ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਦੀ ਹੈ ਨਕਲ
Cheat | ਪ੍ਰੀਖਿਆਵਾਂ ਵਿਦਿਆਰਥੀ ਦੇ ਜੀਵਨ ਵਿਚ ਬਹੁਤ ਮਹੱਤਵਪੂਰਨ ਪੜਾਅ ਹੁੰਦੀਆਂ ਹਨ। ਪ੍ਰੀਖਿਆਵਾਂ ਇਸ ਲਈ ਲਈਆਂ ਜਾਂਦੀਆਂ ਹਨ ਤਾਂ ਕਿ ਵਿਦਿਆਰਥੀ ਨੂੰ ਦਿੱਤੇ ਹੋਏ ਗਿਆਨ ਦੀ ਸਹੀ ਪਰਖ ਕੀਤੀ ਜਾ ਸਕੇ ਅਤੇ ਵਿਦਿਆਰਥੀਆਂ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ। ਗਿਆਨ ਪ੍ਰਾਪਤੀ ਤੋਂ ਬਿਨਾਂ ਪ੍ਰੀਖਿਆਵਾਂ ਵਿੱਚ ਪ੍ਰਾਪਤ ਕੀਤੀ ਸਫਲਤਾ ਦਾ ਕੋਈ ਮੁੱਲ ਨਹੀਂ। ਜੋ ਵਿਦਿਆਰਥੀ ਨਕਲ ਦੇ ਸਹਾਰੇ ਪ੍ਰੀਖਿਆਵਾਂ ਪਾਸ ਕਰਦੇ ਹਨ ਉਹ ਜ਼ਿੰਦਗੀ ਵਿੱਚ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ।
ਥੋੜ੍ਹੇ ਸਮੇਂ ਲਈ ਉਨ੍ਹਾਂ ਨੂੰ ਖ਼ੁਸ਼ੀ ਤਾਂ ਮਿਲ ਸਕਦੀ ਹੈ ਪਰ ਅਜਿਹੇ ਵਿਦਿਆਰਥੀ ਆਪਣੇ ਹੱਥੀਂ ਆਪਣੇ ਭਵਿੱਖ ਨੂੰ ਬਰਬਾਦ ਕਰਦੇ ਹਨ ਅਤੇ ਪੜ੍ਹੇ-ਲਿਖੇ ਅਨਪੜ੍ਹਾਂ ਅਤੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵੀ ਵਾਧਾ ਕਰਦੇ ਹਨ। ਅਜਿਹੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਦੀ ਪ੍ਰਾਪਤੀ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਸ ਕਰਨਾ ਇੱਕ ਸੁਪਨੇ ਵਾਂਗ ਹੀ ਰਹਿ ਜਾਂਦਾ ਹੈ। ਇਹੀ ਲੋਕ ਬਾਅਦ ਵਿੱਚ ਚੋਰੀਆਂ -ਚਕਾਰੀਆਂ ਲੁੱਟਾਂ-ਖੋਹਾਂ ਅਤੇ ਨਸ਼ਿਆਂ ਵਿੱਚ ਲੱਗ ਜਾਂਦੇ ਹਨ ਇਨ੍ਹਾਂ ਦਾ ਕੋਈ ਭਵਿੱਖ ਨਹੀਂ ਹੁੰਦਾ ਅਤੇ ਜ਼ਿੰਦਗੀ ਦੀ ਹਰ ਪ੍ਰੀਖਿਆ ਵਿੱਚ ਫੇਲ੍ਹ ਹੋ ਜਾਂਦੇ ਹਨ ।
ਪ੍ਰੀਖਿਆਵਾਂ ਚੱਲ ਰਹੀਆਂ ਹਨ ਤੇ ਮੇਰੀ ਵਿਦਿਆਰਥੀਆਂ ਨੂੰ ਇਹੀ ਬੇਨਤੀ ਹੈ ਕਿ ਉਹ ਪ੍ਰੀਖਿਆਵਾਂ ਵਿੱਚ ਨਕਲ ਦੇ ਕੋਹੜ ਤੋਂ ਦੂਰ ਰਹਿਣ ਕਿਉਂਕਿ ਨਕਲ ਇੱਕ ਮਿੱਠੇ ਜ਼ਹਿਰ ਵਾਂਗ ਹੈ ਜੋ ਪਹਿਲਾਂ ਤਾਂ ਮਿੱਠਾ ਅਤੇ ਚੰਗਾ ਲੱਗਦਾ ਹੈ ਪਰ ਬਾਅਦ ਵਿੱਚ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ।
ਅਧਿਆਪਕ ਪੂਰੀ ਮਿਹਨਤ ਅਤੇ ਲਗਨ ਨਾਲ ਵਿਦਿਆਰਥੀਆਂ ਨੂੰ ਸਾਰਾ ਸਾਲ ਪੜ੍ਹਾਉਂਦੇ ਹਨ ਪਰ ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਸਾਰਾ ਸਾਲ ਅਧਿਆਪਕ ਦੇ ਪੜ੍ਹਾਉਣ ਅਤੇ ਸਮਝਾਉਣ ਦੇ ਬਾਵਜੂਦ ਵੀ ਆਪਣੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਅਤੇ ਜਦੋਂ ਪ੍ਰੀਖਿਆਵਾਂ ਨਜ਼ਦੀਕ ਆਉਂਦੀਆਂ ਹਨ ਤਾਂ ਉਹ ਨਕਲ ਦਾ ਸਹਾਰਾ ਲੈਂਦੇ ਹਨ ਅਤੇ ਬਿਨਾ ਮਿਹਨਤ ਕੀਤਿਆਂ ਪ੍ਰੀਖਿਆਵਾਂ ਨੂੰ ਪਾਸ ਕਰਨਾ ਚਾਹੁੰਦੇ ਹਨ। ਪਰ ਪਿਆਰੇ ਵਿਦਿਆਰਥੀਓ! ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਮਿਹਨਤ ਦਾ ਕੋਈ ਵੀ ਸ਼ਾਰਟਕੱਟ ਨਹੀਂ ਹੁੰਦਾ।
ਪ੍ਰੀਖਿਆਵਾਂ ਜ਼ਿੰਦਗੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਪੜਾਅ ਹੈ ਜਿਨ੍ਹਾਂ ਨੂੰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਤਿਆਰੀ ਕਰਕੇ ਦੇਣਾ ਚਾਹੀਦਾ ਹੈ। ਮਿਹਨਤ ਨਾਲ ਪ੍ਰਾਪਤ ਕੀਤੇ 60 ਪ੍ਰਤੀਸ਼ਤ ਅੰਕ ਨਕਲ ਮਾਰ ਕੇ ਅਤੇ ਗਲਤ ਤਰੀਕੇ ਨਾਲ ਪ੍ਰਾਪਤ ਕੀਤੇ ਗਏ 80 ਪ੍ਰਤੀਸ਼ਤ ਅੰਕਾਂ ਤੋਂ ਕਿਤੇ ਵੱਧ ਕੀਮਤੀ ਅਤੇ ਮਹੱਤਵਪੂਰਨ ਹੁੰਦੇ ਹਨ। ਅਜਿਹੇ ਮਿਹਨਤੀ ਅਤੇ ਇਮਾਨਦਾਰ ਵਿਦਿਆਰਥੀ ਜ਼ਿੰਦਗੀ ਵਿੱਚ ਜ਼ਰੂਰ ਸਫਲ ਹੁੰਦੇ ਹਨ।
ਦੂਜੇ ਪਾਸੇ ਕੁਝ ਵਿਦਿਆਰਥੀ ਜਿਹੜੇ ਗਲਤ ਤਰੀਕੇ ਨਾਲ ਪ੍ਰੀਖਿਆਵਾਂ ਵਿੱਚ ਵੱਧ ਅੰਕ ਲੈ ਕੇ ਅਤੇ ਪੈਸੇ ਦੇ ਜ਼ੋਰ ‘ਤੇ ਅੱਗੇ ਜਾ ਕੇ ਡਾਕਟਰ, ਇੰਜੀਨੀਅਰ ਜਾਂ ਵਕੀਲ ਬਣ ਵੀ ਜਾਂਦੇ ਹਨ ਤਾਂ ਅਸੀਂ ਆਪ ਹੀ ਸੋਚ ਸਕਦੇ ਹਾਂ ਕਿ ਅਜਿਹੇ ਲੋਕ ਦੇਸ਼ ਅਤੇ ਸਮਾਜ ਲਈ ਕਿੱਡਾ ਵੱਡਾ ਖਤਰਾ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਲਈ ਕਸੂਰਵਾਰ ਕੌਣ ਹੈ। ਹਰ ਵਿਦਿਆਰਥੀ ਉੱਪਰ ਉਸਦੇ ਪਰਿਵਾਰ ਸਮਾਜ ਜਾਂ ਰਿਸ਼ਤੇਦਾਰਾਂ ਦਾ ਬਹੁਤ ਦਬਾਅ ਹੁੰਦਾ ਹੈ। ਹਰ ਮਾਂ-ਬਾਪ ਇਹ ਚਾਹੁੰਦਾ ਹੈ ਕਿ ਉਸ ਦਾ ਬੱਚਾ ਪ੍ਰੀਖਿਆਵਾਂ ਵਿੱਚੋਂ ਚੰਗੇ ਅੰਕ ਲੈ ਕੇ ਜ਼ਿੰਦਗੀ ਵਿੱਚ ਚੰਗੇ ਮੁਕਾਮ ‘ਤੇ ਪਹੁੰਚੇ। ਮਾਤਾ-ਪਿਤਾ ਦਾ ਦਬਾਅ ਵੀ ਬੱਚੇ ਨੂੰ ਨਕਲ ਦੀ ਦਲਦਲ ਵਿੱਚ ਧੱਕਦਾ ਹੈ। ਵਿਦਿਆਰਥੀ ਵੀ ਆਪਣੀ ਤੁਲਨਾ ਦੂਜੇ ਵਿਦਿਆਰਥੀਆਂ ਨਾਲ ਕਰਦੇ ਹਨ ਅਤੇ ਉਨ੍ਹਾਂ ਤੋਂ ਵੱਧ ਅੰਕ ਪ੍ਰਾਪਤ ਕਰਨ ਦੀ ਹੋੜ ਉਨ੍ਹਾਂ ਵਿੱਚ ਲੱਗੀ ਰਹਿੰਦੀ ਹੈ। ਇੱਥੇ ਮਾਤਾ-ਪਿਤਾ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਦੀ ਤੁਲਨਾ ਕਦੀ ਵੀ ਦੂਸਰੇ ਬੱਚੇ ਨਾਲ ਨਾ ਕਰਨ ਅਤੇ ਨਾ ਹੀ ਉਸ ਉੱਪਰ ਵੱਧ ਅੰਕ ਪ੍ਰਾਪਤ ਕਰਨ ਲਈ ਦਬਾਅ ਪਾਉਣ।
ਸਾਨੂੰ ਸਭ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪਰਮਾਤਮਾ ਨੇ ਹਰ ਬੱਚੇ ਨੂੰ ਅਲੱਗ ਅਤੇ ਖਾਸ ਬਣਾਇਆ ਹੈ। ਹਰ ਬੱਚੇ ਦੀ ਆਪਣੀ ਸਮਰੱਥਾ ਅਤੇ ਕਾਬਲੀਅਤ ਹੈ। ਹਰ ਵਿਦਿਆਰਥੀ ਤੋਂ ਪ੍ਰੀਖਿਆਵਾਂ ਵਿੱਚ ਵੱਧ ਅੰਕ ਪ੍ਰਾਪਤ ਕਰਨ ਦੀ ਆਸ ਰੱਖਣਾ ਸਹੀ ਨਹੀਂ ਹੈ । ਹਰ ਵਿਦਿਆਰਥੀ ਡਾਕਟਰ, ਇੰਜੀਨੀਅਰ ਜਾਂ ਵਕੀਲ ਨਹੀਂ ਬਣ ਸਕਦਾ।
ਆਪਣੀ ਸਮਰੱਥਾ ਅਤੇ ਰੁਚੀ ਅਨੁਸਾਰ ਜੇਕਰ ਜ਼ਿੰਦਗੀ ਵਿੱਚ ਉਦੇਸ਼ ਨਿਰਧਾਰਿਤ ਕੀਤੇ ਜਾਣ ਜਾਂ ਸੁਪਨੇ ਵੇਖੇ ਜਾਣ ਤਾਂ ਵਿਅਕਤੀ ਜੀਵਨ ਵਿੱਚ ਜ਼ਰੂਰ ਸਫਲ ਹੁੰਦਾ ਹੈ। ਸਚਿਨ ਤੇਂਦੁਲਕਰ ਨੂੰ ਜੇਕਰ ਉਸ ਦੇ ਪਰਿਵਾਰ ਵਾਲੇ ਉਸ ਦੀ ਸਮਰੱਥਾ ਅਤੇ ਰੁਚੀ ਦੇ ਉਲਟ ਡਾਕਟਰ ਬਣਾਉਂਦੇ ਤਾਂ ਸ਼ਾਇਦ ਅੱਜ ਦੁਨੀਆਂ ਵਿੱਚ ਸਚਿਨ ਤੇਂਦੁਲਕਰ ਦਾ ਇੰਨਾ ਨਾਂਅ ਨਾ ਹੁੰਦਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰ ਵਿਦਿਆਰਥੀ ਮਿਹਨਤ ਅਤੇ ਲਗਨ ਨਾਲ ਆਪਣੀ ਕਾਬਲੀਅਤ ਅਤੇ ਸਮਰੱਥਾ ਨੂੰ ਵਧਾ ਸਕਦਾ ਹੈ।
ਪਰ ਗ਼ਲਤ ਢੰਗ-ਤਰੀਕੇ ਵਰਤ ਕੇ ਪ੍ਰੀਖਿਆਵਾਂ ਪਾਸ ਕਰਕੇ ਕਦੀ ਵੀ ਜ਼ਿੰਦਗੀ ਵਿੱਚ ਸਫ਼ਲ ਨਹੀਂ ਹੋ ਸਕਦਾ। ਜੇਕਰ ਵਿਦਿਆਰਥੀ ਸਾਲ ਦੇ ਸ਼ੁਰੂ ਵਿੱਚ ਹੀ ਮਿਹਨਤ ਅਤੇ ਲਗਨ ਦੇ ਨਾਲ ਪੜ੍ਹਾਈ ਕਰਨ ਅਤੇ ਆਪਣੇ ਮਾਤਾ-ਪਿਤਾ ਸਮਾਨ ਅਧਿਆਪਕਾਂ ਦੀ ਰਹਿਨੁਮਾਈ ਅਤੇ ਸਲਾਹ ਅਨੁਸਾਰ ਅਤੇ ਆਪਣੀ ਸਮਰੱਥਾ , ਯੋਗਤਾ ਅਤੇ ਰੁਚੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਭਵਿੱਖ ਸਬੰਧੀ ਫੈਸਲੇ ਲੈਣ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਜੀਵਨ ਵਿੱਚ ਸਫ਼ਲਤਾ ਤੇ ਖ਼ੁਸ਼ਹਾਲੀ ਜ਼ਰੂਰ ਆਵੇਗੀ ਅਤੇ ਇਹ ਸਫ਼ਲਤਾ ਉਨ੍ਹਾਂ ਨੂੰ ਸੱਚੀ ਖੁਸ਼ੀ ਦੇਵੇਗੀ
ਕਸ਼ਮੀਰ ਸਿੰਘ (ਸਟੇਟ ਐਵਾਰਡੀ),
ਹਿੰਦੀ ਮਾਸਟਰ, ਸ.ਸ.ਸ.ਸ. ਗੁਮਾਨਪੁਰਾ, ਅੰਮ੍ਰਿਤਸਰ
ਮੋ. 95016-44880
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।