ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਮੌਕੇ ਸ਼ਰਾਬਬੰਦੀ ਕਰਨ ਦਾ ਜਸ ਨਹੀਂ ਖੱਟ ਸਕੀ ਸਰਕਾਰ

ਸਰਕਾਰ ਲਈ ਲੋਕਾਂ ਦੀ ਥਾਂ ਖਜ਼ਾਨਾ ਜ਼ਿਆਦਾ ਜ਼ਰੂਰੀ

ਬਠਿੰਡਾ, (ਸੁਖਜੀਤ ਮਾਨ) ‘ਸ਼ਰਾਬ ਪੀ ਕੇ ਕਿਸੇ ਦਾ ਘਰ ਪੱਟਿਆ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਸਰਕਾਰ ਦਾ ਖਜ਼ਾਨਾ ਤਾਂ ਸ਼ਰਾਬ ਹੀ ਭਰ ਰਹੀ ਹੈ” ਸ਼ਾਇਦ ਇਸੇ ਗੱਲ ਨੂੰ ਧਾਰਕੇ ਸਰਕਾਰ ਸ਼ਰਾਬ ਨੂੰ ਬੰਦ ਕਰਨ ਬਾਰੇ ਸੋਚ ਹੀ ਨਹੀਂ ਰਹੀ  ਜਦੋਂ ਸੱਤਾ ਦੀ ਚਾਬੀ ਹੱਥਾਂ ‘ਚ ਨਹੀਂ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਪਵਿੱਤਰ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤਾ ਪੰਜਾਬ ਦੀ ਬਰਬਾਦੀ ਦਾ ਕਾਰਨ ਹੀ ਮੰਨਿਆ ਜਾ ਸਕਦਾ ਹੈ ਕਿ ਸਰਕਾਰਾਂ ਸ਼ਰਾਬ ਨੂੰ ਤਾਂ ਨਸ਼ਾ ਵੀ ਨਹੀਂ ਮੰਨਦੀਆਂ

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਕਈ ਧਾਰਮਿਕ ਸਮਾਗਮ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਪਰ ਇਸ ਪਵਿੱਤਰ ਮੌਕੇ ‘ਤੇ ਪੰਜਾਬ ਨੂੰ ਸ਼ਰਾਬਬੰਦੀ ਵਾਲਾ ਸੂਬਾ ਐਲਾਨਿਆ ਜਾਂਦਾ ਤਾਂ ਸ਼ਰਾਬ ਨਾਲ ਪੱਟੇ ਜਾਂਦੇ ਲੱਖਾਂ ਘਰ ਬਚ ਜਾਣੇ ਸੀ ਪਰ ਮਸਲਾ ਲੋਕਾਂ ਦਾ ਨਹੀਂ ਸਿਰਫ ਖਜ਼ਾਨੇ ਨਾਲ ਜੁੜਿਆ ਹੋਇਆ ਹੈ

ਵੇਰਵਿਆਂ ਮੁਤਾਬਿਕ ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ‘ਚ ਸਿਹਤ ਸਹੂਲਤਾਂ ਲਈ ਡਿਸਪੈਂਸਰੀ ਭਾਵੇਂ ਨਹੀਂ ਹੈ ਪਰ ਸ਼ਰਾਬ ਦਾ ਠੇਕਾ ਜ਼ਰੂਰ ਹੈ ਪਿੰਡਾਂ ਤੇ ਸ਼ਹਿਰਾਂ ‘ਚੋਂ ਹੁੰਦੀਆਂ ਚੋਰੀਆਂ ਲਈ ਪੁਲਿਸ ਗਸ਼ਤ ਘੱਟ ਹੈ ਜਦੋਂਕਿ ਸ਼ਰਾਬ ਠੇਕੇਦਾਰਾਂ ਦੀਆਂ ਗੱਡੀਆਂ ‘ਚ ਮੁਲਾਜ਼ਮ ਘੁੰਮਦੇ ਹਨ ਸ਼ਰਾਬ ਦੀ ਵਰਤੋਂ ਕਾਰਨ ਅਨੇਕਾਂ ਘਰ ਤਬਾਹ ਹੋ ਗਏ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਤਰਕ ਹੈ ਕਿ ਘਰੇਲੂ ਲੜਾਈ ਝਗੜਿਆਂ ‘ਚ ਅਜਿਹੇ ਬਹੁਤ ਮਾਮਲੇ ਹੁੰਦੇ ਹਨ ਜਿਸ ‘ਚ ਪਤਨੀਆਂ ਆਪਣੇ ਪਤੀਆਂ ਨੂੰ ਸ਼ਰਾਬ ਪੀਣ ਤੋਂ ਰੋਕਦੀਆਂ ਨੇ ਪਰ ਉਹ ਸ਼ਰਾਬ ਛੱਡਣ ਦੀ ਥਾਂ ਪਤਨੀ ਨੂੰ ਛੱਡਣ ਦੀਆਂ ਧਮਕੀਆਂ ਦੇ ਕੇ ਕੁੱਟ ਸੁੱਟਦੇ ਹਨ

ਟ੍ਰੈਫਿਕ ਦੀ ਸਖਤੀ ਦੌਰਾਨ ਮੁਲਾਜ਼ਮ ਅਲਕੋਮੀਟਰ ਰਾਹੀਂ ਚੈੱਕ ਕਰਦੇ ਨੇ ਕਿ ਵਾਹਨ ਚਾਲਕ ਦੀ ਸ਼ਰਾਬ ਤਾਂ ਨਹੀਂ ਪੀਤੀ ਹੋਈ ਪਰ ਮਨਾਹੀ ਦੇ ਬਾਵਜੂਦ ਮੁੱਖ ਸੜਕਾਂ ‘ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਬੰਦ ਨਹੀਂ ਕਰਵਾਏ ਜਾ ਰਹੇ ਇੱਕ ਅਧਿਐਨ ਮੁਤਾਬਿਕ ਪੰਜਾਬ ਐਕਸਾਈਜ਼ ਪਾਲਿਸੀ ਤਹਿਤ ਸਰਕਾਰ ਤਾਂ ਸ਼ਰਾਬ ਦੀ ਹੋਮ ਡਲਿਵਰੀ ਸ਼ੁਰੂ ਕਰਨ ਲਈ ਵੀ ਵਿਚਾਰ ਕਰ ਰਹੀ ਹੈ ਜਿਸਦੀ ਸ਼ੁਰੂਆਤ ਤਜ਼ਰਬੇ ਵਜੋਂ ਮੋਹਾਲੀ ਤੋਂ ਕਰਨ ਦਾ ਪਤਾ ਲੱਗਿਆ ਹੈ

ਸਰਕਾਰ ਦੀ ਪੰਜਾਬੀਆਂ ਨੂੰ ਸ਼ਰਾਬੀ ਬਣਾਉਣ ਦੀ ਨੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਰਕਾਰ ਨੇ ਇਸ ਵਰ੍ਹੇ ਐਕਸਾਈਜ਼ ਨੀਤੀ ਜ਼ਰੀਏ ਕਮਾਈ ਦਾ ਟੀਚਾ ਪਹਿਲਾਂ ਨਾਲੋਂ ਵੀ ਵੱਧ ਰੱਖਿਆ ਹੈ ਅਗਾਂਹਵਧੂ ਸੋਚ ਵਾਲੀਆਂ ਜੋ 58 ਪੰਚਾਇਤਾਂ ਆਪਣੇ ਪਿੰਡਾਂ ‘ਚੋਂ ਸ਼ਰਾਬ ਦੇ ਠੇਕੇ ਬੰਦ ਕਰਨੀਆਂ ਚਾਹੁੰਦੀਆਂ ਸਨ ਉਨ੍ਹਾਂ ‘ਚੋਂ ਵੱਡੀ ਗਿਣਤੀ ਪੰਚਾਇਤਾਂ ਦੇ ਤਾਂ ਮਤੇ ਹੀ ਰੱਦ ਕਰ ਦਿੱਤੇ ਜਦੋਂਕਿ ਸਿਰਫ 7 ਮਤੇ ਹੀ ਪ੍ਰਵਾਨ ਹੋਏ ਹਨ

ਸ਼ਰਾਬ ਸਮੇਤ ਸਭ ਨਸ਼ਿਆਂ ਦੀ ਹੋਵੇ ਮੁਕੰਮਲ ਪਾਬੰਦੀ : ਗਰਗ

ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਨਾਲ ਜੁੜੇ ਹੋਏ ਵਿਦਵਾਨ ਡਾ. ਪਿਆਰੇ ਲਾਲ ਗਰਗ ਆਖਦੇ ਨੇ ਕਿ ਪੰਜਾਬ ਸਰਕਾਰ ਨੇ 550 ਸਾਲਾ ਮੌਕੇ ਕਈ ਪ੍ਰੋਗਰਾਮ ਤਾਂ ਕਰਵਾਏ ਪਰ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਤਾਂ ਸ਼ਰਾਬ ਆਪਣੇ ਆਪ ਬੰਦ ਹੋ ਜਾਣੀ ਸੀ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਤੰਬਾਕੂ ਤੇ ਸ਼ਰਾਬ ਸਮੇਤ ਹੋਰ ਸਾਰੇ ਨਸ਼ਿਆਂ ‘ਤੇ ਮੁਕੰਮਲ ਪਾਬੰਦੀ ਲਾਉਣੀ ਚਾਹੀਦੀ ਹੈ

ਸ਼ਰਾਬਬੰਦੀ ਵਾਲੇ ਮਤੇ ਪ੍ਰਵਾਨ ਨਾ ਕਰਨਾ ਗਲਤ ਗੱਲ : ਪ੍ਰਿੰ. ਬੁੱਧਰਾਮ

ਆਮ ਆਦਮੀ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਵਿਧਾਇਕ ਅਤੇ ਪੰਜਾਬ ਇਕਾਈ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਦਾ ਕਹਿਣਾ ਹੈ ਕਿ ਜਿੰਨ੍ਹਾਂ ਪੰਚਾਇਤਾਂ ਨੇ ਆਪਣੇ ਪਿੰਡਾਂ ‘ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਸਬੰਧੀ ਮਤੇ ਪਾਏ ਸੀ ਉਨ੍ਹਾਂ ‘ਚੋਂ ਵੱਡੀ ਗਿਣਤੀ ਮਤੇ ਪ੍ਰਵਾਨ ਨਾ ਕਰਨਾ ਗਲਤ ਗੱਲ ਹੈ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਦੇ ਕੋਟੇ ‘ਚ ਕਟੌਤੀ ਕਰਨੀ ਸ਼ੁਰੂ ਕੀਤੀ ਜਾਵੇ ਤਾਂ ਜੋ ਇਹ ਬੰਦ ਹੋ ਸਕੇ ਪਰ ਇੱਥੇ ਉਲਟਾ ਕੋਟਾ ਵਧਾਇਆ ਜਾ ਰਿਹਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।