ਸੂਬਾ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ ਵਿੱਚ ਪ੍ਰਬੰਧਕੀ ਡਾਇਰੈਕਟਰ ਨੇ ਜ਼ਾਹਿਰ ਕੀਤੀ ਚਿੰਤਾ
ਕਿਸਾਨਾਂ ਦੀ ਦੁੱਗਣੀ ਆਮਦਨ 2022 ਤੱਕ ਪੰਜਾਬ ਵਿੱਚ ਤਾਂ ਮੁਸ਼ਕਿਲ, ਰੋਡ ਮੈਪ ਜਰੂਰੀ, ਜਿਹੜਾ ਕਿ ਸਰਕਾਰਾਂ ਨੇ ਬਣਾਉਣਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦਾ ਨੌਜਵਾਨ ਖੇਤੀਬਾੜੀ ਕਰਨ ਦੀ ਥਾਂ ‘ਤੇ ਵਿਦੇਸ਼ਾਂ ਵੱਲ ਭੱਜ ਰਿਹਾ ਹੈ, ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਨਵੇਂ ਖੇਤੀਬਾੜੀ ਲੋਨ ਲੈਣ ਵਾਲੇ ਹੀ ਬੈਂਕਾਂ ਕੋਲ ਨਹੀਂ ਆ ਰਹੇ ਹਨ। ਇਸ ਸਮੇਂ ਜਿਹੜੇ ਖੇਤੀਬਾੜੀ ਲੋਨ ਚਲ ਰਹੇ ਹਨ, ਉਹ ਹੀ ਹਰ ਛਿਮਾਹੀ ਦੁਬਾਰਾ ਦਿੱਤੇ ਜਾ ਰਹੇ ਹਨ, ਜਦੋਂ ਕਿ ਅੱਜ ਦੇ ਨੌਜਵਾਨ ਨੂੰ ਖੇਤੀਬਾੜੀ ਦੇ ਕਿੱਤੇ ਨੂੰ ਅਪਣਾਉਂਦੇ ਹੋਏ ਅੱਗੇ ਆਉਣਾ ਪਏਗਾ। ਜੇਕਰ ਇੰਜ ਨਹੀਂ ਹੋਇਆ ਤਾਂ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿੱਚ ਖੇਤੀਬਾੜੀ ਖ਼ਤਮ ਹੋ ਜਾਏਗੀ ਅਤੇ ਜ਼ਿਆਦਾਤਰ ਉਦਯੋਗ ਹੀ ਰਹਿ ਜਾਏਗਾ, ਜਿਸ ਦਾ ਸਿੱਧਾ ਅਸਰ ਪੰਜਾਬ ‘ਤੇ ਹੀ ਪਏਗਾ।
ਇਥੇ ਹੀ ਕੇਂਦਰ ਸਰਕਾਰ ਵਲੋਂ ਹੁਣ ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਰੋਡਮੈਪ ਤਿਆਰ ਨਹੀਂ ਕੀਤਾ ਗਿਆ ਹੈ, ਜਿਸ ਹਿਸਾਬ ਨਾਲ 2022 ਤੱਕ ਕਿਸੇ ਵੀ ਹਾਲਤ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕੀਤੀ ਜਾ ਸਕਦੀ ਹੈ। ਇਸ ਲਈ ਸਰਕਾਰਾਂ ਨੂੰ ਤੁਰੰਤ ਰੋਡਮੈਪ ਤਿਆਰ ਕਰਨਾ ਪਏਗਾ। ਪੰਜਾਬ ਦੀ ਕਿਸਾਨੀ ਦੀ ਇਹ ਚਿੰਤਾ ਸੂਬਾ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ ਵਿੱਚ ਜ਼ਾਹਿਰ ਕੀਤੀ ਗਈ। ਜਿਥੇ ਕਿ ਸਾਫ਼ ਕਰ ਦਿੱਤਾ ਗਿਆ ਕਿ ਹੁਣ ਤੱਕ ਪੰਜਾਬ ਵਿੱਚੋਂ ਇੰਡਸਟਰੀ ਖਤਮ ਹੋ ਰਹੀ ਸੀ, ਹੁਣ ਉਸੇ ਪੰਜਾਬ ਵਿੱਚੋਂ ਖੇਤੀਬਾੜੀ ਦਾ ਧੰਦਾ ਵੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ।
ਬੈਂਕਰਜ਼ ਕਮੇਟੀ ਦੀ ਮੀਟਿੰਗ ਦੌਰਾਨ ਜਦੋਂ ਕਿਸਾਨਾਂ ਦੀ ਆਮਦਨ ਅਤੇ ਲੋਨ ਦਾ ਮੁੱਦਾ ਆਇਆ ਤਾਂ ਇੱਕ ਪ੍ਰਾਈਵੇਟ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਕੋਸ਼ਸ਼ ਕਰ ਰਹੇ ਹਨ ਕਿ ਜਿਆਦਾ ਨਵੇਂ ਕਿਸਾਨਾਂ ਨੂੰ ਲੋਨ ਦੇ ਕੇ ਫਸਲ ਦੀ ਪੈਦਾਵਾਰ ਵੱਲ ਧਿਆਨ ਦਿੱਤਾ ਜਾਵੇ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਕੋਈ ਵੀ ਨੌਜਵਾਨ ਖੇਤੀਬਾੜੀ ਲਈ ਲੋਨ ਲੈਣ ਲਈ ਅੱਗੇ ਨਹੀਂ ਆ ਰਹੇ ਹਨ, ਇਥੇ ਹੀ ਪਿੰਡਾ ਦਾ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਿਹਾ ਹੈ, ਜਿਸ ਕਾਰਨ ਪੁਰਾਣੇ ਕਿਸਾਨ ਹੀ ਇਸ ਕਿੱਤੇ ਨੂੰ ਕਰ ਰਹੇ ਹਨ।
ਇਸ ਲਈ ਪਿੰਡਾ ਵਿੱਚ ਜਾ ਕੇ ਨੌਜਵਾਨਾ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ। ਇਥੇ ਹੀ ਆਮਦਨ ਦੁੱਗਣੀ ਕਰਨ ਦੇ ਮੁੱਦੇ ‘ਤੇ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕੀ ਡਾਇਰੈਕਟਰ ਆਰ. ਕੇ. ਯਾਦੂਵੰਸੀ ਨੇ ਮੀਟਿੰਗ ਦੌਰਾਨ ਕਿਹਾ ਕਿ ਕਿਸਾਨ ਦੀ ਆਦਮਨ 2022 ਤੱਕ ਦੁਗਣੀ ਕਰਨ ਦਾ ਟੀਚਾ ਕੇਂਦਰ ਸਰਕਾਰ ਵਲੋਂ ਮਿਥਿਆ ਗਿਆ ਹੈ ਪਰ ਇਸ ਦਾ ਰੋਡਮੈਪ ਕੀ ਹੈ ? ਇਸ ਆਮਦਨੀ ਨੂੰ ਕਿਵੇਂ ਦੁੱਗਣਾ ਕੀਤਾ ਜਾਏਗਾ, ਇਸ ਸਬੰਧੀ ਤਾਂ ਕੋਈ ਗਾਇਡਲਾਈਜ਼ ਤਾਂ ਹੋਣੀ ਚਾਹੀਦੀਆਂ ਹਨ ਪਰ ਹੁਣ ਤੱਕ ਰੋਡਮੈਪ ਤਿਆਰ ਨਾ ਹੋਣ ਕਰਕੇ ਉਨਾਂ ਨੂੰ ਨਹੀਂ ਲਗ ਰਿਹਾ ਹੈ ਕਿ ਆਦਮਨ ਦੁਗਣੀ ਕਰਨ ਵਰਗਾ ਟੀਚਾ ਪੂਰਾ ਹੋ ਸਕਦਾ ਹੈ।
ਮਿਲਾਵਟੀ ਦੁੱਧ ਪੀ ਰਹੇ ਹਨ ਲੋਕੀਂ, ਕੀ ਕਰ ਰਿਹਾ ਐ ਡੇਅਰੀ ਵਿਭਾਗ ?
ਬੈਂਕਰਜ਼ ਕਮੇਟੀ ਦੀ ਮੀਟਿੰਗ ਦੌਰਾਨ ਨਾਬਾਰਡ ਬੈਂਕ ਦੇ ਚੀਫ਼ ਜਨਰਲ ਮੈਨੇਜਰ ਜੇ.ਪੀ.ਐਸ. ਬਿੰਦਰਾ ਨੇ ਕਿਹਾ ਕਿ ਇਸ ਨਾਲ ਡੇਅਰੀ ਫਾਰਮ ਦੇ ਧੰਦੇ ਵਿੱਚੋਂ ਵੀ ਕਿਸਾਨ ਨਿਕਲ ਰਹੇ ਹਨ, ਜਿਸ ਕਾਰਨ ਦੁੱਧ ਦੀ ਸਪਲਾਈ ਘੱਟ ਅਤੇ ਡਿਮਾਂਡ ਜਿਆਦਾ ਹੋਣ ਕਰਕੇ ਮਿਲਾਵਟੀ ਦੁੱਧ ਪੰਜਾਬ ਦੇ ਆਮ ਲੋਕਾਂ ਨੂੰ ਪੀਣਾ ਪੈ ਰਿਹਾ ਹੈ, ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਇਸ ਪਾਸੇ ਪੰਜਾਬ ਦਾ ਡੇਅਰੀ ਵਿਭਾਗ ਕੁਝ ਵੀ ਨਹੀਂ ਰਿਹਾ। ਜਿਸ ਕਾਰਨ ਮਿਲਾਵਟੀ ਦੁੱਧ ਪੀਣ ਦੇ ਕਾਰਨ ਨੁਕਸਾਨ ਪੰਜਾਬ ਦੀ ਆਮ ਜਨਤਾ ਨੂੰ ਹੋ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।