉਂਦੀਆਂ ਹਨ ਜਿੱਥੇ ਧੀਆਂ/ ਔਰਤਾਂ ਨੂੰ ਆਪਣੇ ਹੱਕਾਂ ਲਈ ਲੜਨ ਸਿਖਾਉਣ ਤੋਂ ਇਲਾਵਾ ਵੀਆਈਪੀ ਕਲਚਰ ਨੂੰ ਵੀ ਖਤਮ ਕਰਨ ਦਾ ਸੱਦਾ ਦਿੰਦੀਆਂ ਹਨ। ਇਸ ਤੋਂ ਇਲਾਵਾ ਲੋੜਵੰਦ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਸ਼ਨ ਤੇ ਉਨ੍ਹਾਂ ਦੇ ਬੱਚਿਆਂ ਦੀ ਫੀਸ ਆਦਿ ਵੀ ਭਰਦੀਆਂ ਹਨ ਤਾਂ ਜੋ ਆਉਣ ਵਾਲੀ ਪੀੜੀ ਪੜ੍ਹ ਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ ਤੇ ਸਮਾਜ ਸੁਧਾਰ ‘ਚ ਆਪਣਾ ਯੋਗਦਾਨ ਪਾ ਸਕੇ।
ਵਿਦੇਸ਼ ਜਾਣ ਦੀ ਚਾਹ ਛੱਡ ਪੰਜਾਬ ਬਚਾਓ: ਗੁਰਮੀਤ ਕੌਰ
‘ਫਾਰਮਰ ਲੀਗਲ ਏਡ ਸੁਸਾਇਟੀ’ ਤੇ ‘ਅਵਾਜ਼- ਏ ਜੱਗ ਜਨਣੀ’ ਸੁਸਾਇਟੀ’ ਦੀ ਕਨਵੀਨਰ ਗੁਰਮੀਤ ਕੌਰ ਬਰਨਾਲਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਜਿੱਥੇ ਪਿੰਡਾਂ ਨੂੰ ਬਚਾ ਕੇ ਸਮੁੱਚੇ ਪੰਜਾਬ ਨੂੰ ਬਚਾਉਣਾ ਹੈ ਤੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ ਉੱਥੇ ਹੀ ਮਾੜੇ ਸਿਸਟਮ ਦੀ ਬਦੌਲਤ ਤੇ ਜਾਗਰੂਕਤਾ ਦੀ ਘਾਟ ਕਾਰਨ ਬੈਂਕਾਂ ਤੇ ਚਲਾਕ ਲੋਕਾਂ ਨੂੰ ਆਪਣੀ ਹੱਕ ਹਲਾਲ ਦੀ ਕਮਾਈ ਲੁਟਾ ਰਹੇ ਲੋਕਾਂ ਨੂੰ ਉਨ੍ਹਾਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਰੋਕਣਾ ਹੈ। ਇਸ ਤੋਂ ਇਲਾਵਾ ਵਿਦੇਸ਼ ਵੱਲ ਭੱਜ ਰਹੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦੀ ਲਲਕ ਛੱਡ ਕੇ ਪੰਜਾਬ ਨੂੰ ਬਚਾਉਣ ‘ਚ ਅੱਗੇ ਆਉਣ ਹਿੱਤ ਪ੍ਰੇਰਿਤ ਕਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਧੀਆਂ ਦੇ ਮੇਲੇ ਲਗਾ ਕੇ ਪਿੰਡ ਦੀ ਸਭ ਤੋਂ ਵੱਡੀ ਉਮਰ ਦੀ ਧੀ ਤੋਂ ਰਿਬਨ ਕਟਵਾ ਕੇ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦਾ ਸੱਦਾ ਵੀ ਦਿੱਤਾ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।