ਕਿਸੇ ਸਿਆਸੀ ਮੰਤਵ ਨਾਲ ਨਹੀਂ, ਸਗੋਂ ਬੇਟੇ ਦੇ ਵਿਆਹ ਦਾ ਕਾਰਡ ਦੇਣ ਆਇਆ ਹਾਂ: ਜੇ.ਪੀ. ਨੱਢਾ
ਲੰਬੀ/ਮੰਡੀ ਕਿੱਲਿਆਂਵਾਲੀ, (ਮੇਵਾ ਸਿੰਘ) ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਉਨ੍ਹਾਂ ਦੀ ਰਿਹਾਇਸ਼ ਪਿੰਡ ਬਾਦਲ ਵਿਖੇ ਮਿਲਣ ਆਏ। ਭਾਜਪਾ ਪ੍ਰਧਾਨ ਸਾਬਕਾ ਮੁੱਖ ਮੰਤਰੀ ਸ੍ਰ: ਬਾਦਲ ਨਾਲ ਕਰੀਬ ਡੇਢ ਘੰਟਾ ਉਨ੍ਹਾਂ ਦੀ ਰਿਹਾਇਸ਼ ਪਿੰਡ ਬਾਦਲ ਵਿੱਚ ਮੌਜੂਦ ਰਹੇ ਅਤੇ ਦੁਪਹਿਰ ਦਾ ਖਾਣਾ ਵੀ ਸ੍ਰ:ਬਾਦਲ ਨਾਲ ਸਾਂਝਾ ਕੀਤਾ।
ਸਾਬਕਾ ਮੁੱਖ ਮੰਤਰੀ ਸ੍ਰ: ਬਾਦਲ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ.ਪੀ. ਨੱਢਾ ਨੇ ਆਖਿਆ ਕਿ ਉਹ ਅੱਜ ਸਾਬਕਾ ਮੁੱਖ ਮੰਤਰੀ ਨਾਲ ਕੋਈ ਸਿਆਸੀ ਮੀਟਿੰਗ ਕਰਨ ਨਹੀਂ ਆਏ ਸਨ, ਉਹ ਤਾਂ ਨਿੱਜੀ ਤੌਰ ਤੇ ਆਪਣੇ ਵੱਡੇ ਬੇਟੇ ਦੇ ਵਿਆਹ ਦਾ ਨਿਉਂਦਾ ਪੱਤਰ ਸ੍ਰੀ ਬਾਦਲ ਨੂੰ ਦੇਣ ਆਏ ਸਨ। ਉਨ੍ਹਾਂ ਪੱਤਰਕਾਰਾਂ ਵੱਲੋਂ ਕੀਤੇ ਤਿੱਖੇ ਸਿਆਸੀ ਸੁਆਲਾਂ ਦੇ ਜੁਆਬ ਵਿੱਚ ਸਿਰਫ ਏਨਾ ਹੀ ਕਿਹਾ ਕਿ ਉਨ੍ਹਾਂ ਦਾ ਸ੍ਰ ਬਾਦਲ ਨਾਲ ਉਸ ਵੇਲੇ ਦਾ ਪਰਿਵਾਰਕ ਰਿਸ਼ਤਾ ਹੈ,
ਜਦੋਂ ਉਹ ਪੰਜਾਬ ਦੇ ਭਾਜਪਾ ਪ੍ਰਧਾਨ ਸਨ। ਉਨ੍ਹਾਂ ਦੀ ਇਹੀ ਕੋਸ਼ਿਸ਼ ਹੈ ਕਿ ਅਕਾਲੀ/ਭਾਜਪਾ ਗਠਜੋੜ ਕਦੇ ਨਾ ਟੁੱਟੇ, ਅਤੇ ਲੰਬਾ ਸਮਾਂ ਚੱਲਦਾ ਰਹੇ। ਇਸ ਮੀਟਿੰਗ ਸਬੰਧੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਮੀਡੀਆ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਦੋਹਾਂ ਆਗੂਆਂ ਦੀ ਇਸ ਮੁਲਾਕਾਤ ਨੂੰ ਲੈ ਕੇ ਮੀਡੀਆ ਤੇ ਸਿਆਸੀ ਗਲਿਆਰਿਆਂ ਅੰਦਰ ਪਿਛਲੇ ਦਿਨਾਂ ਤੋਂ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਸਨ। ਕਿਉਂਕਿ ਅਕਾਲੀ/ਭਾਜਪਾ ਦਾ ਗਠਜੋੜ ਕਰੀਬ ਪਿਛਲੇ 40 ਸਾਲਾਂ ਤੋਂ ਚੱਲ ਰਿਹਾ ਹੈ। ਬੀਤੇ ਸਮੇਂ ਦੌਰਾਨ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਵਿਰੋਧ ਵਿੱਚ ਚੋਣ ਲੜਨ ਕਰਕੇ ਚਿਰਾਂ ਤੋਂ ਚੱਲਿਆ ਆ ਰਿਹਾ ਸਿਆਸੀ ਰਿਸ਼ਤਾ ਤਿੜਕਦਾ ਨਜ਼ਰ ਆ ਰਿਹਾ ਸੀ।
ਪਿਛਲੇ ਸਮੇਂ ਦੌਰਾਨ ਭਾਜਪਾ ਦੇ ਖਾਸਕਰ ਸੂਬਾ ਪੱਧਰੀ ਆਗੂਆਂ ਵੱਲੋਂ ਕਿਹਾ ਜਾਣ ਲੱਗਿਆ ਸੀ ਕਿ ਭਾਜਪਾ ਹੁਣ ਪੰਜਾਬ ਅੰਦਰ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਘੱਟੋ ਘੱਟ 59 ਸੀਟਾਂ ‘ਤੇ ਚੋਣ ਲੜੇਗੀ ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨੂੰ 23 ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ, ਕਿ ਸ਼ਾਇਦ ਭਾਜਪਾ ਪੰਜਾਬ ਵਿਚ ਇਕੱਲਿਆਂ ਹੀ ਚੋਣ ਲੜੇ।
8 ਫਰਵਰੀ 2020 ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਪਹਿਲਾਂ ਵਾਂਗ ਇਕ ਵੀ ਸੀਟ ਆਪਣੇ ਸਹਿਯੋਗੀ ਪਾਰਟੀ ਅਕਾਲੀ ਦਲ ਬਾਦਲ ਨੂੰ ਨਹੀਂ ਦਿੱਤੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਗੱਲ ਤੋਂ ਖਫਾ ਵੀ ਹੋਏ, ਪਰੰਤੂ ਉਨ੍ਹਾਂ ਬਾਅਦ ਵਿੱਚ ਬਿਨਾਂ ਸ਼ਰਤ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੂੰ ਆਪਣੀ ਦਿੱਲੀ ਰਿਹਾਇਸ਼ ਵਿਚ ਸੱਦ ਕੇ ਹਮਾਇਤ ਦਾ ਐਲਾਨ ਕਰ ਦਿੱਤਾ।
ਇਸ ਤੋਂ ਬਾਅਦ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੂਧੇ ਮੂੰਹ ਡਿੱਗੀ ਭਾਜਪਾ ਨੂੰ ਅਕਾਲੀ ਦਲ ਦਾ ਇਕ ਵਾਰ ਫਿਰ ਹੇਜ ਜਾਗ ਪਿਆ, ਜਿਸ ਕਰਕੇ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ, ਪੰਜਾਬ ਪ੍ਰਧਾਨ ਅਸ਼ਵਨੀ ਸਰਮਾ ਤੇ ਪਾਰਟੀ ਦੇ ਸੈਂਕੜੇ ਵਰਕਰਾਂ ਸਮੇਤ ਆਪਣੇ ਵੱਡੇ ਬੇਟੇ ਦੇ ਵਿਆਹ ਦਾ ਕਾਰਡ ਦੇਣ ਦੇ ਬਹਾਨੇ ਸ੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਆਉਣ ਲਈ ਮਜ਼ਬੂਰ ਹੋਣਾ ਪਿਆ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਵਣਵਾਲਾ, ਗੁਰਬਖਸੀਸ ਸਿੰਘ ਵਿੱਕੀ ਮਿੱਡੂਖੇੜਾ, ਨਿਸ਼ਾਨ ਸਿੰਘ ਚੇਅਰਮੈਨ, ਕੁਲਵਿੰਦਰ ਸਿੰਘ ਕਾਕਾ ਭਾਈ ਕਾ ਕੇਰਾ, ਬਲਕਰਨ ਸਿੰਘ, ਗੁਰਚਰਨ ਸਿੰਘ ਦੋਨੋਂ ਓ.ਐਸ.ਡੀ., ਰਣਜੋਧ ਸਿੰਘ ਲੰਬੀ, ਨੀਟੂ ਤੱਪਾਖੇੜਾ ਆਦਿ ਮੌਜੂਦ ਸਨ।
ਨੱਢਾ ਨਾਲ ਆਏ ਭਾਜਪਾ ਆਗੂ ਬਾਦਲ ਦੀ ਰਿਹਾਇਸ਼ ਅੰਦਰ ਦਾਖਲ ਨਾ ਹੋ ਸਕੇ
ਜੇ.ਪੀ. ਨੱਡਾ ਦੇ ਸਵਾਗਤ ਲਈ ਪਿੰਡ ਬਾਦਲ ਵਿਖੇ ਸਿਰਫ ਤੇ ਸਿਰਫ ਭਾਜਪਾ ਵਰਕਰ ਮੌਜੂਦ ਸਨ, ਜਦੋਂ ਕਿ ਹਲਕਾ ਲੰਬੀ ਦੇ ਪਿੰਡਾਂ ਤੋਂ 2-4 ਅਕਾਲੀ ਆਗੂਆਂ ਨੂੰ ਛੱਡ ਕੇ ਹੋਰ ਕੋਈ ਅਕਾਲੀ ਆਗੂ ਜਾਂ ਵਰਕਰ ਇਸ ਸਮੇਂ ਪਿੰਡ ਬਾਦਲ ਵਿਖੇ ਨਜ਼ਰ ਨਹੀਂ ਆਇਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਸੁਰੱਖਿਆ ਅਧਿਕਾਰੀਆਂ ਵੱਲੋਂ ਮੀਡੀਆ ਸਮੇਤ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਅੰਦਰ ਦਾਖਲ ਨਹੀਂ ਹੋਣ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।