ਡਿਨਰ ਪਾਰਟੀ ਦਾ, ਖਰਚਾ ਸਰਕਾਰ ਨੂੰ ਖਾਲੀ ਖਜਾਨੇ ਨੂੰ ਪਿਆ 2 ਲੱਖ 36 ਹਜ਼ਾਰ ਦਾ ਬੋਝ

ਅਮਰਿੰਦਰ ਸਿੰਘ ਨੇ 5 ਅਗਸਤ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕਾਂ ਨੂੰ ਦਿੱਤਾ ਸੀ ਡਿਨਰ

ਰਾਤ ਦੇ ਖਾਣੇ ਲਈ ਪੰਜਾਬ ਭਵਨ ਦੀ ਥਾਂ ਬਾਹਰੋ ਮੰਗਵਾਈ ਕੈਟਰਿੰਗ, 2000 ਰੁਪਏ ਪ੍ਰਤੀ ਥਾਲ਼ੀ ਕੀਤਾ ਭੁਗਤਾਨ

ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਸੁਆਲਾਂ ਦਾ ਜੁਆਬ ਦੇਣ ਲਈ ਸੱਦੀ ਗਈ ਸੀ ਡਿਨਰ ਮੀਟਿੰਗ

ਚੰਡੀਗੜ, (ਅਸ਼ਵਨੀ ਚਾਵਲਾ)। ਨਰਾਜ਼ ਕਾਂਗਰਸ ਦੇ ਵਿਧਾਇਕਾਂ ਨੂੰ ਮਨਾਉਣ ਅਤੇ ਸਦਨ ਵਿੱਚ ਹੀ ਆਪਣੇ ਮੰਤਰੀਆਂ ਨੂੰ ਨਾ ਘੇਰਨ ਸਬੰਧੀ ਅਮਰਿੰਦਰ ਸਿੰਘ ਦੀ ‘ਡਿਨਰ ਡਿਪਲੋਮੇਸੀ’ ਪੰਜਾਬ ਸਰਕਾਰ ਦੇ ਖ਼ਾਲੀ ਖਜਾਨੇ ‘ਤੇ ਭਾਰੀ ਪੈਂਦੀ ਨਜ਼ਰ ਆ ਰਹੀਂ ਹੈ, ਕਿਉਂਕਿ ਕਾਂਗਰਸ ਵਿਧਾਇਕ ਦਲ ਦੇ ਅੰਦਰੂਨੀ ‘ਡਿਨਰ ਡਿਪਲੋਮੇਸੀ’  ਦੇ ਬਿਲ ਦੀ ਅਦਾਇਗੀ ਵੀ ਸਰਕਾਰੀ ਖਜਾਨੇ ਤੋਂ ਕਰਵਾਈ ਗਈ ਹੈ। ਪੰਜਾਬ ਸਰਕਾਰ ਵਲੋਂ ਇਸ ‘ਡਿਨਰ ਡਿਪਲੋਮੇਸੀ’ ‘ਤੇ 2 ਲੱਖ 36 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਇਸ ‘ਡਿਨਰ ਡਿਪਲੋਮੇਸੀ’ ਵਿੱਚ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਸਣੇ ਕੁਲ 100 ਆਗੂਆਂ ਨੇ ਭਾਗ ਲਿਆ ਸੀ ਅਤੇ 2 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਖ਼ਰਚੇ ਨਾਲ ਕੁਲ ਬਿਲ 2 ਲੱਖ ਰੁਪਏ ਦਾ ਬਣਿਆ ਸੀ, ਜਿਸ ‘ਤੇ 18 ਫੀਸਦੀ ਜੀਐਸਟੀ ਲੱਗਣ ਦੇ ਕਾਰਨ 2 ਲੱਖ 36 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਵਿਧਾਨ ਸਭਾ ਦਾ 2 ਅਗਸਤ ਤੋਂ 6 ਅਗਸਤ ਲਈ ਤਿੰਨ ਦਿਨਾਂ ਸੈਸ਼ਨ ਸੱਦਿਆ ਗਿਆ ਸੀ। ਜਿਥੇ 2 ਅਗਸਤ ਨੂੰ ਵਿੱਛੜੀਆਂ ਰੂਹਾਂ ਨੂੰ ਸਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ 5 ਅਗਸਤ ਲਈ ਮੁਲਤਵੀ ਹੋ ਗਈ ਸੀ। 2 ਅਗਸਤ ਨੂੰ ਸਦਨ ਦੀ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਬਤੌਰ ਕਾਂਗਰਸ ਵਿਧਾਇਕ ਦਲ ਲੀਡਰ ਆਪਣੇ ਵਿਧਾਇਕਾਂ ਦੀ ਮੀਟਿੰਗ ਵਿਧਾਨ ਸਭਾ ਕੰਪਲੈਕਸ ਵਿਖੇ ਹੀ ਕੀਤੀ ਗਈ ਸੀ, ਜਿਥੇ ਕੁਝ ਵਿਧਾਇਕਾਂ ਵੱਲੋਂ ਆਪਣੀ ਹੀ ਸਰਕਾਰ ਦੇ ਮੰਤਰੀਆਂ ‘ਤੇ ਸੁਆਲ ਚੁੱਕਣ ਅਤੇ ਉਨਾਂ ਨੂੰ ਸਰਕਾਰ ਵਿੱਚ ਸਮਾਂ ਨਾ ਮਿਲਣ ਸਬੰਧੀ ਨਰਾਜ਼ਗੀ ਜ਼ਾਹਿਰ ਕੀਤੀ ਗਈ ਸੀ।

ਮੌਕੇ ‘ਤੇ ਹੀ ਅਮਰਿੰਦਰ ਸਿੰਘ ਵੱਲੋਂ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸੋਮਵਾਰ 5 ਅਗਸਤ ਨੂੰ ਰਾਤ ਦੇ ਖਾਣੇ ਲਈ ਸੱਦਾ ਦੇ ਦਿੱਤਾ ਸੀ ਤਾਂ ਕਿ ਰਾਤ ਦੇ ਖਾਣੇ ਦੌਰਾਨ ਹੀ ਕਾਂਗਰਸੀ ਵਿਧਾਇਕ ਆਪਣੀਆਂ ਸਾਰੀਆਂ ਗੱਲਾਂ ਮੁੱਖ ਮੰਤਰੀ ਸਣੇ ਮੰਤਰੀਆਂ ਨਾਲ ਕਰ ਸਕਣ।

ਪੰਜਾਬ ਭਵਨ ਵਿਖੇ ਸੱਦੀ ਗਈ ਇਹ ਮੀਟਿੰਗ ਅਮਰਿੰਦਰ ਸਿੰਘ ਵੱਲੋਂ ਬਤੌਰ ਕਾਂਗਰਸ ਵਿਧਾਇਕ ਦਲ ਲੀਡਰ ਹੀ ਸੱਦੀ ਗਈ ਸੀ ਅਤੇ ਇਸ ਤਰਾਂ ਦੀ ਹਰ ਮੀਟਿੰਗ ਜਾਂ ਫਿਰ ਖਾਣੇ ‘ਤੇ ਆਉਣ ਵਾਲੇ ਖ਼ਰਚੇ ਦੀ ਅਦਾਇਗੀ ਪਾਰਟੀ ਪੱਧਰ ‘ਤੇ ਹੀ ਕੀਤੀ ਜਾਂਦੀ ਹੈ ਅਤੇ ਇਸ ਦਾ ਸਰਕਾਰ ਜਾਂ ਫਿਰ ਸਰਕਾਰੀ ਖਜਾਨੇ ਨਾਲ ਕੋਈ ਵੀ ਸਰੋਕਾਰ ਨਹੀਂ ਹੁੰਦਾ ਹੈ।

ਪੰਜਾਬ ਭਵਨ ਵਿਖੇ ਕਾਂਗਰਸੀ ਵਿਧਾਇਕਾਂ ਦੀ ਆਓ ਭਗਤ ਲਈ ਬਕਾਇਦਾ ‘ਫੋਰ ਸੀਜ਼ਨ ਹੋਸਪੈਟਾਲਿਟੀ ਪ੍ਰਾਈਵੇਟ ਲਿਮਟਿਡ’ ਕੰਪਨੀ ਨੂੰ ਇੰਤਜ਼ਾਮ ਕਰਨ ਦਾ ਠੇਕਾ ਦਿੱਤਾ ਗਿਆ ਸੀ। ਇਸ ਪ੍ਰਾਈਵੇਟ ਕੰਪਨੀ ਵੱਲੋਂ 100 ਵਿਅਕਤੀਆਂ ਲਈ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀ ਅਤੇ ਪ੍ਰਤੀ ਥਾਲ਼ੀ 2 ਹਜ਼ਾਰ ਰੁਪਏ ਦਾ ਬਿਲ ਪ੍ਰਿੰਸੀਪਲ ਸਕੱਤਰ, ਆਮ ਅਤੇ ਰਾਜ ਪ੍ਰਬੰਧ ਵਿਭਾਗ ਪੰਜਾਬ ਸਰਕਾਰ ਦੇ ਨਾਂਅ ਹੀ ਜਾਰੀ ਕੀਤਾ ਗਿਆ। ਇਸ 2 ਲੱਖ 36 ਹਜ਼ਾਰ ਰੁਪਏ ਦੇ ਬਿੱਲ ਦੀ ਅਦਾਇਗੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪ੍ਰਾਈਵੇਟ ਸਕੱਤਰ ਵਲੋਂ ਵੈਰੀਫਾਈ ਕਰਨ ਤੋਂ ਬਾਅਦ ਕਰ ਦਿੱਤੀ ਗਈ।

ਸਰਕਾਰੀ ਅਧਿਕਾਰੀਆਂ ਕੋਲ ਨਹੀਂ ਕੋਈ ਜੁਆਬ

ਪ੍ਰਾਹੁਣਚਾਰੀ ਵਿਭਾਗ ਦੇ ਅਧਿਕਾਰੀਆਂ ਕੋਲ ਇਸ ਪ੍ਰਾਈਵੇਟ ਤੌਰ ‘ਤੇ ਦਿੱਤੇ ਗਏ ਡਿਨਰ ਦਾ ਖ਼ਰਚਾ ਸਰਕਾਰੀ ਖਜਾਨੇ ਤੋਂ ਕਰਵਾਉਣ ਸਬੰਧੀ ਕੋਈ ਵੀ ਜੁਆਬ ਨਹੀਂ ਦਿੱਤਾ ਜਾ ਰਿਹਾ ਹੈ। ਇਨਾਂ ਅਧਿਕਾਰੀਆਂ ਦਾ ਇਨਾਂ ਹੀ ਕਹਿਣਾ ਹੈ ਕਿ ਜਿਹੜਾ ਹੁਕਮ ਉਨਾਂ ਨੂੰ ਆਇਆ ਸੀ, ਉਨਾਂ ਨੇ ਉਸੇ ਹੁਕਮ ਅਨੁਸਾਰ ਪ੍ਰਾਈਵੇਟ ਕੰਪਨੀ ਰਾਹੀਂ ਰਾਤ ਦੇ ਖਾਣੇ ਦਾ ਇੰਤਜ਼ਾਮ ਕਰਵਾ ਦਿੱਤਾ ਸੀ ਅਧਿਕਾਰੀਆਂ ਨੇ ਮੰਨਿਆ ਕਿ ਇਹ ਡਿਨਰ ਅਮਰਿੰਦਰ ਸਿੰਘ ਵੱਲੋਂ ਸਿਰਫ਼ ਆਪਣੇ ਕਾਂਗਰਸੀ ਵਿਧਾਇਕਾਂ ਲਈ ਹੀ ਦਿੱਤਾ ਗਿਆ ਸੀ।

ਪੰਜਾਬ ਸਰਕਾਰ ਕੋਲ ਆਪਣੀ ਕੈਟਰਿੰਗ, ਖਰਚਾ ਆਉਂਦਾ ਸਿਰਫ਼ 40 ਹਜ਼ਾਰ

ਪੰਜਾਬ ਸਰਕਾਰ ਕੋਲ ਪੰਜਾਬ ਭਵਨ ਵਿਖੇ ਆਪਣੀ ਖ਼ੁਦ ਦੀ ਕੈਟਰਿੰਗ ਹੈ ਅਤੇ ਇੱਥੇ ਕੈਬਨਿਟ ਮੰਤਰੀਆਂ ਤੋਂ ਲੈ ਕੇ ਖ਼ੁਦ ਮੁੱਖ ਮੰਤਰੀ ਮੀਟਿੰਗ ਕਰਦੇ ਹੋਏ ਕਈ ਦਰਜਨਾਂ ਵਾਰੀ ਖਾਣਾ ਤੱਕ ਖਾ ਚੁੱਕੇ ਹਨ ਅਤੇ ਹਰ ਵਾਰ ਖਾਣੇ ਦਾ ਇੰਤਜ਼ਾਮ ਪੰਜਾਬ ਭਵਨ ‘ਚ ਪ੍ਰਾਹੁਣਚਾਰੀ ਵਿਭਾਗ ਵਲੋਂ ਹੀ ਕੀਤਾ ਜਾਂਦਾ ਹੈ। ਜੇਕਰ ਅਮਰਿੰਦਰ ਸਿੰਘ ਵਲੋਂ ਕਾਂਗਰਸੀ ਵਿਧਾਇਕਾਂ ਲਈ ਰਾਤ ਦੇ ਖਾਣੇ ਦਾ ਇੰਤਜ਼ਾਮ ਪੰਜਾਬ ਭਵਨ ਦੇ ਅਧਿਕਾਰੀਆਂ ਕਰਨ ਲਈ ਕਿਹਾ ਜਾਂਦਾ ਤਾਂ 100 ਵਿਅਕਤੀ ਲਈ 40 ਹਜ਼ਾਰ ਤੋਂ ਜਿਆਦਾ ਖ਼ਰਚ ਹੀ ਨਹੀਂ ਆਉਣਾ ਸੀ, ਜਦੋਂਕਿ ਇਸੇ 40 ਹਜ਼ਾਰ ਰੁਪਏ ਦੀ ਥਾਂ ‘ਤੇ ਪ੍ਰਾਈਵੇਟ ਕੰਪਨੀ ਰਾਹੀਂ 2 ਲੱਖ 36 ਹਜ਼ਾਰ ਰੁਪਏ ਦਾ ਖ਼ਰਚ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।