ਕਰਾਫ਼ਟ ਮੇਲੇ ‘ਚ ਪੰਜਾਬੀਆਂ ਨੇ ਰੱਜ ਕੇ ਕੀਤੀ ਖਰੀਦਦਾਰੀ, 3 ਕਰੋੜ ਤੋਂ ਵੱਧ ਦੀ ਵਿਕਰੀ ਦਰਜ਼

3 ਲੱਖ ਲੋਕਾਂ ਵੱਲੋਂ 13 ਦਿਨਾਂ ‘ਚ ਮੇਲੇ ‘ਚ ਕੀਤੀ ਗਈ ਸ਼ਿਰਕਤ

ਕਸ਼ਮੀਰ ਅਤੇ ਅਫਗਾਨਿਸਤਾਨ ਦੇ ਡਰਾਈਫਰੂਟਾਂ ਨੇ ਮੋਹੇ ਪੰਜਾਬੀ

ਯੂ.ਪੀ. ਅਤੇ ਬਨਾਰਸੀ ਕੱਪੜਿਆਂ ਦੀ ਹੋਈ ਲੱਖਾਂ ‘ਚ ਵਿਕਰੀ

ਪਟਿਆਲਾ,(ਖੁਸ਼ਵੀਰ ਸਿੰਘ ਤੂਰ)। ਵਿਰਾਸਤੀ ਸ਼ੀਸ ਮਹਿਲ ਵਿਖੇ ਲੱਗੇ ਕਰਾਫ਼ਟ ਮੇਲੇ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਰੱਜ ਕੇ ਖਰੀਦਦਾਰੀ ਕੀਤੀ ਗਈ। ਇਸ ਮੇਲੇ ਵਿੱਚ ਵੱਖ-ਵੱਖ ਸਟਾਲਾਂ ‘ਤੇ 3 ਕਰੋੜ 15 ਲੱਖ ਰੁਪਏ ਤੋਂ ਵੱਧ ਵਿੱਕਰੀ ਦਰਜ਼ ਕੀਤੀ ਗਈ ਹੈ। ਇੱਥੇ ਲੋਕਾਂ ਨੂੰ ਵੱਖ-ਵੱਖ ਰਾਜਾਂ ਦੀਆਂ ਦਸਤਕਾਰੀਆਂ ਅਤੇ ਹੱਥ ਨਾਲ ਬਣੀਆਂ ਚੀਜਾਂ ਨੇ ਪੂਰੀ ਤਰ੍ਹਾ ਬੰਨੀ ਰੱਖਿਆ । ਮੇਲੇ ਵਿੱਚ ਪੁੱਜੇ ਲੋਕਾਂ ਨੂੰ ਕਸ਼ਮੀਰ ਅਤੇ ਅਫਗਾਨਿਸਤਾਨ ਦੇ ਡਾਈ ਫਰੂਟਾਂ , ਕਾਹਵਾਂ ਤੇ ਦਾਲਾਂ ਨੇ ਖਿੱਚੀ ਰੱਖਿਆ, ਉੱਥੇ ਹੀ ਰਾਜਸਥਾਨ ਦੇ ਖਾਣੇ ਮੇਲੀਆਂ ਨੂੰ ਉਂਗਲਾਂ ਚੱਟਣ ਲਈ ਮਜ਼ਬੂਰ ਕਰ ਰਹੇ ਹਨ।

ਇਸ ਤੋਂ ਇਲਾਵਾ ਵੀ  ਯੂ.ਪੀ. ਅਤੇ ਬਨਾਰਸ ਦੇ ਕੱਪੜਿਆਂ ਦੀਆਂ ਸਟਾਲਾਂ ਅਤੇ ਲੱਕੜ ਦੀਆਂ ਬਣੀਆਂ ਹੋਈਆਂ ਵਸਤੂਆਂ ਦੀਆਂ ਸਟਾਲਾਂ ‘ਤੇ ਵੀ ਔਰਤਾਂ ਦੀ ਭਾਰੀ ਭੀੜ ਜਮਾਂ ਰਹੀ। ਇਸ ਮੇਲੇ ਵਿੱਚ ਘਾਨਾ, ਸੁਡਾਨ, ਵੀਅਤਨਾਮ, ਅਫ਼ਗਾਨਿਸਤਾਨ, ਥਾਈਲੈਂਡ ਆਦਿ ਦੇਸ਼ਾਂ ਤੋਂ ਇਲਾਵਾ ਭਾਰਤ ਦੇ ਲਗਭਗ ਸਾਰੇ ਹੀ ਰਾਜਾਂ ਤੋਂ ਵੱਖ ਵੱਖ ਕਾਰੀਗਰ ਪੁੱਜੇ ਹੋਏ ਸਨ।

ਅੱਜ ਜਦੋਂ ਕਰਾਫਟ ਮੇਲੇ ਦੇ ਅੰਤਿਮ ਦਿਨ ਸ਼ੀਸ਼ ਮਹਿਲ ਦਾ ਦੌਰਾ ਕੀਤਾ ਗਿਆ ਤਾਂ ਭੀੜ ਨੇ ਸਾਰੇ ਰਿਕਾਰਡ ਤੋੜੇ ਹੋਏ ਹਨ। ਪ੍ਰਸਾਸਨਿਕ ਅਧਿਕਾਰੀਆਂ ਮੁਤਾਬਿਕ ਮੇਲੇ ਦੇ 13ਵੇਂ ਦਿਨ ਤੱਕ ਇੱਥੇ 3 ਲੱਖ ਦੇ ਕਰੀਬ ਦਰਸ਼ਕਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਕਰਾਫ਼ਟ ਮੇਲੇ ਵਿੱਚ 230 ਦੇ ਕਰੀਬ ਵੱਖ-ਵੱਖ ਰਾਜਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ।

ਹਰ ਸਟਾਲ ‘ਤੇ ਆਮ ਲੋਕਾਂ ਦੀ ਭਾਰੀ ਭੀੜ ਜੁੜੀ ਹੋਈ ਸੀ ਅਤੇ ਲੋਕਾਂ ਵੱਲੋਂ ਵੱਖ ਵੱਖ ਰਾਜਾਂ ਦੀਆਂ ਆਈਟਮਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ ਦੀ ਹੋੜ ਲੱਗੀ ਹੋਈ ਸੀ। ਦੇਸ਼ ਵਿਦੇਸ਼ਾਂ ਤੋਂ ਪੁੱਜੇ ਸ਼ਿਲਪਕਾਰਾਂ ਤੇ ਦਸਤਕਾਰਾਂ ਵੱਲੋਂ ਲਗਾਈਆਂ ਵੱਖ-ਵੱਖ ਸਟਾਲਾਂ ‘ਤੇ 3 ਕਰੋੜ 15 ਲੱਖ ਰੁਪਏ ਦੇ ਕਰੀਬ ਵਿਕਰੀ ਦਰਜ ਕੀਤੀ ਗਈ ਹੈ।

ਯੂ.ਪੀ. ਦੇ ਨੌਸ਼ਾਦ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੇਚੀਆਂ ਗਈਆਂ ਬੈਡ ਸ਼ੀਟਾਂ ਤੋਂ 10 ਲੱਖ 80 ਹਜ਼ਾਰ ਰੁਪਏ ਦੀ ਸੇਲ ਹੋਈ ਹੈ ਜਦਕਿ ਬਨਾਰਸ ਦੇ ਰੀਅਲ ਸਿਲਕ ਹੈਂਡਲੂਮ ਦੀ ਸਟਾਲ ਤੋਂ 10 ਲੱਖ 16 ਹਜ਼ਾਰ ਰੁਪਏ ਦੀ ਵਿਕਰੀ ਹੋਈ ਦੱਸੀ ਗਈ ਹੈ। ਕਸ਼ਮੀਰ ਤੋਂ ਡਰਾਈ ਫਰੂਟ ਤੇ ਦਾਲਾਂ ਆਦਿ ਦੀ ਸਟਾਲ ਲਾਉਣ ਵਾਲੇ ਫਰਹਾਨ ਅਹਿਮਦ ਤੇ ਮੁਮਤਾਜ ਬਾਨੋ ਵੱਲੋਂ 7 ਲੱਖ 86 ਹਜ਼ਾਰ ਰੁਪਏ ਦੀ ਵਿਕਰੀ ਦਰਜ ਕੀਤੀ ਗਈ ਹੈ।

ਇਸ ਦੇ ਨਾਲ ਹੀ ਅਫਗਾਨਿਸਤਾਨ ਦੇ ਡਰਾਈਫਰੂਟ ਵੀ ਲੱਖਾਂ ਦੇ ਵਿਕੇ ਹਨ। ਚੰਡੀਗੜ੍ਹ ਤੋਂ ਆਏ ਸਨੀ ਨੇ ਦੱਸਿਆ ਕਿ ਟੈਰਾਗੋਟਾ ਪੋਟ ਦੀ ਵੱਡੀ ਵਿਕਰੀ ਹੋਈ ਹੈ। ਉਸ ਦੀ ਸਟਾਲ ‘ਤੇ ਘਾਹ ਫੂਸ ਦੇ ਬਣੇ ਆਲ੍ਹਣੇ ਵੀ ਆਮ ਲੋਕਾਂ ਵੱਲੋਂ ਖਰੀਦੇ ਗਏ ਜੋ ਕਿ ਪੰਛੀਆਂ ਦੀ ਰੱਖਿਆ ਦਾ ਸੰਦੇਸ਼ ਦੇ ਰਹੇ ਸਨ।

ਮੇਲੇ ਵਿੱਚ ਭਾਂਤ ਭਾਂਤ ਦੇ ਬਣੇ ਰਾਜਸਥਾਨੀ ਖਾਣਿਆਂ ਦੀਆਂ ਸਟਾਲਾਂ ‘ਤੇ ਆਮ ਲੋਕਾਂ ਦੀ ਭੀੜ ਜਮਾਂ ਸੀ ਅਤੇ ਇੱਥੇ ਵੀ ਲੱਖਾਂ ਦੀ ਵਿੱਕਰੀ ਦਰਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਲੱਕੜ ਦੀਆਂ ਬਣੀਆਂ ਵਸਤਾਂ, ਗਲੀਚਿਆਂ, ਸਜਾਵਟੀ ਫੁੱਲਾਂ, ਘਰਾਂ ਨੂੰ ਸਜਾਉਣ ਵਾਲੀਆਂ ਸਟਾਲਾਂ ‘ਤੇ ਲੋਕਾਂ ਵੱਲੋਂ ਰੱਜ ਕੇ ਖਰੀਦਦਾਰੀ ਕੀਤੀ ਗਈ।

ਮੇਲੇ ਦੀ ਨੋਡਲ ਅਫ਼ਸਰ ਅਤੇ ਏਡੀਸੀ ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਸਭ ਤੋਂ ਵੱਧ ਆਮ ਲੋਕਾਂ ‘ਚ ਖਰੀਦਦਾਰੀ ਲਈ ਕ੍ਰੇਜ ਦੇਖਿਆ ਗਿਆ, ਜਿਸ ਦੇ ਨਤੀਜ਼ੇ ਵਜੋਂ ਹੀ 3 ਕਰੋੜ ਤੋਂ ਵੱਧ ਦੀ ਵਿਕਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਵਿਸ਼ੇਸ ਪ੍ਰਬੰਧ ਕੀਤੇ ਹੋਏ ਸਨ ਅਤੇ ਵਲੰਟੀਅਰਾਂ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ।

ਸੈਲਫੀ ਵਾਲਿਆਂ ਨੇ ਲਿਆਂਦੀਆਂ ਹਨੇਰੀਆਂ

ਮੇਲੇ ਵਿੱਚ ਸੈਲਫੀ ਪੁਆਇਟਾਂ ਸਮੇਤ ਵੱਖਰੀਆਂ ਵਸਤਾਂ ਨਾਲ ਸੈਫਲੀਆਂ ਅਤੇ ਫੋਟੋਆਂ ਖਿਚਵਾਉਣ ਲਈ ਲੋਕਾਂ ‘ਚ ਸਭ ਤੋਂ ਵੱਧ ਖਿੱਚ ਰਹੀ। ਹਰ ਕੋਈ ਆਪਣੇ ਆਪ ਨੂੰ ਆਪਣੇ ਮੁਬਾਇਲ ਦੇ ਕੈਮਰੇ ਵਿੱਚ ਬੰਦ ਕਰਨ ਲਈ ਸ਼ੁਦਾਈ ਹੋਇਆ ਪਿਆ ਸੀ। ਮੇਲੇ ਵਿੱਚ ਦੇਖਿਆ ਗਿਆ ਕਿ ਲੋਕ ਗਾਇਕਾਂ ਵੱਲੋਂ ਆਪਣੇ ਅਖਾੜੇ ਲਾਕੇ ਚੰਗਾ ਰੰਗ ਬੰਨਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।