ਮੁਲਾਜ਼ਮਾਂ ਨੂੰ ਬਜਟ ਵਾਲੇ ਦਿਨ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਸੱਦਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਅਕਾਲੀ ਦਲ ਤੋਂ ਅਸਤੀਫ਼ਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਚੇਅਰਮੈਂਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੂੰ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਵੱਲੋਂ ਮਨਾ ਲਿਆ ਗਿਆ ਹੈ ਅਤੇ ਰੱਖੜਾ ਦੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਗਏ ਹਨ। ਇਸ ਮੌਕੇ ਰਣਧੀਰ ਰੱਖੜਾ ਦੇ ਘਰ ਪੁੱਜੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਸਰਕਾਰ ਅਤੇ ਪਾਰਟੀ ਵੱਲੋਂ ਲਏ ਹਰ ਫੈਸਲੇ ਵਿਚ ਸ਼ਾਮਲ ਸਨ ਤੇ ਉਹਨਾਂ ਵੱਲੋਂ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢਣਾ ਮੰਦਭਾਗਾ ਹੈ।
ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਸੰਗਰੂਰ ਵਿਖੇ ਇਕੱਠ ਦੇ ਦਾਅਵੇ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਇਹ ਇਕ ਪਾਰਟੀ ਦਾ ਨਹੀਂ ਬਲਕਿ ਕਈ ਪਾਰਟੀਆਂ ਦਾ ਇਕੱਠ ਸੀ ਜਿਸਦੀ ਹਮਾਇਤ ਕਾਂਗਰਸ ਪਾਰਟੀ ਕਰ ਰਹੀ ਸੀ। ਉਹਨਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਪਿਛਲੇ 40 ਸਾਲਾਂ ਤੋਂ ਸੰਗਰੂਰ ‘ਚ ਅਕਾਲੀ ਦਲ ਦੀ ਕਮਾਂਡ ਸੰਭਾਲੀ ਹੋਈ ਸੀ। ਉਹਨਾਂ ਕਿਹਾ ਕਿ ਉਹ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵਧਾਈ ਦੇਣਾ ਚਾਹੁੰਦੇ ਹਨ ਜਿਹਨਾਂ ਨੇ ਰੈਲੀ ਲਈ ਵਧੀਆ ਪ੍ਰਬੰਧ ਕੀਤੇ।
ਇੱਕ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਮੁਲਾਜ਼ਮਾਂ ਤੇ ਕਾਂਗਰਸ ਸਰਕਾਰ ਤੋਂ ਪੀੜਤ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 28 ਫਰਵਰੀ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਜਿਸ ਦਿਨ ਵਿੱਤ ਮੰਤਰੀ ਬਜਟ ਪੇਸ਼ ਕਰਨਗੇ। ਉਹਨਾਂ ਕਿਹਾ ਕਿ ਜੋ ਲੋਕ ਸਰਕਾਰ ਤੋਂ ਪੀੜਤ ਹਨ
ਉਹਨਾਂ ਨੂੰ ਵਿਧਾਨ ਸਭਾ ਦਾ ਘਿਰਾਓ ਕਰਨਾ ਚਾਹੀਦਾ ਹੈ ਤਾਂ ਕਿ ਏਅਰਕੰਡੀਸ਼ਨਰਾਂ ਵਿਚ ਅੰਦਰ ਬੈਠੇ ਲੋਕਾਂ ਨੂੰ ਉਹਨਾਂ ਦੀ ਪੀੜ ਤੇ ਹਾਲਤ ਦਾ ਪਤਾ ਲੱਗ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜੀ, ਅਜੈ ਥਾਪਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਸਰਬਜੀਤ ਸਿੰਘ ਝਿੰਜਰ, ਜਸਪਾਲ ਸਿੰਘ ਬਿੱਟੂ ਚੱਠਾ, ਸੁਖਵਿੰਦਰਪਾਲ ਸਿੰਘ ਮਿੰਟਾ, ਨਿਰਮਲ ਸਿੰਘ ਰੀਹਲ, ਜੋਗਿੰਦਰ ਸਿੰਘ ਲਵਲੀ ਬਵੇਜਾ, ਅਮਨ ਬਵੇਜਾ ਤੇ ਹੋਰ ਆਗੂ ਮੌਜੂਦ ਸਨ।
ਆਦਰਸ਼ ਦੀ ਥਾਂ ਵਿਹਲਾ ਮੁੱਖ ਮੰਤਰੀ ਰੱਖ ਲੈਣਾ ਚਾਹੀਦਾ
ਇੱਕ ਪ੍ਰਾਈਵੇਟ ਸੰਸਥਾ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਐਵਾਰਡ ਦਾ ਮਖੌਲ ਉਡਾਉਂਦਿਆਂ ਅਕਾਲੀ ਨੇਤਾ ਨੇ ਕਿਹਾ ਕਿ ਇਸਦਾ ਨਾਂਅ ਆਦਰਸ਼ ਸੀ ਐਮ ਦੀ ਥਾਂ ਵਿਹਲਾ ਮੁੱਖ ਮੰਤਰੀ ਰੱਖ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਲੋਕਾਂ ‘ਚ ਵਿਚਰਦਾ ਨਹੀਂ, ਉਸ ਨੂੰ ਕਿਸ ਗੱਲ ਦਾ ਅਵਾਰਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੱਚਾਈ ਦਰਸਾਉਂਦਾ ਅਜਿਹਾ ਐਵਾਰਡ ਮਿਲਣ ‘ਤੇ ਪੰਜਾਬੀ ਬਹੁਤ ਖੁਸ਼ੀ ਮਨਾਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।