ਸੜਕਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਨਤੀਜੇ ਭੁਗਤਣੇ ਪੈਣਗੇ : ਸਿੰਗਲਾ
ਸਾਡੀ ਭੇਜੀ ਪ੍ਰਪੋਜ਼ਲ ਹੀ ਕੇਂਦਰ ਸਰਕਾਰ ਨੇ ਕੀਤੀ ਮਨਜ਼ੂਰ : ਭਗਵੰਤ ਮਾਨ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਦਿਨੀਂ ਭਗਵੰਤ ਮਾਨ ਵੱਲੋਂ ਲੋਕ ਸਭਾ ਹਲਕਾ (Pradhan mantri gram sadak yojana) ਸੰਗਰੂਰ ਦੀਆਂ ਲਿੰਕ ਸੜਕਾਂ ਨੂੰ ਅਪਗਰੇਡ ਕਰਨ ਦੇ ਦਿੱਤੇ ਬਿਆਨਾਂ ਦੀਆਂ ਧੱਜੀਆਂ ਉਡਾਉਂਦਿਆਂ ਪੰਜਾਬ ਦੀਆਂ ਸੜਕਾਂ ਨਾਲ ਸਬੰਧਿਤ ਮਹਿਕਮੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਬਿਆਨਬਾਜ਼ੀ ਸੌੜੇ ਰਾਜਸੀ ਹਿੱਤਾਂ ਕਾਰਨ ਹੈ ਜਦੋਂ ਕਿ ਅਸਲ ਵਿੱਚ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਸੜਕਾਂ ਨੂੰ ਅਪਗਰੇਡ ਕਰਨ ਦੀ ਰਿਪੋਰਟ ਹਾਲੇ ਭੇਜੀ ਜਾਣੀ ਹੈ ਉੱਧਰ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਭੇਜੀ ਪ੍ਰਪੋਜ਼ਲ ‘ਤੇ ਹੀ ਕੇਂਦਰ ਸਰਕਾਰ ਨੇ ਕਾਰਵਾਈ ਕੀਤੀ ਹੈ
ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਸਾਰੀਆਂ ਸੜਕਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਫੇਜ਼ 3 ਮਨਜੂਰ ਕੀਤੀਆਂ ਜਾਣੀਆਂ ਹਨ ਅਤੇ ਪਹਿਲੇ ਪੜਾਅ ਅਧੀਨ ਪੂਰੇ ਪੰਜਾਬ ਦੀਆਂ 1,000 ਕਿਲੋਮੀਟਰ ਸੜਕਾਂ ਦਾ ਪ੍ਰੋਜੈਕਟ ਮਾਰਚ ਮਹੀਨੇ ਵਿਚ ਕੇਂਦਰ ਸਰਕਾਰ ਨੂੰ ਮਨਜੂਰੀ ਲਈ ਭੇਜਿਆ ਜਾਣਾ ਹੈ। ਸਿੰਗਲਾ ਨੇ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਲਈ ਕੁਝ ਲੀਡਰ ਖੁਦ ਸੜਕਾਂ ਮਨਜੂਰ ਕਰਵਾਉਣ ਦਾ ਝੂਠਾ ਦਾਅਵਾ ਠੋਕ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਸੜਕਾਂ ਦੀ ਚੋਣ ਕਰਕੇ ਪ੍ਰੋਜੈਕਟ ਕੇਂਦਰ ਸਰਕਾਰ ਨੂੰ ਭੇਜਿਆ ਜਾਂਦਾ ਹੈ ਜਿਸ ਤੋਂ ਬਾਅਦ ਕੇਂਦਰ ਵੱਲੋਂ ਇਨ੍ਹਾਂ ਕੰਮਾਂ ਲਈ ਵਿੱਤੀ ਪ੍ਰਵਾਨਗੀ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੜਕਾਂ ਦੀ ਚੋਣ ਦਾ ਕੰਮ ਆਖਰੀ ਪੜਾਅ ‘ਤੇ ਹੈ ਅਤੇ ਲੋੜੀਂਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਗਲੇ ਮਹੀਨੇ ਵਿੱਤੀ ਮਨਜੂਰੀ ਲਈ 1,000 ਕਿਲੋਮੀਟਰ ਸੜਕਾਂ ਦਾ ਇਹ ਪ੍ਰੋਜੈਕਟ ਕੇਂਦਰ ਸਰਕਾਰ ਨੂੰ ਭੇਜੇ ਜਾਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਹਾਲੇ ਤੱਕ ਇਸ ਯੋਜਨਾ ਦੇ ਤੀਸਰੇ ਫੇਜ਼ ਲਈ ਕੋਈ ਵੀ ਸੜਕ ਕੇਂਦਰ ਜਾਂ ਪੰਜਾਬ ਸਰਕਾਰ ਵੱਲੋਂ ਮਨਜੂਰ ਨਹੀਂ ਕੀਤੀ ਗਈ ਪਰ ਕੁਝ ਲੀਡਰਾਂ ਤੇ ਉਨ੍ਹਾਂ ਦੇ ਵਰਕਰਾਂ ਵੱਲੋਂ ਬਿਨਾਂ ਕੋਈ ਕੰਮ ਕੀਤਿਆਂ ਹੀ ਆਪਣੀ ਹਿੱਕ ਥਾਪੜਨ ਦਾ ਸਿਲਸਿਲਾ ਸ਼ੁਰੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭੋਲੇ ਭਾਲੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਵਾਲੇ ਲੀਡਰਾਂ ਨੂੰ ਆਪਣੇ ‘ਗਲਤ’ ਕੰਮਾਂ ਦੇ ਨਤੀਜੇ ਜ਼ਰੂਰ ਭੁਗਤਣੇ ਪੈਣਗੇ।
ਮੇਰੇ ਵੱਲੋਂ ਭੇਜੀ ਪ੍ਰਪੋਜ਼ਲ ‘ਤੇ ਹੀ ਕਾਰਵਾਈ ਹੋਈ : ਭਗਵੰਤ ਮਾਨ
ਇਸ ਸਬੰਧੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੀ ਗੱਲ ਫਿਰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਦੀਆਂ ਲਿੰਕ ਸੜਕਾਂ 18 ਫੁੱਟ ਚੌੜੀਆਂ ਕਰਨ ਦੀ ਪ੍ਰਪੋਜ਼ਲ ਕੇਂਦਰ ਸਰਕਾਰ ਨੂੰ ਭੇਜੀ ਸੀ ਉਨ੍ਹਾਂ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਸਾਡੀ ਇਸ ਪ੍ਰਪੋਜ਼ਲ ਨੂੰ ਮਨਜ਼ੂਰ ਕਰ ਲਿਆ ਹੈ ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ 239 ਕਿਲੋਮੀਟਰ ਸੜਕਾਂ ਜਿਹੜੀਆਂ ਲਿੰਕ ਸੜਕਾਂ ਮੌਜ਼ੂਦ ਹਨ, ਉਨ੍ਹਾਂ ਨੂੰ ਚੌੜੀਆਂ ਕਰਕੇ ਮੁੱਖ ਮਾਰਗਾਂ ਨਾਲ ਜੋੜਿਆ ਜਾਵੇਗਾ ਜਿਸ ਰਾਹੀਂ ਲੋਕਾਂ ਦੇ ਸਮੇਂ ਦੀ ਭਾਰੀ ਬੱਚਤ ਹੋਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।