ਪੰਜਾਬੀ ਭਾਸ਼ਾ ਸਬੰਧੀ ਵਿਧਾਨ ਸਭਾ ‘ਚ ਹੋਈ ਬਹਿਸ
ਚੰਡੀਗੜ, ਸੱਚ ਕਹੂੰ ਨਿਊਜ਼ ਪੰਜਾਬ ਵਿਧਾਨ ਸਭਾ ‘ਚ ਅੱਜ ਬਜਟ ‘ਤੇ ਬਹਿਸ ਹੋਈ ਇਸ ਦੌਰਾਨ ਪੰਜਾਬੀ ਭਾਸ਼ਾ ਨੂੰ ਯੋਗ ਸਥਾਨ ਦੇਣ ਤੇ ਪ੍ਰਫੁਲਤ ਕਰਨ ਲਈ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਇਹ ਮਤਾ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਸੀ ਉਹਨਾਂ ਵੱਲੋਂ ਪੇਸ਼ ਕੀਤੇ ਗਏ ਮਤੇ ‘ਚ ਉਹਨਾਂ ਕਿਹਾ ਕਿ ਇਹ ਸਦਨ ਪੰਜਾਬ ਦੀ ਮਾਤ-ਭਾਸ਼ਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਰਾਜ ਸਰਕਾਰ ਵੱਲੋਂ ਚੁੱਕੇ ਹਰ ਸਾਰਥਕ ਕਦਮ ਦਾ ਸਵਾਗਤ ਕਰਦਾ ਹੈ ਅਤੇ ਲੋਕ ਮਹੱਤਤਾ ਦੀ ਹਰ ਜਗ੍ਹਾ ਤੇ ਜਾਣਕਾਰੀ ਲਈ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦੇਣ ਲਈ ਜਾਰੀ ਕੀਤੀ ਅਧਿਸੂਚਨਾ ਲਈ ਰਾਜ ਸਰਕਾਰ ਦੀ ਸ਼ਲਾਘਾ ਕਰਦਾ ਹੈ।
ਇਹ ਸਦਨ ਇਹ ਵੀ ਸਿਫ਼ਾਰਸ਼ ਕਰਦਾ ਹੈ ਕਿ ਰਾਜ ਸਰਕਾਰ ਕਿਸੇ ਵੀ ਵਿਅਕਤੀ ਜਾਂ ਅਦਾਰੇ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਵਿਰੁੱਧ ਕੀਤੇ ਜਾਣ ਵਾਲੇ ਕਿਸੇ ਤਰ੍ਹਾਂ ਦੇ ਕੰਮਾਂ ਜਾਂ ਕਦਮਾਂ ਨੂੰ ਰੋਕਣ ਲਈ ਲੋੜੀਂਦੇ ਕਾਨੂੰਨ ਸਮੇਤ ਯੋਗ ਪ੍ਰਬੰਧ ਕਰੇ। ਇਹ ਸਦਨ ਇਹ ਵੀ ਸਿਫ਼ਾਰਸ਼ ਕਰਦਾ ਹੈ ਕਿ ਰਾਜ ਸਰਕਾਰ ਰਾਜ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਦਸਵੀਂ ਜਮਾਤ ਤੱਕ ਜਰੂਰੀ ਵਿਸ਼ੇ ਵਜੋਂ ਪੜ੍ਹਾਉਣ ਲਈ ਜਰੂਰੀ ਕਦਮ ਚੁੱਕੇ”।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।